ਭੱਠੇ ਬੰਦ ਹੋਣ ਕਾਰਨ ਠੱਪ ਹੋਏ ਸੂਬੇ ਭਰ ਦੇ ਨਿਰਮਾਣ ਕਾਰਜ, ਰੇਤਾ-ਬੱਜਰੀ ਦੇ ਵਧ ਰਹੇ ਭਾਅ ਨੇ ਵੀ ਵਧਾਈ ਚਿੰਤਾ

Friday, Sep 16, 2022 - 03:45 PM (IST)

ਭੱਠੇ ਬੰਦ ਹੋਣ ਕਾਰਨ ਠੱਪ ਹੋਏ ਸੂਬੇ ਭਰ ਦੇ ਨਿਰਮਾਣ ਕਾਰਜ, ਰੇਤਾ-ਬੱਜਰੀ ਦੇ ਵਧ ਰਹੇ ਭਾਅ ਨੇ ਵੀ ਵਧਾਈ ਚਿੰਤਾ

ਚੰਡੀਗੜ੍ਹ : ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਭੱਠੇ ਬੰਦ ਪਏ ਹਨ। ਇਸ ਕਾਰਨ ਰੇਤਾ, ਬੱਜਰੀ ਦੇ ਭਾਅ 'ਚ ਵੀ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਸਿਰਫ਼ ਇੰਨੀ ਹੀ ਨਹੀਂ , ਰੇਤੇ ਦੀ ਨਵੀਂ ਖੁਦਾਈ ਦਾ ਕੰਮ ਵੀ ਲਟਕ ਗਿਆ ਹੈ। ਇਸ ਦਾ ਸਭ ਤੋਂ ਵਧ ਅਸਰ ਮਜ਼ਦੂਰਾਂ ਤੇ ਆਮ ਲੋਕਾਂ 'ਤੇ ਪਿਆ ਹੈ ਕਿਉਂਕਿ ਇਸ ਨਾਲ ਮਜ਼ਦੂਰ ਬੇਰੁਜ਼ਗਾਰੀ ਦੀ ਮਾਰ ਹੇਠਾਂ ਆ ਗਏ ਹਨ ਅਤੇ ਆਮ ਲੋਕ ਘਰਾਂ ਦੇ ਨਿਰਮਾਣ ਕਾਰਜਾਂ 'ਤੇ ਰੋਕ ਲਾਈ ਬੈਠੇ ਹਨ। ਭੱਠੇ ਬੰਦ ਹੋਣ ਕਾਰਨ ਸੂਬੇ 'ਚ ਚੱਲ ਰਿਹਾ ਉਸਾਰੀ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਾਣਕਾਰੀ ਮੁਤਾਬਕ ਸੂਬੇ 'ਚ ਕਰੀਬ 2600 ਭੱਠੇ ਹਨ, ਜਿਨ੍ਹਾਂ ਵਿੱਚੋਂ 1700 ਚਾਲੂ ਹਨ ਪਰ 12 ਸਤੰਬਰ ਤੋਂ ਸਾਰੇ ਭੱਠਾ ਮਾਲਕਾਂ ਨੇ ਭੱਠੇ ਬੰਦ ਕੀਤੇ ਹੋਏ ਹਨ ਅਤੇ ਹੜਤਾਲ ਕੱਲ੍ਹ ਤੱਕ ਜਾਰੀ ਰਹੇਗੀ। ਇਸ ਸੰਬੰਧੀ ਗੱਲ ਕਰਦਿਆਂ ਭੱਠਾ ਮਾਲਕਾਂ ਦੀ ਐਸੋਸੀਏਸ਼ਨ ਦੇ ਸੂਬਾ ਖ਼ਜ਼ਾਨਚੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੱਠਿਆ 'ਤੇ 12 ਫ਼ੀਸਦੀ ਜੀ.ਐੱਸ.ਟੀ. ਲਗਾ ਦਿੱਤਾ ਗਿਆ ਹੈ ਜੋ ਕਿ ਪਹਿਲਾਂ 6 ਫ਼ੀਸਦੀ ਸੀ। ਜਿਸ ਦਾ ਸਿੱਧਾ ਬੋਝ ਆਮ ਲੋਕਾਂ 'ਤੇ ਪਵੇਗਾ। ਇਸ ਕਾਰਨ ਉਨ੍ਹਾਂ ਵੱਲੋਂ ਇਹ ਹੜਤਾਲ ਕੀਤਾ ਗਈ ਹੈ ਤਾਂ ਜੋ ਲੋਕਾਂ ਨੂੰ ਇਸ ਬਾਬਤ ਜਾਣੂ ਕਰਵਾਇਆ ਜਾ ਸਕੇ। 

ਇਹ ਵੀ ਪੜ੍ਹੋ- ਬਠਿੰਡਾ 'ਚ DAV ਕਾਲਜ ਸਾਹਮਣੇ ਗੁੰਡਾਗਰਦੀ ਦਾ ਨੰਗਾ ਨਾਚ, ਬੇਰਹਿਮੀ ਨਾਲ ਨੌਜਵਾਨ ਦੀ ਕੁੱਟਮਾਰ (ਵੀਡੀਓ)

ਦੱਸ ਦੇਈਏ ਕਿ ਇਨ੍ਹਾਂ ਦਿਨਾਂ 'ਚ ਭੱਠਿਆਂ ਦਾ 'ਆਫ਼ ਸੀਜ਼ਨ' ਹੁੰਦਾ ਹੈ ਪਰ ਫਿਰ ਵੀ ਹਰੇਕ ਭੱਠੇ ਤੋਂ ਔਸਤਨ 10 ਹਜ਼ਾਰ ਇੱਟਾਂ ਦੀ ਵਿਕਰੀ ਹੁੰਦੀ ਹੈ। ਭੱਠੇ ਬੰਦ ਹੋਣ ਨਾਲ ਸ਼ਹਿਰੀ ਨਿਰਮਾਣ ਕਾਰਜਾਂ 'ਤੇ ਪ੍ਰਭਾਵ ਪੈਣ ਲੱਗ ਗਿਆ ਹੈ। ਜਾਣਕਾਰੀ ਮੁਤਾਬਕ ਪੇਂਡੂ ਵਿਕਾਸ ਦੇ ਜੋ ਸਰਕਾਰੀ ਕੰਮ ਚੱਲ ਰਹੇ ਸਨ, ਉਹ ਵੀ ਪੂਰੀ ਤਰ੍ਹਾਂ ਠੱਪ ਹੋ ਗਏ ਹਨ। ਦੱਸਣਯੋਗ ਹੈ ਕਿ ਪੰਜਾਬ 'ਚ ਇੱਟਾਂ ਦਾ ਭਾਅ ਇਸ ਵੇਲੇ ਵੀ 6200 ਰੁਪਏ ਤੋਂ ਲੈ ਕੇ 7000 ਰੁਪਏ ਪ੍ਰਤੀ ਹਜ਼ਾਰ ਹੈ। ਇਸ ਦਾ ਸਭ ਤੋਂ ਵੱਧ ਅਸਰ ਮੋਹਾਲੀ, ਜ਼ੀਰਕਪੁਰ ਅਤੇ ਰੋਪੜ ਦੇ ਇਲਾਕਿਆਂ 'ਚ ਨਜ਼ਰ ਆਇਆ ਹੈ। ਬੀਤੇ ਕੁਝ ਸਮੇਂ ਤੋਂ ਮੀਂਹ ਕਾਰਨ ਰੇਤਾ, ਬੱਜਰੀ ਦੀ ਮਾਈਨਿੰਗ 'ਤੇ ਲੱਗੀ ਰੋਕ ਦੇ ਕਾਰਣ ਵੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਪੰਜਾਬ-ਹਰਿਆਣਾ ਹਾਈਕੋਰਟ ਨੇ ਬੀਤੇ ਦਿਨ ਪੰਜਾਬ ਸਰਕਾਰ ਨੂੰ ਰੇਤਾਂ ਖੱਡਾਂ ਦੀ ਨਵੀਂ ਨਿਲਾਮੀ ਕੀਤੇ ਜਾਣ 'ਤੇ ਵੀ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਵਾਤਾਵਰਨ ਕਲੀਅਰੈਂਸ ਤੋਂ ਬਿਨਾਂ ਨਵੇਂ ਟੈਂਡਰ ਅਲਾਟ ਨਾ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਨਵੀਂ ਖ਼ੁਦਾਈ ਦਾ ਕੰਮ ਪਿਛੜਣ ਕਾਰਨ ਬਾਜ਼ਾਰ 'ਚ ਰੇਤ-ਬੱਜਰੀ ਦੀ ਘਾਟ ਆ ਸਕਦੀ ਹੈ , ਜਿਸ ਨਾਲ ਰੇਤਾ-ਬੱਜਰੀ ਦੇ ਭਾਅ ਵੀ ਵਧਣਗੇ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News