ਸਫਾਈ ਕਰਮਚਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ

Friday, May 04, 2018 - 03:27 AM (IST)

ਫਿਰੋਜ਼ਪੁਰ, (ਸ਼ੈਰੀ, ਪਰਮਜੀਤ)- ਅੱਜ ਕੰਟੋਨਮੈਂਟ ਬੋਰਡ ਦਫਤਰ ਫਿਰੋਜ਼ਪੁਰ ਛਾਉਣੀ ਅੱਗੇ ਸਫ਼ਾਈ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਤੇ ਹੋ ਰਹੀਆਂ ਜ਼ਿਆਦਤੀਆਂ ਖ਼ਿਲਾਫ਼ ਸਫਾਈ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕੈਂਟ ਬੋਰਡ ਦੀ ਅਫ਼ਸਰਸ਼ਾਹੀ ਉਨ੍ਹਾਂ ਨਾਲ ਜ਼ਿਆਦਤੀਆਂ ਕਰ ਕੇ ਉਨ੍ਹਾਂ ਦੇ ਹੱਕਾਂ 'ਤੇ ਡਾਕੇ ਮਾਰ ਰਹੀ ਹੈ।
ਕੰਟੋਨਮੈਂਟ ਬੋਰਡ ਨੂੰ ਮੁਲਾਜ਼ਮ ਮਾਰੂ ਤੇ ਭ੍ਰਿਸ਼ਟਾਚਾਰ ਦੀ ਜਨਨੀ ਦੱਸਦਿਆਂ ਯੂਨੀਅਨ ਦੇ ਪ੍ਰਧਾਨ ਚੰਦਰਪਾਲ ਤੇ ਜਨਰਲ ਸੈਕਟਰੀ ਨੇ ਦੱਸਿਆ ਕਿ ਕੰਟੋਨਮੈਂਟ ਬੋਰਡ ਨੂੰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਤੇ ਸਫ਼ਾਈ ਕਰਮਚਾਰੀਆਂ ਦੀ ਸੀਨੀਅਰਤਾ ਦੇ ਆਧਾਰ 'ਤੇ ਸੁਪਰਵਾਈਜ਼ਰ ਦੀ ਭਰਤੀ 'ਚ ਗ਼ੈਰ ਕਾਨੂੰਨੀ ਤੌਰ 'ਤੇ ਜੂਨੀਅਰ ਸਫ਼ਾਈ ਕਰਮਚਾਰੀਆਂ ਨੂੰ ਭਰਤੀ ਕਰਨ ਸਬੰਧੀ ਜਾਣੂ ਕਰਵਾਇਆ ਗਿਆ ਹੈ ਪਰ ਮੁਲਾਜ਼ਮਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ।
ਇਸ ਤੋਂ ਇਲਾਵਾ ਯੂਨੀਅਨ ਆਗੂਆਂ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਨਵੀਂ ਭਰਤੀ, ਸਮੂਹ ਸਫ਼ਾਈ ਕਰਮਚਾਰੀਆਂ ਦਾ ਡਿਊਟੀ 'ਤੇ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ, ਮ੍ਰਿਤਕ ਸਫ਼ਾਈ ਕਰਮਚਾਰੀਆਂ ਦੇ ਵਾਰਿਸਾਂ ਨੂੰ ਨੌਕਰੀ ਦਿੱਤੀ ਜਾਵੇ, ਮੈਡੀਕਲ ਕਲੇਮ ਜਲਦ ਦਿੱਤਾ ਜਾਵੇ, ਸੇਵਾ ਮੁਕਤ ਕਰਮਚਾਰੀਆਂ ਨੂੰ ਜਲਦ ਪੈਨਸ਼ਨ ਅਤੇ ਬਕਾਇਆ ਦਿੱਤਾ ਜਾਵੇ। ਇਸ ਮੌਕੇ ਓਮਪਾਲ ਵਾਈਸ ਪ੍ਰਧਾਨ, ਪ੍ਰਕਾਸ਼, ਕਿੱਕਰ, ਰੇਸ਼ਮ, ਮੇਜਰ, ਵਿਜੈ, ਅਸ਼ੋਕ ਕੁਮਾਰ, ਹਰਿੰਦਰ, ਨੱਥੂ, ਕ੍ਰਿਸ਼ਨਾ ਰਾਣੀ, ਵਿੱਕੀ, ਸ਼ੀਬੂ ਆਦਿ ਹਾਜ਼ਰ ਸਨ।


Related News