ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਲਿਆਉਂਦਿਆਂ ਜਾਨ ਗੁਆਉਣ ਵਾਲੇ ਕੋਰੋਨਾ ਯੋਧੇ ਦੇ ਪਰਿਵਾਰ ਦੀ CM ਮਾਨ ਨੇ ਫੜੀ ਬਾਂਹ
Saturday, Jun 10, 2023 - 01:08 AM (IST)

ਅਮਰਗੜ੍ਹ/ਮਲੇਰਕੋਟਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਵਿਡ ਮਹਾਮਾਰੀ ਦੌਰਾਨ ਡਿਊਟੀ ਨਿਭਾਉਂਦੇ ਸਮੇਂ ਫੌਤ ਹੋ ਚੁੱਕੇ ਪੀ.ਆਰ.ਟੀ.ਸੀ. ਦੇ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨਾਲ ਸਨੇਹ ਪ੍ਰਗਟ ਕਰਦੇ ਹੋਏ ਉਨ੍ਹਾਂ ਦੀ ਮਾਤਾ ਨੂੰ ਅੱਜ 50 ਲੱਖ ਰੁਪਏ ਦਾ ਚੈੱਕ ਸੌਂਪਿਆ। ਅੱਜ ਇੱਥੇ ਰੀਜਨਲ ਡਰਾਈਵਿੰਗ ਟ੍ਰੇਨਿੰਗ ਸੈਂਟਰ ਲੋਕਾਂ ਨੂੰ ਸਮਰਿਪਤ ਕਰਨ ਤੋਂ ਬਾਅਦ ਇਕ ਸਮਾਗਮ ਦੌਰਾਨ ਡਰਾਈਵਰ ਮਨਜੀਤ ਸਿੰਘ ਦੇ ਮਾਤਾ ਮਹਿੰਦਰ ਕੌਰ ਨੂੰ ਚੈੱਕ ਸੌਂਪਣ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੀ.ਆਰ.ਟੀ.ਸੀ. ਡਰਾਈਵਰ ਮਨਜੀਤ ਸਿੰਘ ਕੋਰੋਨਾ ਯੋਧੇ ਸਨ, ਜਿਨ੍ਹਾਂ ਨੇ ਲੋਕਾਂ ਦੀ ਸੇਵਾ ਕਰਦਿਆਂ ਜਾਨ ਨਿਛਾਵਰ ਕਰ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ - ਆਜ਼ਾਦੀ ਮਗਰੋਂ ਪਾਕਿਸਤਾਨ ’ਚੋਂ ਗਾਇਬ ਹੋ ਗਏ 18 ਫ਼ੀਸਦੀ ਹਿੰਦੂ, ਹਰ ਸਾਲ ਹਜ਼ਾਰ ਤੋਂ ਵੱਧ ਧੀਆਂ ਅਗਵਾ
ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਕੌਮੀ ਤਾਲਾਬੰਦੀ ਮੌਕੇ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਫਸੇ ਸ਼ਰਧਾਲੂਆਂ ਨੂੰ ਉਥੋਂ ਪੰਜਾਬ ਲਿਆਉਣ ਲਈ ਵਿਸ਼ੇਸ਼ ਡਿਊਟੀ ਕਰਦੇ ਹੋਏ ਸਮੇਂ ਮਨਜੀਤ ਸਿੰਘ ਦੀ 26 ਅਪ੍ਰੈਲ, 2020 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਹਾਲਾਂਕਿ, ਭਗਵੰਤ ਮਾਨ ਨੇ ਕਿਹਾ ਕਿ ਉਸ ਸਮੇਂ ਦੀ ਸਰਕਾਰ ਨੇ ਪਰਿਵਾਰ ਨੂੰ ਨਿਗੁਣੀ ਰਕਮ ਮੁਆਵਜੇ ਵਜੋਂ ਦੇਣ ਦੀ ਪੇਸ਼ਕਸ਼ ਕੀਤੀ ਸੀ ਜਿਸ ਕਰਕੇ ਆਮ ਆਦਮੀ ਪਾਰਟੀ ਨੇ ਸੂਬਾ ਪੱਧਰ ਉਤੇ ਪ੍ਰਦਰਸ਼ਨ ਕਰਦਿਆਂ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਸ਼ੈਰੀ ਮਾਨ ਨੇ ਕੀਤਾ ਗਾਇਕੀ ਛੱਡਣ ਦਾ ਫ਼ੈਸਲਾ! ਸੋਸ਼ਲ ਮੀਡੀਆ 'ਤੇ ਲਿਖੀਆਂ ਇਹ ਗੱਲਾਂ
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਆਰੰਭੀ ਗਈ ਸੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਰਿਵਾਰ ਨੂੰ ਮੁਆਵਜ਼ੇ ਦਾ ਚੈੱਕ ਸੌਂਪ ਕੇ ਕੀਤਾ ਵਾਅਦਾ ਅੱਜ ਪੂਰਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਸ ਸਮੇਂ ਭਗਵੰਤ ਮਾਨ ਦੀ ਅਗਵਾਈ ਵਿਚ 'ਆਪ' ਨੇ ਕਾਂਗਰਸ ਸਰਕਾਰ ਦੇ ਬੇਰੁਖ਼ੀ ਵਾਲੇ ਰਵੱਈਏ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਰਹਿਣ ਵਾਲੇ 38 ਸਾਲਾ ਡਰਾਈਵਰ ਦੇ ਪਰਿਵਾਰ ਲਈ 50 ਲੱਖ ਰੁਪਏ ਦੀ ਮੰਗ ਕੀਤੀ ਸੀ।