ਫੋਗਾਟ ਦੇ ਕਟਵਾਏ ਜਾ ਸਕਦੇ ਸੀ ਵਾਲ, CM ਮਾਨ ਨੇ ਚੁੱਕੇ ਵੱਡੇ ਸਵਾਲ

Thursday, Aug 08, 2024 - 06:42 PM (IST)

ਨਵੀਂ ਦਿੱਲੀ- ਪੈਰਿਸ ਓਲੰਪਿਕ 'ਚ ਭਾਰਤੀ ਰੈਸਲਰ ਵਿਨੇਸ਼ ਫੋਗਾਟ ਨੂੰ ਬੁੱਧਵਾਰ ਨੂੰ 100 ਗ੍ਰਾਮ ਭਾਰ ਵਾਧੂ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਜਿਸ ਕਾਰਨ ਦੇਸ਼ ਸੋਨ ਤਮਗੇ ਤੋਂ ਖੁੰਝ ਗਿਆ। ਇਸ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਸਵਾਲ ਚੁੱਕੇ ਹਨ। 

'ਕੋਚ ਤੇ ਫਿਜ਼ੀਓਥੈਰੇਪਿਸਟ ਕੀ ਕਰ ਰਹੇ ਸਨ'

ਵੀਰਵਾਰ ਨੂੰ ਦਿੱਲੀ ਦੇ ਆਈ.ਜੀ.ਆਈ. ਏਅਰਪੋਰਟ ਟਰਮੀਨਲ-3 ਵਿਖੇ ਸੁਵਿਧਾ ਕੇਂਦਰ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੱਲ੍ਹ ਮੈਂ ਫੋਗਟ ਦੇ ਘਰ ਗਿਆ ਸੀ। ਉੱਥੇ ਮੈਂ ਉਸਦੇ ਚਾਚਾ ਮਹਾਵੀਰ ਫੋਗਾਟ ਨਾਲ ਗੱਲ ਕੀਤੀ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇੱਕ ਓਲੰਪਿਕ ਸੋਨ ਤਮਗਾ ਜੋ ਸਾਡੇ ਹੱਥਾਂ ਵਿੱਚ ਸੀ, ਖੋਹ ਲਿਆ ਗਿਆ।

ਸੀ.ਐੱਮ. ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਚ ਮਹਾਵੀਰ ਨੇ ਇਕ ਗੱਲ ਦੱਸੀ ਕਿ ਜੇਕਰ ਉਹ ਪਹਿਲਾਂ ਹੀ ਵਜ਼ਨ ਕਰ ਲੈਂਦੇ ਤਾਂ ਸ਼ਾਇਦ ਇਸ ਨੂੰ ਕਵਰ ਕੀਤਾ ਜਾ ਸਕਦਾ ਸੀ। ਪਲੇਅਰਾਂ ਕੋਲ ਵਜ਼ਨ ਤੋਲਨ ਵਾਲੀਆਂ ਮਸ਼ੀਨਾਂ ਹੁੰਦੀਆਂ ਹਨ। ਇਹ ਗਲਤੀਆਂ ਇੰਨੇ ਵੱਡੇ ਪੱਧਰ 'ਤੇ ਕਿਵੇਂ ਹੋ ਸਕਦੀਆਂ ਹਨ।  

'200 ਗ੍ਰਾਮ ਦੇ ਤਾਂ ਸਿਰਫ਼ ਵਾਲ ਹੀ ਸਨ'

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, ਪਤਾ ਨਹੀਂ ਕਿ ਉੱਥੇ ਮੌਜੂਦ ਕੋਚ ਅਤੇ ਫਿਜ਼ੀਓਥੈਰੇਪਿਸਟ ਨੇ ਕੀ ਕੀਤਾ ਹੈ। ਗੱਲ ਸਿਰਫ਼ 100 ਗ੍ਰਾਮ ਭਾਰ ਦੀ ਹੀ ਸੀ। ਉਸ ਦੇ ਵਾਲ ਵੀ ਕੱਟੇ ਜਾ ਸਕਦੇ ਸਨ। 200 ਗ੍ਰਾਮ ਦੇ ਤਾਂ ਉਸ ਦੇ ਵਾਲ ਹੀ ਸਨ।

ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਅਸੀਂ ਖੇਡ ਤੋਂ ਵਾਂਝੇ ਰਹਿ ਗਏ। ਸੀ.ਐੱਮ. ਭਗਵੰਤ ਮਾਨ ਨੇ ਕਿਹਾ ਕਿ ਇਸ ਵਿਚ ਵਿਨੇਸ਼ ਦਾ ਕੋਈ ਕਸੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਾਊਂਡਿੰਗ ਟੀਮ ਦੀ ਜਾਂਚ ਹੋਣੀ ਚਾਹੀਦੀ ਹੈ।

ਟਰਮੀਨਲ 3 'ਤੇ ਪੰਜਾਬ ਹੈਲਪ ਸੈਂਟਰ ਖੋਲ੍ਹਿਆ ਗਿਆ

ਇਸ ਦੌਰਾਨ ਵੀਰਵਾਰ ਨੂੰ ਦਿੱਲੀ ਦੇ ਆਈ.ਜੀ.ਆਈ. ਏਅਰਪੋਰਟ ਟਰਮੀਨਲ-3 ਵਿਖੇ ਸੁਵਿਧਾ ਕੇਂਦਰ ਦਾ ਉਦਘਾਟਨ ਕਰਨ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਇੱਥੇ ਬਹੁਤ ਸਾਰੇ ਪੰਜਾਬੀ ਪਰਵਾਸੀ ਭਾਰਤੀ ਹਨ, ਜਿਨ੍ਹਾਂ ਨੂੰ ਸਫਰ ਕਰਨ ਸਮੇਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕਈ ਵਾਰ, ਉਹ ਆਪਣੀਆਂ ਉਡਾਣਾਂ ਮਿਸ ਕਰ ਦਿੰਦੇ ਹਨ, ਉਨ੍ਹਾਂ ਦਾ ਸਮਾਨ ਗੁਆਚ ਜਾਂਦਾ ਹੈ ਅਤੇ ਹੋਰ ਬਹੁਤ ਕੁਝ। ਅੱਜ ਅਸੀਂ ਟਰਮੀਨਲ-3 ਵਿਖੇ ਪੰਜਾਬ ਹੈਲਪ ਡੈਸਕ ਖੋਲ੍ਹਿਆ ਹੈ। ਜੇਕਰ ਕਿਸੇ ਨੂੰ ਰਵਾਨਗੀ ਵਿਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਸਹਾਇਤਾ ਲਈ ਇੱਥੇ ਆ ਸਕਦਾ ਹੈ।


Rakesh

Content Editor

Related News