ਨਿਗਮ ਨੇ ਵੀ ਜਿੰਦਲ ਕੰਪਨੀ ''ਤੇ ਠੋਕਿਆ 1783 ਕਰੋੜ ਦਾ ਦਾਅਵਾ
Thursday, Jun 28, 2018 - 07:08 AM (IST)
ਜਲੰਧਰ, (ਖੁਰਾਣਾ)- ਨਗਰ ਨਿਗਮ ਨੇ ਸਾਲਿਡ ਵੇਸਟ ਮੈਨੇਜਮੈਂਟ ਕੰਪਨੀ ਜਿੰਦਲ 'ਤੇ 1783 ਕਰੋੜ ਰੁਪਏ ਦੇ ਹਰਜਾਨੇ ਦਾ ਦਾਅਵਾ ਠੋਕ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਜਿੰਦਲ ਕੰਪਨੀ ਨੇ ਜਲੰਧਰ ਵਿਚ ਸਾਲਿਡ ਵੇਸਟ ਮੈਨੇਜਮੈਂਟ ਦਾ ਕੰਟਰੈਕਟ ਹਾਸਲ ਕੀਤਾ ਸੀ ਪਰ ਸਰਕਾਰ ਕਾਫੀ ਸਮਾਂ ਇਸ ਨੂੰ ਲਾਗੂ ਨਹੀਂ ਕਰ ਸਕੀ ਅਤੇ ਅੱਧ-ਪਚੱਦੇ ਢੰਗ ਨਾਲ ਲਾਗੂ ਹੋਏ ਪ੍ਰਾਜੈਕਟ ਨੂੰ ਕੰਪਨੀ ਜ਼ਿਆਦਾ ਦੇਰ ਤੱਕ ਚਲਾ ਨਹੀਂ ਸਕੀ। ਦੋਵਾਂ ਧਿਰਾਂ ਵੱਲੋਂ ਇਕ-ਦੂਜੇ 'ਤੇ ਦੋਸ਼ ਮੜ੍ਹਨ ਦਾ ਦੌਰ ਚੱਲਿਆ ਅਤੇ ਮਾਮਲਾ ਅਦਾਲਤੀ ਹੋਣ ਤੋਂ ਬਾਅਦ ਆਰਬੀਟ੍ਰੇਸ਼ਨ ਵਿਚ ਚਲਾ ਗਿਆ। ਮੁੱਖ ਆਰਬੀਟ੍ਰੇਟਰ ਦੇ ਤੌਰ 'ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਅਸ਼ੋਕ ਭਾਨ ਜ਼ਿੰਮੇਵਾਰੀ ਨਿਭਾਅ ਰਹੇ ਹਨ, ਜਦੋਂਕਿ ਨਿਗਮ ਅਤੇ ਜਿੰਦਲ ਕੰਪਨੀ ਦੀ ਨੁਮਾਇੰਦਗੀ ਵੀ ਰਿਟਾਇਰਡ ਜੱਜਾਂ ਵੱਲੋਂ ਕੀਤੀ ਜਾ ਰਹੀ ਹੈ। ਆਰਬੀਟ੍ਰੇਸ਼ਨ ਬੋਰਡ ਦੀਆਂ ਕਈ ਬੈਠਕਾਂ ਹੋ ਚੁੱਕੀਆਂ ਹਨ।
ਜਿੰਦਲ ਕੰਪਨੀ ਨੇ ਨਿਗਮ ਕੰਪਨੀ 'ਤੇ ਕੰਟਰੈਕਟ ਤੋੜਣ ਦਾ ਦੋਸ਼ ਲਾਉਂਦਿਆਂ 962 ਕਰੋੜ ਰੁਪਏ ਦੇ ਹਰਜਾਨੇ ਦਾ ਦਾਆਵਾ ਠੋਕਿਆ ਸੀ ਤੇ ਹੁਣ ਨਿਗਮ ਨੇ ਉਸ ਤੋਂ ਦੁੱਗਣਾ ਭਾਵ 1783 ਕਰੋੜ ਰੁਪਏ ਦਾ ਦਾਅਵਾ ਕੰਪਨੀ 'ਤੇ ਕੀਤਾ ਹੈ।
ਨਿਗਮ ਦੀ ਦਲੀਲ ਹੈ ਕਿ ਕੰਪਨੀ ਨੇ ਅਚਾਨਕ ਕੰਮ ਛੱਡ ਦਿੱਤਾ, ਜਿਸ ਕਾਰਨ ਨਿਗਮ ਨੂੰ ਨਾ ਸਿਰਫ ਜਿੰਦਲ ਕੰਪਨੀ ਦੀ ਹੀ ਮਸ਼ੀਨਰੀ ਕਿਰਾਏ 'ਤੇ ਲੈਣੀ ਪਈ ਸਗੋਂ ਉਸ ਨੂੰ ਸਫਾਈ ਲਈ ਹੋਰ ਮਸ਼ੀਨਰੀ ਵੀ ਖਰੀਦਣੀ ਪਈ। ਵੱਖਰੇ ਤੌਰ 'ਤੇ ਨਿਗਮ ਵਿਚ ਸੈੱਲ ਬਣਾਉਣਾ ਪਿਆ।
ਕੰਪਨੀ ਨੇ ਜਿੰਨੇ ਸਾਲਾਂ ਤੱਕ ਕੰਟਰੈਕਟ ਦੇ ਮੁਤਾਬਕ ਕੰਮ ਕਰਨਾ ਸੀ ਉਹ ਸਾਰੀ ਰਕਮ ਜੋੜ ਕੇ ਹੀ 1783 ਕਰੋੜ ਰੁਪਏ ਦਾ ਦਾਅਵਾ ਕੀਤਾ ਗਿਆ ਹੈ। ਮਾਮਲਾ ਲੰਮਾ ਖਿੱਚ ਹੋਣ ਦੀ ਉਮੀਦ ਹੈ।
