ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਵਿੱਤਰ ਕਾਲੀ ਵੇਈਂ ’ਚ ਜਲਦੀ ਹੀ ਵਹੇਗਾ ਸਾਫ਼ ਪਾਣੀ

05/08/2023 11:05:00 AM

ਕਪੂਰਥਲਾ (ਵਾਲੀਆ)-ਪੰਜਾਬ ’ਚ 165 ਕਿਲੋਮੀਟਰ ਲੰਬੀ ਪਵਿੱਤਰ ਕਾਲੀ ਵੇਈਂ ਨੂੰ ਸਾਫ਼ ਕਰਨ ਦਾ ਮਿਸ਼ਨ, ਜੋ ਕਿ ਕਰੀਬ 23 ਸਾਲ ਪਹਿਲਾਂ ਅਸੰਭਵ ਜਾਪਦਾ ਸੀ, ਜਲਦ ਹੀ ਹਕੀਕਤ ਦਾ ਰੂਪ ਧਾਰਨ ਕਰਨ ਜਾ ਰਿਹਾ ਹੈ | ਵਾਤਾਵਰਨ ਪ੍ਰੇਮੀ ਅਤੇ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀ ਇਸ ਵੇਈਂ ਦੀ ਸਫ਼ਾਈ ਦਾ 90 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਨਵੰਬਰ ਤਕ ਇਸ ਵਿਚ ਸਾਫ਼ ਪਾਣੀ ਵਹਿਣਾ ਸ਼ੁਰੂ ਹੋ ਜਾਵੇਗਾ। ਸਾਲ 2000 ਵਿਚ ਸੀਚੇਵਾਲ ਵਲੋਂ ਸ਼ੁਰੂ ਕੀਤੇ ਗਏ ਇਸ ਦੇ ਪਾਣੀ ਨੂੰ ਸਾਫ਼ ਕਰਨ ਦੇ ਮਿਸ਼ਨ ਤੋਂ ਪਹਿਲਾਂ ਇਹ ਵੇਈਂ ਡਰੇਨ ਵਿਚ ਤਬਦੀਲ ਹੋ ਗਈ ਸੀ ਅਤੇ ਸ਼ਹਿਰਾਂ ਅਤੇ ਪਿੰਡਾਂ ਦਾ ਗੰਦਾ ਪਾਣੀ ਇਸ ਵਿਚ ਛੱਡਿਆ ਜਾ ਰਿਹਾ ਸੀ।

ਸਿੱਖਾਂ ਦਾ ਮੰਨਣਾ ਹੈ ਕਿ ਗੁਰੂ ਨਾਨਕ ਦੇਵ ਜੀ ਕਾਲੀ ਵੇਈ ਦੇ ਕੰਢੇ ਸੁਲਤਾਨਪੁਰ ਲੋਧੀ ਵਿਖੇ 14 ਸਾਲ ਠਹਿਰੇ ਸਨ ਅਤੇ ਉਨ੍ਹਾਂ ਨੇ ਇਸ ਵਿਚ ਇਸ਼ਨਾਨ ਕਰਨ ਤੋਂ ਬਾਅਦ ਗਿਆਨ ਪ੍ਰਾਪਤ ਕੀਤਾ ਸੀ। ਇਹ 165 ਕਿਲੋਮੀਟਰ ਲੰਬੀ ਵੇਈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਧਨੋਆ ਤੋਂ ਨਿਕਲਦੀ ਹੈ ਅਤੇ ਸੁਲਤਾਨਪੁਰ ਲੋਧੀ, ਕਪੂਰਥਲਾ ਦੇ ਪਿੰਡ ਫੱਤੇਵਾਲ ਨੇੜੇ ਬਿਆਸ ਦਰਿਆ ਵਿਚ ਜਾ ਕੇ ਮਿਲਦੀ ਹੈ।

ਇਹ ਵੀ ਪੜ੍ਹੋ : ਰੋਡ ਸ਼ੋਅ ਨੇ ਸਾਬਿਤ ਕਰ ਦਿੱਤਾ ਕਿ ਭਾਜਪਾ ਚੋਣ ਜਿੱਤ ਰਹੀ ਹੈ: ਜੀਵਨ ਗੁਪਤਾ

ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੀਚੇਵਾਲ ਨੇ ਕਿਹਾ ਕਿ ਇਸ ਵੇਈਂ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ 8 ਪਿੰਡਾਂ ਪਰੋਜ, ਪ੍ਰੇਮਪੁਰ, ਤਲਵੰਡੀ, ਦਾਦਿਆਨ, ਹਮੀਰਪੁਰ ਅਤੇ ਕਪੂਰਥਲਾ ਦੇ ਚਾਣਚੱਕ, ਡੋਗਰਾਂਵਾਲ, ਨਾਨਕਪੁਰ ਅਤੇ ਸੈਦੋ ਭੁਲਾਣਾ ਦੇ ਸੀਵਰੇਜ ਦੇ ਪਾਣੀ ਨੂੰ ਇਸ ਵਿਚ ਪੈਣ ਤੋਂ ਰੋਕਣ ਲਈ ਕੰਮ ਜਾਰੀ ਹੈ। ਪਵਿੱਤਰ ਵੇਈਂ ਵਿਚ ਗੰਦੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਦਸੂਹਾ, ਟਾਂਡਾ, ਭੁਲੱਥ, ਬੇਗੋਵਾਲ, ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਵਿਖੇ 6 ਸੀਵਰੇਜ ਟਰੀਟਮੈਂਟ ਪਲਾਂਟ (ਐੱਸ. ਟੀ. ਪੀ.) ਲਾਏ ਗਏ ਹਨ।

ਸੈਦੋ ਭੁਲਾਣਾ ਵਿਚ ਐੱਸ. ਟੀ. ਪੀ. ਇੰਸਟਾਲੇਸ਼ਨ ਦਾ ਕੰਮ ਚੱਲ ਰਿਹਾ ਹੈ। ਸੀਚੇਵਾਲ ਨੇ ਲੋਕਾਂ ਦੇ ਸਹਿਯੋਗ ਨਾਲ ਵੇਈਂ ਦੀ ਸਫ਼ਾਈ ਦੀ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਯਤਨਾਂ ਨੂੰ ਵਿਆਪਕ ਤੌਰ ’ਤੇ ਮਾਨਤਾ ਮਿਲੀ ਅਤੇ ਮਰਹੂਮ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ 2006 ਵਿਚ ਉਨ੍ਹਾਂ ਦੇ ਕੰਮ ਨੂੰ ਦੇਖਣ ਲਈ ਇੱਥੇ ਉਨ੍ਹਾਂ ਦੇ ਪਿੰਡ ਦਾ ਦੌਰਾ ਕੀਤਾ। ਪਹਿਲਾਂ ਕਾਲੀ ਵੇਈਂ ਦੇ ਕੰਢੇ ਵਸੇ 47 ਪਿੰਡਾਂ ਦਾ ਗੰਦਾ ਪਾਣੀ ਇਸ ਪੈ ਰਿਹਾ ਸੀ। ‘ਸੀਚੇਵਾਲ ਮਾਡਲ’ ਦੀ ਮਦਦ ਨਾਲ 39 ਪਿੰਡਾਂ ਦੇ ਗੰਦੇ ਛੱਪੜਾਂ ਦੀ ਸਫ਼ਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ : ਸਿੱਖਾਂ ਨੂੰ ਕੇਂਦਰ ਸਰਕਾਰ ਨਾਲ ਤਕਰਾਰ ਨਹੀਂ, ਵਿਚਾਰ ਕਰਨ ਦੀ ਲੋੜ: ਬੀਬੀ ਜਗੀਰ ਕੌਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


shivani attri

Content Editor

Related News