ਕੇਂਦਰ ’ਚ ਨਸ਼ਾ ਛੱਡਣ ਦੀ ਦਵਾਈ ਨਾ ਮਿਲਣ ਕਾਰਨ ਨੌਜਵਾਨਾਂ ਨੇ ਕਾਦੀਆਂ ਰੋਡ ’ਤੇ ਆਵਾਜਾਈ ਕੀਤੀ ਠੱਪ

07/13/2018 12:39:06 AM

 ਬਟਾਲਾ,   (ਬੇਰੀ)-  ਸਿਵਲ ਹਸਪਤਾਲ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਲਈ ਆਏ ਨੌਜਵਾਨਾਂ ਨੇ  ਹਸਪਤਾਲ  ਮੈਨੇਜਮੈਂਟ ਵੱਲੋਂ ਦਵਾਈ ਨਾ ਦੇਣ ਦੇ ਰੋਸ ਵਜੋਂ   ਧਰਨਾ  ਲਾਇਆ। 
ਨੌਜਵਾਨਾਂ ਨੇ ਕਿਹਾ ਕਿ ਸਿਵਲ ਹਸਪਤਾਲ  ਵੱਲੋਂ ਉਨ੍ਹਾਂ ਨੂੰ ਨਸ਼ਾ ਛੱਡਣ ਦੀ ਦਵਾਈ ਮੁਹੱਈਆ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਅੱਜ ਉਨ੍ਹਾਂ ਨੂੰ ਹਸਪਤਾਲ ਵਿਖੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਨੌਜਵਾਨ ਹਸਪਤਾਲ ਵਿਚ ਦਵਾਈ ਲੈਣ ਲਈ ਆਏ ਹਾਂ ਪਰ ਡਾਕਟਰ ਸਾਨੂੰ ਦੁਬਾਰਾ 4 ਵਜੇ ਆ ਕੇ ਦਵਾਈ ਲੈਣ ਲਈ ਕਹਿ ਰਹੇ ਹਨ ਜਦਕਿ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨ/ਵਿਅਕਤੀ ਸਰਕਾਰੀ ਹਸਪਤਾਲਾਂ ਵਿਚ ਬਣੇ ਨਸ਼ਾ-ਮੁਕਤੀ ਕੇਂਦਰਾਂ ਵਿਚ ਜਾ ਕੇ ਆਪਣਾ ਮੁਫਤ ਇਲਾਜ ਕਰਵਾਉਣ ਤੇ ਦਵਾਈ ਪ੍ਰਾਪਤ ਕਰਨ ਪਰ ਹਸਪਤਾਲ ਮੈਨੇਜਮੈਂਟ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ। 
 ®ਇਸ ਤੋਂ ਬਾਅਦ ਨੌਜਵਾਨਾਂ ਨੇ ਕਾਦੀਆਂ  ਚੁੰਗੀ ’ਤੇ ਪਹੁੰਚ ਕੇ ਕੁਝ ਸਮੇਂ ਲਈ ਰੋਡ ਜਾਮ ਕਰ ਦਿੱਤਾ ਅਤੇ ਆਵਾਜਾਈ ਠੱਪ ਰਖਦਿਆਂ ਨਾਅਰੇਬਾਜ਼ੀ ਕੀਤੀ। ਸੂਚਨਾ ਮਿਲਦਿਆਂ ਹੀ ਪੁਲਸ ਚੌਕੀ ਅਰਬਨ ਅਸਟੇਟ ਦੇ ਇੰਚਾਰਜ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਨੌਜਵਾਨਾਂ ਨੂੰ ਸ਼ਾਂਤ ਕਰਵਾਇਆ। 
 ®ਉਧਰ, ਦੂਜੇ ਪਾਸੇ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਜਸਕਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ 100 ਮਰੀਜ਼ਾਂ ਦੀ ਨਸ਼ਾ-ਮੁਕਤੀ ਕੇਂਦਰ ਵਿਚ ਦਵਾਈ ਆਉਂਦੀ ਸੀ ਅਤੇ ਹੁਣ ਮਰੀਜ਼ਾਂ ਦੀ ਗਿਣਤੀ 350 ਤੱਕ ਪਹੁੰਚ ਗਈ ਹੈ ਪਰ ਫਿਰ ਵੀ ਉਨ੍ਹਾਂ ਕੋਲ ਦਵਾਈ ਕਾਫੀ ਮਾਤਰਾ ਵਿਚ ਹੈ ਅਤੇ ਦਵਾਈ ਪਹਿਲਾਂ ਪ੍ਰਾਪਤ ਕਰਨ ਲਈ ਨੌਜਵਾਨ ਇਹ ਸਥਿਤੀ ਪੈਦਾ ਕਰ  ਰਹੇ ਹਨ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਥੇ ਹਸਪਤਾਲ ਦੇ ਨਸ਼ਾ-ਮੁਕਤੀ ਕੇਂਦਰ ਵਿਚ ਪੁਲਸ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ ਤਾਂ ਜੋ ਇਥੇ ਤਾਇਨਾਤ ਮਹਿਲਾ ਸਟਾਫ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ। 


Related News