ਸ੍ਰੀ ਕੀਰਤਪੁਰ ਸਾਹਿਬ ਪੁੱਜੇ CM ਭਗਵੰਤ ਮਾਨ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਇਕ ਹੋਰ ਟੋਲ ਪਲਾਜ਼ਾ ਕੀਤਾ ਬੰਦ

Saturday, Apr 01, 2023 - 02:41 PM (IST)

ਸ੍ਰੀ ਕੀਰਤਪੁਰ ਸਾਹਿਬ ਪੁੱਜੇ CM ਭਗਵੰਤ ਮਾਨ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਇਕ ਹੋਰ ਟੋਲ ਪਲਾਜ਼ਾ ਕੀਤਾ ਬੰਦ

ਸ੍ਰੀ ਕੀਰਤਪੁਰ ਸਾਹਿਬ (ਵੈੱਬ ਡੈਸਕ,ਬਾਲੀ, ਅਸ਼ਵਨੀ, ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਇਕ ਹੋਰ ਵੱਡੀ ਰਾਹਤ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚ ਕੇ ਨੱਕੀਆਂ ਟੋਲ ਪਲਾਜ਼ਾ ਬੰਦ ਕਰਵਾਇਆ।  ਇਸ ਮੌਕੇ ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਪੈਸੇ ਦੀ ਲੁੱਟ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜ਼ਾ ਬੰਦ ਹੋਣ ਕਾਰਨ ਇਕ ਦਿਨ ਦੇ 10 ਲੱਖ 20 ਹਜ਼ਾਰ ਰੁਪਏ ਦੀ ਬਚਤ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਕੰਪਨੀ ਦੀ ਜਾਂਚ ਦੌਰਾਨ ਟੋਲ ਪਲਾਜ਼ਿਆਂ ਤੋਂ ਹੈਰਾਨੀਜਨਕ ਲੁੱਟ ਸਾਹਮਣੇ ਆਈ ਹੈ। 

ਇਹ ਵੀ ਪੜ੍ਹੋ : ਭਾਜਪਾ ਦੇ 55 ਫ਼ੀਸਦੀ ਸੰਸਦ ਮੈਂਬਰ ਗੰਭੀਰ ਜੁਰਮਾਂ ਦੇ ਦੋਸ਼ੀ, ਰਾਹੁਲ ਗਾਂਧੀ ਨੂੰ ਹੀ ਜਾਣਬੁੱਝ ਕੇ ਬਣਾਇਆ ਨਿਸ਼ਾਨਾ: ਪ੍ਰਤਾਪ ਬਾਜਵਾ

ਭਗਵੰਤ ਮਾਨ ਨੇ ਕਿਹਾ ਕਿ ਕਈ ਵਾਰ ਕੰਪਨੀ ਨੇ ਐਗਰੀਮੈਂਟ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਸਾਡੇ ਕੋਲ 582 ਦਿਨਾਂ ਦੀ ਮਿਆਂਦ ਵਧਾਉਣ ਲਈ ਅਰਜ਼ੀ ਦਿੱਤੀ ਗਈ ਸੀ, ਜਿਸ ਨੂੰ ਖਾਰਿਜ ਕਰ ਦਿੱਤਾ ਗਿਆ ਹੈ। ਅੱਜ ਤੋਂ ਇਹ ਟੋਲ ਪਲਾਜ਼ਾ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ ਜਦਕਿ ਕੰਪਨੀ ਲਈ ਬੰਦ ਕਰ ਦਿੱਤਾ ਗਿਆ ਹੈ। ਮੈਂ ਹਰ ਰੋਜ਼ 4 ਤੋਂ 5 ਬਟਨ ਲੋਕਾਂ ਦੇ ਹੱਕ ਵਿਚ ਦੱਬਦਾ ਹਾਂ। ਹੁਣ ਤੱਕ ਕਈ ਗਾਰੰਟੀਆਂ ਪੰਜਾਬ ਸਰਕਾਰ ਵੱਲੋਂ ਪੂਰੀਆਂ ਕੀਤੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਹਲਕਾ ਅਨੰਦਪੁਰ ਸਾਹਿਬ ਦੇ ਵਿਧਾਇਕ ਹਰਜੋਤ ਸਿੰਘ ਬੈਂਸ, ਰੂਪਨਗਰ ਤੋਂ ‘ਆਪ’ ਦੇ ਵਿਧਾਇਕ ਦਿਨੇਸ਼ ਚੱਢਾ ਅਤੇ ਸ੍ਰੀ ਚਮਕੌਰ ਸਾਹਿਬ ਤੋਂ ‘ਆਪ’ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਵੀ ਹਾਜ਼ਰ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਵਾਲੇ ਪਿਛਲੀਆਂ ਸਰਕਾਰਾਂ ਦੀ ਮਿਲੀਭੁਗਤ ਨਾਲ ਲੋਕਾਂ ਦੀ ਨਾਜਾਇਜ਼ ਲੁੱਟ ਕਰ ਰਹੇ ਸਨ। ਉਥੇ ਹੀ ਕੈਪਟਨ ਅਤੇ ਅਕਾਲੀਆਂ 'ਤੇ ਰਗੜੇ ਲਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਕੈਪਟਨ ਦੀ ਸਰਕਾਰ ਵੇਲੇ ਲੱਗਿਆ ਸੀ ਅਤੇ 2014 ਵਿਚ ਅਕਾਲੀਆਂ ਵੇਲੇ ਬੰਦ ਹੋਣਾ ਸੀ, ਜਿਸ ਨੂੰ ਬੰਦ ਨਹੀਂ ਕੀਤਾ ਗਿਆ। ਫਿਰ ਬਾਅਦ ਵਿਚ 2017 ਵਿਚ ਵੀ ਕਾਂਗਰਸ ਦੀ ਸਰਕਾਰ ਨੂੰ ਇਹ ਟੋਲ ਪਲਾਜ਼ਾ ਬੰਦ ਕਰਨ ਦਾ ਮੌਕਾ ਆਇਆ ਸੀ ਜਦਕਿ ਫਿਰ ਵੀ ਬੰਦ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚਾਚੇ-ਭਤੀਜੇ ਦੀ ਮਿਲੀਭੁਗਤ ਨਾਲ ਹੀ ਇਸ ਨੂੰ ਬੰਦ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ, ਨੌਜਵਾਨਾਂ ਲਈ ਰੋਜ਼ਗਾਰ, ਮੁਫ਼ਤ ਬਿਜਲੀ, ਸਕੂਲਾਂ-ਕਾਲਜਾਂ ਦੇ ਕਾਇਆਕਲਪ ਸਮੇਤ ਹੋਰ ਗਾਰੰਟੀਆਂ ਦਿੱਤੀਆਂ ਸਨ। ਕਈ ਹੋਰ ਅਜਿਹੇ ਕੰਮ ਕੀਤੇ ਜਾ ਰਹੇ ਹਨ, ਜੋ ਗਾਰੰਟੀ ਦਾ ਹਿੱਸਾ ਨਹੀਂ ਸਨ ਪਰ ਇਹ ਸੂਬਾ ਸਰਕਾਰ ਦਾ ਫਰਜ਼ ਹੈ।

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਟੋਲ ਪਲਾਜ਼ਿਆਂ ’ਤੇ ਆਮ ਲੋਕਾਂ ਦੀ ਲੁੱਟ ਨੂੰ ਰੋਕਣਾ ਇਸ ਮੁਹਿੰਮ ਦਾ ਹੀ ਹਿੱਸਾ ਹੈ। ਉਨ੍ਹਾਂ ਲੋਕ ਸਭਾ ਵਿਚ ਇਹ ਮੁੱਦੇ ਉਠਾਏ ਸਨ ਅਤੇ ਹੁਣ ਜਦੋਂ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਹ ਇਹ ਟੋਲ ਨਾਕੇ ਬੰਦ ਕਰਵਾ ਰਹੇ ਹਨ। ਇਨ੍ਹਾਂ ਸੜਕਾਂ ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਆਪਣੇ ਕਬਜ਼ੇ ਵਿਚ ਲਿਆ ਜਾਵੇਗਾ ਅਤੇ ਇਨ੍ਹਾਂ ਦੀ ਸਮੇਂ ’ਤੇ ਮੁਰੰਮਤ ਤੇ ਮਜ਼ਬੂਤੀ ਨੂੰ ਯਕੀਨੀ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਟੋਲ ਪਲਾਜ਼ਾ ਦਾ ਸਮਝੌਤਾ ਕੈਪਟਨ ਸਰਕਾਰ ਦੇ ਸਮੇਂ 10 ਅਕਤੂਬਰ, 2006 ਨੂੰ ਹੋਇਆ ਸੀ ਅਤੇ ਸਾਢੇ 16 ਸਾਲਾਂ ਲਈ ਟੋਲ ਲਾਇਆ ਗਿਆ ਸੀ। ਇਹ ਟੋਲ ਅਕਾਲੀ-ਭਾਜਪਾ ਸਰਕਾਰ ਦੌਰਾਨ 20 ਨਵੰਬਰ 2007 ਨੂੰ ਚਾਲੂ ਹੋ ਗਿਆ ਸੀ ਅਤੇ ਸਮਝੌਤੇ ਅਨੁਸਾਰ ਪਹਿਲੀ ਮੁਰੰਮਤ ਦਾ ਕੰਮ 19 ਨਵੰਬਰ, 2013 ਨੂੰ ਕੀਤਾ ਜਾਣਾ ਸੀ।

ਭਗਵੰਤ ਮਾਨ ਨੇ ਕਿਹਾ ਕਿ ਸਮਕਾਲੀ ਅਕਾਲੀ ਸਰਕਾਰ ਨੇ ਸੂਬੇ ਅਤੇ ਇੱਥੋਂ ਦੇ ਲੋਕਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਕਾਰਨ ਤੈਅ ਤਾਰੀਖ਼ ਤੋਂ ਇਕ ਸਾਲ ਬਾਅਦ 1 ਨਵੰਬਰ, 2014 ਨੂੰ ਪ੍ਰੀਮਿਕਸ ਪਾਉਣ ਦਾ ਕੰਮ ਕੀਤਾ ਗਿਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਕੰਪਨੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਦੂਜਾ ਮੁਰੰਮਤ ਕਾਰਜ 19 ਨਵੰਬਰ, 2017 ਨੂੰ ਕੀਤਾ ਜਾਣਾ ਸੀ ਪਰ ਇਹ ਨਿਰਧਾਰਤ ਸਮੇਂ ਦੀ ਬਜਾਏ 1093 ਦਿਨਾਂ ਦੀ ਦੇਰੀ ਨਾਲ 16 ਨਵੰਬਰ, 2020 ਨੂੰ ਕੀਤਾ ਗਿਆ। ਇਸ ਦੇਰੀ ਦੇ ਨਾਲ ਜੁਰਮਾਨਾ ਲਾਉਣ ਦੀ ਕਾਰਵਾਈ ਕੀਤੀ ਜਾ ਸਕਦੀ ਸੀ ਅਤੇ ਇਸ ਨਾਲ ਏਜੰਸੀ ਨਾਲ ਸਮਝੌਤਾ ਖ਼ਤਮ ਹੋ ਸਕਦਾ ਸੀ ਪਰ ਕਿਸੇ ਨੇ ਵੀ ਇਸ ਦੇ ਵਿਰੁੱਧ ਕਾਰਵਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਲਾਪ੍ਰਵਾਹੀ ਕਾਰਨ ਅੱਜ ਕੰਪਨੀ ਵੱਲ ਸੂਬੇ ਦਾ 67 ਕਰੋੜ ਰੁਪਏ ਦਾ ਬਕਾਇਆ ਹੈ ਪਰ ਪਿਛਲੀਆਂ ਸਰਕਾਰਾਂ ਇਸ ਦੀ ਵਸੂਲੀ ਕਰਨ ਦੀ ਬਜਾਏ ਕੰਪਨੀ ਦਾ ਪੱਖ ਲੈਂਦੀਆਂ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਕੰਪਨੀ ਕਿਸਾਨ ਅੰਦੋਲਨ ਅਤੇ ਕੋਵਿਡ ਮਹਾਮਾਰੀ ਦੇ ਬਹਾਨੇ 582 ਦਿਨਾਂ ਦਾ ਸਮਾਂ ਵਧਾਉਣ ਦੀ ਮੰਗ ਕਰ ਰਹੀ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਇਸ ਤੋਂ ‍ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਪਰ ਪਿਛਲੀਆਂ ਸਰਕਾਰਾਂ ਦੇ ਕਿਸੇ ਵੀ ਨੇਤਾ ਨੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਨ੍ਹਾਂ ਇਸ ਕੰਪਨੀ ਦੇ ਹੱਕਾਂ ਦੀ ਰਾਖੀ ਲਈ ਕੰਮ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਸ੍ਰੀ ਆਨੰਦਪੁਰ ਸਾਹਿਬ, ਨੈਣਾ ਦੇਵੀ ਜੀ ਆਦਿ ਧਾਰਮਿਕ ਸਥਾਨਾਂ ਦੇ ਨਾਲ ਜੋੜਨ ਵਾਲੀ ਇਸ ਸੜਕ ਉੱਪਰੋਂ ਨਿਕਲਣ ਲਈ ਜਨਤਾ ਰੋਜ਼ਾਨਾ ਦੇ 10.12 ਲੱਖ ਰੁਪਏ ਖ਼ਰਚ ਕਰਦੀ ਸੀ। ਇਹ ਪੈਸਾ ਕੰਪਨੀ ਤੋਂ ਵਸੂਲ ਕਰ ਕੇ ਇਨ੍ਹਾਂ ਸੜਕਾਂ ਦੀ ਮੁਰੰਮਤ ਅਤੇ ਮਜ਼ਬੂਤੀ ’ਤੇ ਲਾਇਆ ਜਾਵੇਗਾ। ਜਨਤਾ ਦੀ ਇਸ ਸ਼ਰੇਆਮ ਲੁੱਟ ਵਿਚ ਜਿਨ੍ਹਾਂ ਨੇਤਾਵਾਂ ਤੇ ਅਧਿਕਾਰੀਆਂ ਦਾ ਹੱਥ ਹੈ, ਉਨ੍ਹਾਂ ਨੂੰ ਵੀ ਕਿਸੇ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਪਸ਼ਟ ਕਿਹਾ ਕਿ ਲੋਕਾਂ ਤੋਂ ਲੁੱਟਿਆ ਗਿਆ ਇਕ-ਇਕ ਪੈਸਾ ਇਨ੍ਹਾਂ ਤੋਂ ਹਰ ਤਰੀਕੇ ਨਾਲ ਵਸੂਲ ਕੀਤਾ ਜਾਵੇਗਾ। ਇਸ ਮੌਕੇ ’ਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਵੀ ਮੌਜੂਦ ਸਨ।

ਕੇਂਦਰ ਸਰਕਾਰ ਆਰ. ਡੀ. ਐੱਫ਼. ਦੇ 30 ਹਜ਼ਾਰ ਕਰੋੜ ਰੁਪਏ ਰੋਕ ਕੇ ਪੰਜਾਬ ਨੂੰ ਕਰ ਰਹੀ ਪ੍ਰੇਸ਼ਾਨ
ਮੁੱਖ ਮੰਤਰੀ ਨੇ ਇਸ ਮੌਕੇ ’ਤੇ ਇਹ ਵੀ ਐਲਾਨ ਕੀਤਾ ਕਿ ਕੇਂਦਰ ਸਰਕਾਰ ਵੱਲ ਬਕਾਇਆ ਪੇਂਡੂ ਵਿਕਾਸ ਫੰਡਾਂ (ਆਰ. ਡੀ. ਐੱਫ.) ਦਾ ਬਣਦਾ ਹਿੱਸਾ ਲੈਣ ਲਈ ਸੂਬਾ ਸਰਕਾਰ ਕਾਨੂੰਨੀ ਹੱਲ ਦਾ ਰਸਤਾ ਅਪਨਾਉਣ ਲਈ ਸੰਭਾਵਨਾਵਾਂ ਲੱਭ ਰਹੀ ਹੈ। ਕੇਂਦਰ ਸਰਕਾਰ ਬਿਨਾਂ ਵਜ੍ਹਾ ਪੰਜਾਬ ਦੇ ਪੇਂਡੂ ਵਿਕਾਸ ਫੰਡ ਦੇ 30 ਹਜ਼ਾਰ ਕਰੋਡ਼ ਰੁਪਏ ਰੋਕ ਕੇ ਸੂਬੇ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। 

ਮਹਿਲਾਂ ਵਾਲੇ ਮਿਲੇ ਨਹੀਂ: ਭਗਵੰਤ ਮਾਨ
ਬਗੈਰ ਨਾਮ ਲਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਹਿਲਾ ਵਾਲੇ ਪੰਜ ਸਾਲ ਲੋਕਾਂ ਨੂੰ ਮਿਲੇ ਹੀ ਨਹੀ ਜਿਨ੍ਹਾਂ ਦੀਆਂ ਉੱਚੀਆਂ ਦੀਵਾਰਾਂ, ਵੱਡੇ ਵੱਡੇ ਦਰਵਾਜੇ ਉਨ੍ਹਾਂ ਨੇ ਅੰਦਰੋਂ ਕੁੰਡੇ ਲਗਾਏ ਪਰ ਹੁਣ ਲੋਕਾਂ ਨੇ ਬਾਹਰੋਂ ਕੁੰਡੇ ਲੱਗਾ ਦਿਤੇ ਹਨ।

ਹਰਜੋਤ ਸਿੰਘ ਬੈਂਸ ਨੇ ਕੀਤਾ ਸਵਾਗਤੀ ਭਾਸ਼ਣ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਮੇਰੇ ਹਲਕੇ ਨੇ ਮੈਨੂੰ 82 ਹਜ਼ਾਰ ਵੋਟਾਂ ਵੱਧ ਪਾ ਕੇ ਵਿਧਾਨ ਸਭਾ ਵਿਚ ਭੇਜਿਆ, ਉਨ੍ਹਾਂ ਸਭ ਵੱਲੋਂ ਮੈ ਤੁਹਾਡਾ ਸਵਾਗਤ ਕਰਦਾ ਹਾਂ ਅਤੇ ਹੋਲੇ ਮੁਹੱਲੇ ਦੌਰਾਨ ਵਧੀਆ ਪ੍ਰਬੰਧ ਕਰਨ ਲਈ, ਨਿਜੀ ਦਿਲਚਸਪੀ ਲੈ ਕੇ ਜੋ ਮੀਟਿੰਗਾਂ ਕੀਤੀਆਂ ਅਤੇ ਟੋਲ ਪਲਾਜ਼ਾ ਨੱਕੀਆਂ ਬੰਦ ਕਰਨ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ, ਵਿਵੇਕ ਸ਼ੀਲ ਸੋਨੀ ਜ਼ਿਲ੍ਹਾ ਪੁਲਸ ਮੁੱਖੀ, ਹਰਮਿੰਦਰ ਸਿੰਘ ਢਾਹਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਰੂਪਨਗਰ, ਜਸਵੀਰ ਸਿੰਘ ਅਰੋੜਾ, ਕਮਿੱਕਰ ਸਿੰਘ ਡਾਢੀ ਆਦਿ ਹਾਜ਼ਰ ਸਨ।
 

ਇਹ ਵੀ ਪੜ੍ਹੋ : ਸ਼ਾਹਕੋਟ 'ਚ ਰੂਹ ਕੰਬਾਊ ਹਾਦਸਾ, 3 ਨੌਜਵਾਨਾਂ ਦੀ ਦਰਦਨਾਕ ਮੌਤ, ਇਕ ਦੀ ਵੱਖ ਹੋਈ ਬਾਂਹ ਤੇ ਇਕ ਦਾ ਖੁੱਲ੍ਹਿਆ ਦਿਮਾਗ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News