ਸਿਵਲ ਸਰਜਨ ਵੱਲੋਂ ਸਿਵਲ ਹਸਪਤਾਲ ਫਾਜ਼ਿਲਕਾ ਦਾ ਦੌਰਾ
Monday, Feb 10, 2025 - 05:27 PM (IST)

ਫਾਜ਼ਿਲਕਾ (ਨਾਗਪਾਲ) : ਸਿਵਲ ਸਰਜਨ ਫਾਜ਼ਿਲਕਾ ਡਾ. ਲਹਿੰਬਰ ਰਾਮ ਵੱਲੋਂ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਚੱਲ ਰਹੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਮੁਹਿੰਮ ਦਾ ਦੌਰਾ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੇ ਨਾਲ ਡਾ. ਪੰਕਜ ਚੌਹਾਨ, ਡਾ. ਰਿੰਕੂ ਚਾਵਲਾ, ਵਿਨੋਦ ਖੁਰਾਣਾ ਮੌਜੂਦ ਸਨ। ਉਨ੍ਹਾਂ ਨੇ ਗਰਭਵਤੀਆਂ ਦਾ ਹਾਲ-ਚਾਲ ਪੁੱਛਿਆ ਅਤੇ ਗਰਭਵਤੀਆਂ ਨੂੰ ਦਿੱਤੇ ਜਾ ਰਹੇ ਇਲਾਜ ਬਾਰੇ ਸ਼ੰਤੁਸ਼ਟੀ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਦੀ 9 ਅਤੇ 23 ਤਾਰੀਖ਼ ਨੂੰ ਗਰਭਵਤੀ ਔਰਤਾਂ ਖ਼ਾਸ ਕਰ ਕੇ ਖ਼ਤਰੇ ਦੇ ਚਿੰਨ੍ਹਾਂ ਵਾਲੀਆਂ ਗਰਭਵਤੀ ਔਰਤਾਂ ਦਾ ਸਾਰੇ ਸਰਕਾਰੀ ਹਸਪਤਾਲਾਂ ਅਤੇ ਸੀ. ਐੱਚ. ਸੀ. ’ਚ ਸਪੈਸ਼ਲ ਕੈਂਪ ਲਗਾ ਕੇ ਚੈੱਕਅਪ, ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਦਿਨ ਦਾ ਮਕਸਦ ਮਾਂ ਅਤੇ ਬੱਚੇ ਦੀ ਮੌਤ ਦਰ 'ਤੇ ਕਾਬੂ ਪਾਉਣਾ ਹੈ। ਗਰਭਵਤੀਆਂ ਖ਼ਾਸ ਕਰ ਕੇ ਖ਼ਤਰੇ ਦੇ ਚਿੰਨ੍ਹਾਂ ਵਾਲੀਆਂ ਗਰਭਵਤੀਆਂ ਔਰਤਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਇਨ੍ਹਾਂ ਕੈਂਪਾਂ ’ਚ ਇਲਾਜ ਲਈ ਲਿਆ ਕੇ ਉਨ੍ਹਾਂ ਦਾ ਜਣੇਪੇ ਸਮੇਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਟਾਲਿਆ ਜਾ ਸਕਦਾ ਹੈ। ਇਸ ਨਾਲ ਜਣੇਪੇ ਸਮੇਂ ਹੋਣ ਵਾਲੀਆਂ ਮੌਤਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ।