ਟਰੇਨ ''ਚ ਲਈ ਫ਼ਿਰਦਾ ਸੀ 68 ਲੱਖ ਦੇ ਗਹਿਣੇ, ਚੈਕਿੰਗ ਦੌਰਾਨ ਕੀਤਾ ਬੁਰਾ ਸਲੂਕ ਤਾਂ ਪੁਲਸ ਨੇ ਕੀਤਾ ਕਾਬੂ
Friday, Sep 13, 2024 - 03:21 AM (IST)
ਜਲੰਧਰ (ਪੁਨੀਤ)– ਵੱਖ-ਵੱਖ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਟ੍ਰੇਨਾਂ ਦੀ ਚੈਕਿੰਗ ਦਾ ਸਿਲਸਿਲਾ ਤੇਜ਼ ਹੋ ਚੁੱਕਾ ਹੈ ਅਤੇ ਸੋਨੇ ਦੇ ਗਹਿਣੇ ਬਰਾਮਦ ਹੋਣ ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਸਿਲਸਿਲੇ ਵਿਚ ਦਿੱਲੀ ਜਾ ਰਹੀ ਸ਼ਤਾਬਦੀ ਵਿਚੋਂ 68.40 ਲੱਖ ਦੇ ਸੋਨੇ ਦੇ ਗਹਿਣੇ ਬਰਾਮਦ ਹੋਏ ਅਤੇ ਇਕ ਵਿਅਕਤੀ ਨੂੰ ਇਸ ਮਾਮਲੇ ਵਿਚ ਕਾਬੂ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਨੇ ਪੁਲਸ ਨਾਲ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਉਕਤ ਜਿਊਲਰ ਨੂੰ ਕਾਬੂ ਕਰ ਕੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਬਰਾਮਦ ਜਿਊਲਰੀ ਦੀ ਕੀਮਤ 68,40,899 ਰੁਪਏ ਦੱਸੀ ਜਾ ਰਹੀ ਹੈ।
ਆਰ.ਪੀ.ਐੱਫ. ਸਿਟੀ ਜਲੰਧਰ ਵੱਲੋਂ ਮੁਲਜ਼ਮ ਖ਼ਿਲਾਫ਼ ਮੁਕੱਦਮਾ ਅਪਰਾਧ ਨੰਬਰ 279/2024 ਅੰਡਰ ਸੈਕਸ਼ਨ 145-ਬੀ, 146-ਆਰ. ਏ. ਦੇ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਆਰ.ਪੀ.ਐੱਫ. (ਰੇਲਵੇ ਪ੍ਰੋਟੈਕਸ਼ਨ ਫੋਰਸ) ਜਲੰਧਰ ਦੇ ਇੰਸ. ਰਾਜੇਸ਼ ਕੁਮਾਰ ਰੋਹਿੱਲਾ ਨੇ ਦੱਸਿਆ ਕਿ ਜੀ.ਐੱਸ.ਟੀ. ਅਤੇ ਇਨਕਮ ਟੈਕਸ ਵਿਭਾਗ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
ਘਟਨਾਕ੍ਰਮ ਮੁਤਾਬਕ ਆਰ.ਪੀ.ਐੱਫ. ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੀ ਸਾਂਝੀ ਟੀਮ ਵੱਲੋਂ 12014 ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਵਿਚ ਐੱਸ.ਆਈ. ਪ੍ਰਦੀਪ ਕੁਮਾਰ, ਏ.ਐੱਸ.ਆਈ. ਫੁਲਜੀਤ ਸਿੰਘ, ਅਜਮੇਰ ਸਿੰਘ, ਸੁਰੇਸ਼ ਕੁਮਾਰ, ਹਰਦੀਪ ਸਿੰਘ ਸਮੇਤ ਸਹਿਯੋਗੀ ਸਾਥੀ ਮੁਮਤਾਜ ਮੁਹੰਮਦ ਅਤੇ ਏ.ਐੱਸ.ਆਈ. ਵਿਜੇ ਕੁਮਾਰ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ।
ਰੋਹਿੱਲਾ ਨੇ ਦੱਸਿਆ ਕਿ ਗੱਡੀ ਦੇ ਕੋਚ ਨੰਬਰ ਸੀ-13 ਵਿਚ ਬੈਠੇ ਇਕ ਵਿਅਕਤੀ ’ਤੇ ਪੁਲਸ ਨੂੰ ਸ਼ੱਕ ਹੋਇਆ ਅਤੇ ਸਾਮਾਨ ਦੀ ਚੈਕਿੰਗ ਕਰਨ ਦੀ ਗੱਲ ਕਹੀ ਗਈ। ਇਸ ’ਤੇ ਅੰਮ੍ਰਿਤਸਰ ਦਾ ਰਵੀ ਕੁਮਾਰ ਨਾਂ ਦਾ ਵਿਅਕਤੀ ਪੁਲਸ ਨਾਲ ਬੁਰਾ ਸਲੂਕ ਕਰਨ ਲੱਗਾ। ਸਟਾਫ ਵੱਲੋਂ ਨਿਯਮਾਂ ਦੇ ਮੁਤਾਬਕ ਚੈਕਿੰਗ ’ਤੇ ਜ਼ੋਰ ਦਿੱਤਾ ਗਿਆ ਅਤੇ ਉਸਦੇ ਪਲਾਸਟਿਕ ਦੇ ਡੱਬੇ ਵਿਚੋਂ ਸੋਨੇ ਦੇ ਗਹਿਣੇ ਬਰਾਮਦ ਹੋਏ।
ਰੋਹਿੱਲਾ ਨੇ ਕਿਹਾ ਕਿ ਰਵੀ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਚੰਚਲ ਸਿੰਘ ਨਾਂ ਦੇ ਜਿਊਲਰ ਕੋਲ ਕੰਮ ਕਰਦਾ ਹੈ ਅਤੇ ਗਹਿਣੇ ਲੈ ਕੇ ਮੇਰਠ ਜਾ ਰਿਹਾ ਸੀ। ਉਕਤ ਵਿਅਕਤੀ ਖ਼ਿਲਾਫ਼ ਡਿਊਟੀ ਵਿਚ ਰੁਕਾਵਟ ਪਾਉਣ ਤੇ ਨਿਊਸੈਂਸ ਕਰਨ ਦੇ ਦੋਸ਼ ਵਿਚ ਰੇਲ ਐਕਟ ਦੀ ਧਾਰਾ 145-ਬੀ, 146 ਤਹਿਤ ਕਾਰਵਾਈ ਕਰਦੇ ਹੋਏ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਟ੍ਰੇਨ ਦੇ ਜਲੰਧਰ ਪਹੁੰਚਣ ’ਤੇ ਉਕਤ ਵਿਅਕਤੀ ਨੂੰ ਟ੍ਰੇਨ ਤੋਂ ਉਤਾਰ ਲਿਆ ਗਿਆ ਅਤੇ ਆਰ. ਪੀ. ਐੱਫ. ਨੇ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ।
2 ਕਿਲੋ ਤੋਂ ਵੱਧ ਨਿਕਲੇ ਗਹਿਣੇ
ਗਹਿਣਿਆਂ ਵਿਚ ਸੋਨੇ ਦੀ ਕੀਮਤ 68.40 ਲੱਖ ਹੈ, ਜਦਕਿ ਜਿਊਲਰੀ ਦੀ ਵਜ਼ਨ 2.82 ਕਿਲੋ ਦੱਸਿਆ ਜਾ ਰਿਹਾ ਹੈ। ਗਹਿਣਿਆਂ ਵਿਚ ਕਈ ਤਰ੍ਹਾਂ ਦੀ ਅਸੈੱਸਰੀਜ਼ ਵੀ ਬਰਾਮਦ ਹੋਈ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰਨ ਲਈ ਕੁੱਲ ਕੀਮਤ ਦਾ ਅੰਦਾਜ਼ਾ ਲਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ ਗਹਿਣਿਆਂ ਵਿਚ ਵਰਤੇ ਹੋਰ ਸਾਮਾਨ ਨੂੰ ਕੱਢ ਕੇ ਸੋਨੇ ਦੀ ਕੀਮਤ ਦਾ ਵਜ਼ਨ ਕੱਢਿਆ ਗਿਆ ਹੈ।
ਇਹ ਵੀ ਪੜ੍ਹੋ- ਨੇਕ ਦਿਲ 'ਚੋਰ' ਦਾ ਅਜਿਹਾ ਕੰਮ, ਜਿਸ ਨੂੰ ਦੇਖ ਕੇ ਲੋਕਾਂ ਨੇ ਕਿਹਾ- 'ਇਨਸਾਨੀਅਤ ਅਜੇ ਜ਼ਿੰਦਾ ਹੈ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e