ਜਨਤਕ ਪਖਾਨੇ ਨਾ ਹੋਣ ਕਾਰਨ ‘ਸਵੱਛ ਭਾਰਤ ਮੁਹਿੰਮ’ ਨੂੰ ਲੱਗਾ ਗ੍ਰਹਿਣ

Sunday, Aug 05, 2018 - 06:27 AM (IST)

ਜਨਤਕ ਪਖਾਨੇ ਨਾ ਹੋਣ ਕਾਰਨ ‘ਸਵੱਛ ਭਾਰਤ ਮੁਹਿੰਮ’ ਨੂੰ ਲੱਗਾ ਗ੍ਰਹਿਣ

ਅਜਨਾਲਾ,   (ਫਰਿਆਦ)-  ਸਿਆਣਿਆਂ ਨੇ ਕਿਹਾ ਹੈ ਕਿ ਜਿਸ ਦੇਸ਼ ਜਾਂ ਸਮਾਜ ’ਚ ਅੌਰਤਾਂ ਦਾ ਮਾਣ-ਸਤਿਕਾਰ ਨਹੀਂ, ਉਸ ਦੇਸ਼ ਜਾਂ ਸਮਾਜ ਦੀ ਤਰੱਕੀ ਕਦੇ ਨਹੀਂ ਹੋ ਸਕਦੀ। ਅੱਜ 21ਵੀਂ ਸਦੀ ਦੇ ਯੁੱਗ ’ਚ ਅੌਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦਿੱਤੇ ਜਾਣ ਪ੍ਰਤੀ ਸਮੇਂ ਦੀਆਂ ਸਰਕਾਰਾਂ ਵੱਲੋਂ ਇਕ ਪਾਸੇ ਤਾਂ ‘ਸਵੱਛ ਭਾਰਤ’ ਤੇ ‘ਨੰਨ੍ਹੀ ਛਾਂ’ ਮੁਹਿੰਮ  ਵਾਂਗ  ਪਤਾ ਨਹੀਂ ਹਰ ਰੋਜ਼ ਕਈ ਪ੍ਰਕਾਰ ਦੇ ਦਮਗੱਜੇ ਮਾਰੇ ਜਾਂਦੇ ਹਨ ਤੇ ਜਦੋਂ ਜ਼ਮੀਨੀ ਪੱਧਰ ’ਤੇ ਵੇਖਿਆ  ਜਾਵੇ ਤਾਂ ਅਜਿਹੇ ਦਾਅਵਿਆਂ ਨੂੰ ਗ੍ਰਹਿਣ ਲੱਗਾ ਪ੍ਰਤੀਤ ਹੁੰਦਾ ਹੈ। ਇਨ੍ਹਾਂ ਦਾਅਵਿਆਂ ਚੋਂ ਇਕ ਅੌਰਤਾਂ ਲਈ   ਅਜਨਾਲਾ ਸ਼ਹਿਰ  ਅੰਦਰ ਜਨਤਕ ਪਖਾਨੇ ਨਾ ਹੋਣੇ ਸੋਚਣ ਤੇ ਵੇਖਣ ਨੂੰ ਮਾਮੂਲੀ ਗੱਲ ਸਮਝੀ ਜਾ ਸਕਦੀ ਹੈ ਪਰ ਅੌਰਤਾਂ ਦੀ ਇਸ ਬੁਨਿਆਦੀ ਤੇ ਮੁੱਖ ਸਮੱਸਿਆ ਵੱਲ ਧਿਆਨ ਦਿੱਤਾ ਜਾਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ, ਜਿਸ ਕਰ ਕੇ ਅੌਰਤਾਂ ਦੇ ਹੱਕਾਂ ਪ੍ਰਤੀ ਉਠਾਏ ਜਾਂਦੇ ਮੁੱਦੇ ਵੀ ਹਵਾ ਹੁੰਦੇ ਨਜ਼ਰ ਆਉਂਦੇ ਹਨ। ਅਜਨਾਲਾ ਸ਼ਹਿਰ, ਜਿਸ ਨੂੰ ਪੰਜਾਬ ਦੀ ਸਭ ਤੋਂ ਵੱਡੀ ਤੇ ਪੁਰਾਣੀ ਸਰਹੱਦੀ ਤਹਿਸੀਲ ਹੋਣ ਦਾ ਮਾਣ ਹੈ, ’ਚ ਅੌਰਤਾਂ ਲਈ ਜਨਤਕ ਪਖਾਨੇ ਨਾ ਹੋਣ ਕਰ ਕੇ ਅੌਰਤਾਂ ਨੂੰ ਮੁਸੀਬਤਾਂ ਦਾ ਸਾਹਮਣਾ  ਕਰਨਾ ਪੈਂਦਾ ਹੈ। ਇਨ੍ਹਾਂ ਜਨਤਕ ਪਖਾਨਿਆਂ ਦੀ ਅਣਹੋਂਦ ਬਾਰੇ ਕੁਝ ਸਥਾਨਕ ਅਗਾਂਹਵਧੂ ਨੌਜਵਾਨ ਸਭਾਵਾਂ ਦੇ ਆਗੂਆਂ ਨੇ ਕਿਹਾ ਕਿ ਅਜਨਾਲਾ ਸ਼ਹਿਰ ਦੇ ਬਾਜ਼ਾਰਾਂ ’ਚ ਕੁਝ ਇਕ ਥਾਵਾਂ ’ਤੇ ਜਨਤਕ ਪਖਾਨੇ ਹਨ ਤੇ ਉਹ ਵੀ ਵਿਉਂਤਬੰਦ ਤੇ ਸਹੀ ਸਥਾਨਾਂ ’ਤੇ ਨਾ ਬਣੇ ਹੋਣ ਤੇ ਇਨ੍ਹਾਂ ’ਚ ਗੰਦਗੀ ਦੇ ਢੇਰ ਲੱਗੇ ਹੋਣ ਕਾਰਨ ਉਹ ਵੀ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ ਜਦੋਂਕਿ ਰਹਿੰਦੀ ਕਸਰ ਕੁਝ ਲੋਕਾਂ ਵੱਲੋੋਂ ਨਗਰ ਪੰਚਾਇਤ ਅਜਨਾਲਾ ਦੁਆਰਾ ਕੂਡ਼ਾ-ਕਰਕਟ ਸੁੱਟਣ ਲਈ ਡਰੰਮ ਨਾ ਰੱਖੇ ਹੋਣ ਕਾਰਨ  ਜਨਤਕ ਬਾਥਰੂਮਾਂ ਕੋਲ ਕੂਡ਼ੇ ਦੇ ਢੇਰ ਲਾ ਕੇ  ਪੂਰੀ ਕੀਤੀ ਜਾਂਦੀ ਹੈ। ਇਸ ਤੋਂ ਛੁੱਟ ਉਨ੍ਹਾਂ ਕਿਹਾ ਕਿ ਮਕਬੂਲ ਸ਼ਾਹ ਰੋਡ ’ਤੇ ਕਿਸੇ ਵੀ ਪ੍ਰਕਾਰ ਦਾ ਜਨਤਕ ਪਖਾਨਾ ਨਾ ਹੋਣ ਕਾਰਨ ਮਰਦਾਂ ਵੱਲੋਂ ਟੈਲੀਫੋਨ ਐਕਸਚੇਂਜ ਦੇ ਬਕਸੇ ਨੂੰ ਇਸ ਕੰਮ ਲਈ ਵਰਤ ਲਿਅਾ ਜਾਂਦਾ ਹੈ। ਇਸ ਸਬੰਧੀ ਨਗਰ ਪੰਚਾਇਤ ਅਜਨਾਲਾ ਦੇ ਅਧਿਕਾਰੀਆਂ ਨਾਲ ਸੰਪਰਕ ਨਾ ਹੋਣ ਕਾਰਨ ਉਨ੍ਹ ਦਾ ਪੱਖ ਨਹੀਂ ਲਿਆ ਜਾ ਸਕਿਆ। ਸਥਾਨਕ ਸ਼ਹਿਰ ਵਾਸੀਆਂ ਨੇ ਪ੍ਰੇਸ਼ਾਨੀ ਦਾ ਕਾਰਨ ਬਣੀ ਇਸ ਸਮੱਸਿਆ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਕੋਲੋ ਪੁਰਜ਼ੋਰ ਮੰਗ ਕੀਤੀ।


Related News