ਬੈਂਕ ''ਚ ਕੰਮ ਦੇ ਓਵਰਲੋਡ ਤੋਂ ਦੁਖੀ ਕਲਰਕ ਨੇ ਕੀਤੀ ਖੁਦਕੁਸ਼ੀ

11/16/2019 6:40:55 PM

ਕਪੂਰਥਲਾ (ਭੂਸ਼ਣ)— ਬੈਂਕ 'ਚ ਕੰਮ ਦੇ ਓਵਰਲੋਡ ਤੋਂ ਦੁਖੀ ਹੋ ਕੇ ਇਕ ਕਲਰਕ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਵੱਲੋਂ ਮੌਤ ਤੋਂ ਪਹਿਲਾਂ ਲਿਖੇ ਗਏ ਸੁਸਾਈਡ ਨੋਟ ਦੇ ਆਧਾਰ 'ਤੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਪੰਜਾਬ ਨੈਸ਼ਨਲ ਬੈਂਕ ਸਿਧਵਾ ਦੋਨਾ ਅਤੇ ਸਰਕਲ ਦਫਤਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 

ਜਾਣਕਾਰੀ ਅਨੁਸਾਰ ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਨੂੰ ਰੇਖਾ ਪਤਨੀ ਰਿੰਕੂ ਵਾਸੀ ਹਾਊਸ ਨੰਬਰ 22 ਸੈਨਿਕ ਸਕੂਲ ਕਪੂਰਥਲਾ ਨੇ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦਾ ਪਤੀ ਪੰਜਾਬ ਨੈਸ਼ਨਲ ਬੈਂਕ ਸਿਧਵਾ ਦੋਨਾ 'ਚ ਬਤੌਰ ਕਲਰਕ ਦੀ ਨੌਕਰੀ ਕਰਦਾ ਸੀ। ਉਸ ਦਾ ਪਤੀ ਆਪਣੀ ਬੈਂਕ ਬ੍ਰਾਂਚ 'ਚ ਸਟਾਫ ਦੀ ਕਮੀ ਕਾਰਨ ਬੇਹੱਦ ਤੰਗ ਪਰੇਸ਼ਾਨ ਰਹਿੰਦਾ ਸੀ ਅਤੇ ਆਮ ਤੌਰ ਉੱਤੇ ਕੰਮ ਦੇ ਓਵਰਲੋਡ ਕਾਰਨ ਘਰ ਦੇਰੀ ਤੋਂ ਆਉਂਦਾ ਸੀ। ਇਸ ਦੌਰਾਨ ਜਦੋਂ 14 ਨਵੰਬਰ 2019 ਦੀ ਰਾਤ ਤੱਕ ਉਸ ਦਾ ਪਤੀ ਡਿਊਟੀ ਤੋਂ ਘਰ ਵਾਪਸ ਨਹੀਂ ਆਇਆ ਤਾਂ ਉਸ ਨੇ ਆਪਣੇ ਪਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਫਿਰ ਉਹ ਕਿਸੇ ਨੂੰ ਨਾਲ ਲੈ ਕੇ ਆਪਣੇ ਦੂਜੇ ਮਕਾਨ ਇੰਦਰਾ ਵਿਹਾਰ ਕਲੋਨੀ 'ਚ ਗਈ ਤਾਂ ਉਸ ਨੇ ਆਪਣੇ ਪਤੀ ਨੂੰ ਰੱਸੀ ਨਾਲ ਲਟਕਦੇ ਹੋਏ ਪਾਇਆ। ਉਸ ਦੇ ਪਤੀ ਨੇ ਛੱਤ 'ਤੇ ਲੱਗੇ ਸਰੀਏ ਨਾਲ ਰੱਸੀ ਬੰਨ੍ਹ ਕੇ ਖੁਦਕੁਸ਼ੀ ਕਰ ਲਈ ਸੀ।  

ਜਿਸ ਦੌਰਾਨ ਉਸ ਦੇ ਪਤੀ ਦੀ ਜੇਬ ਤੋਂ ਇਕ ਸੁਸਾਈਡ ਨੋਟ ਮਿਲਿਆ। ਜਿਸ 'ਚ ਉਸ ਦੇ ਪਤੀ ਨੇ ਆਪਣੀ ਮੌਤ ਦਾ ਕਾਰਨ ਬੈਂਕ 'ਚ ਓਵਰਲੋਡ ਹੋਣਾ ਦੱਸਿਆ ਅਤੇ ਇਸ ਲਈ ਸਰਕਲ ਦਫਤਰ ਅਤੇ ਪੰਜਾਬ ਨੈਸ਼ਨਲ ਬੈਂਕ ਸਿਧਵਾ ਦੋਨਾ ਨੂੰ ਜ਼ਿੰਮੇਦਾਰ ਦੱਸਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਕਪੂਰਥਲਾ ਦੇ ਐੈੱਸ. ਐੈੱਚ. ਓ. ਇੰਸਪੈਕਟਰ ਦਰਸ਼ਨ ਸਿੰਘ ਪੁਲਸ ਟੀਮ ਨਾਲ ਮੌਕੇ 'ਤੇ ਪੁੱਜੇ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮ੍ਰਿਤਕ ਦੀ ਜੇਬ ਤੋਂ ਮਿਲੇ ਸੁਸਾਈਡ ਨੋਟ ਦੇ ਆਧਾਰ 'ਤੇ ਸਰਕਲ ਦਫਤਰ ਅਤੇ ਪੰਜਾਬ ਨੈਸ਼ਨਲ ਬੈਂਕ ਸਿਧਵਾ ਦੋਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਥੇ ਹੀ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਉਸ ਦੇ ਵਾਰਿਸਾ ਦੇ ਹਵਾਲੇ ਕਰ ਦਿੱਤਾ ਗਿਆ ਹੈ । ਮਾਮਲੇ ਦੀ ਜਾਂਚ ਦਾ ਦੌਰ ਜਾਰੀ ਹੈ। ਜਾਂਚ ਤੋਂ ਬਾਅਦ ਕਈ ਅਹਿਮ ਸਚਾਈ ਸਾਹਮਣੇ ਆਉਣ ਦੀ ਸੰਭਾਵਨਾ ਹੈ ।


shivani attri

Content Editor

Related News