ਕਦੋਂ ਦੂਰ ਹੋਵੇਗੀ ਸਿਵਲ ਹਸਪਤਾਲ ''ਚ ਡਾਕਟਰਾਂ ਦੀ ਕਮੀ?

03/16/2018 2:08:56 PM

ਮੋਹਾਲੀ (ਰਾਣਾ) : ਪੂਰੇ ਜ਼ਿਲੇ ਵਿਚ ਫੇਜ਼-6 ਦਾ ਸਿਵਲ ਹਸਪਤਾਲ ਹੀ ਮੁੱਖ ਹੈ। ਫਿਰ ਵੀ ਇੱਥੇ ਕਾਫੀ ਸਮੇਂ ਤੋਂ ਡਾਕਟਰਾਂ ਦੀ ਘਾਟ ਰਹੀ ਹੈ। ਇਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ । ਪਿਛਲੇ 15 ਦਿਨਾਂ ਤੋਂ ਸਿਵਲ ਹਸਪਤਾਲ ਵਿਚ ਜੋ ਗਰਭਵਤੀ ਔਰਤਾਂ ਅਲਟਰਾਸਾਊਂਡ ਲਈ ਆਉਂਦੀਆਂ ਸਨ, ਉਨ੍ਹਾਂ ਨੂੰ ਪ੍ਰਾਈਵੇਟ ਕੇਂਦਰ 'ਚ ਅਲਟਰਾਸਾਊਂਡ ਕਰਵਾਉਣ ਲਈ ਭੇਜਿਆ ਜਾ ਰਿਹਾ ਸੀ । ਬੁੱਧਵਾਰ ਨੂੰ ਡਾਕਟਰ ਆਇਆ ਤੇ ਅਲਟਰਾਸਾਊਂਡ ਸ਼ੁਰੂ ਹੋ ਗਈ। ਇਸ ਦੌਰਾਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ।  
1 ਦਿਨ 'ਚ 60-70 ਹੁੰਦੀ ਹੈ ਅਲਟਰਾਸਾਊਂਡ 
ਸਿਵਲ ਹਸਪਤਾਲ ਦੀ ਗਾਇਨੀ ਡਾਕਟਰ ਮੁਤਾਬਕ ਉਨ੍ਹਾਂ ਕੋਲ ਕਾਫੀ ਗਰਭਵਤੀ ਔਰਤਾਂ ਚੈੱਕਅਪ ਕਰਵਾਉਣ ਆਉਂਦੀਆਂ ਹਨ, ਜਿਨ੍ਹਾਂ ਵਿਚੋਂ 60-70 ਔਰਤਾਂ ਦੀ ਅਲਟਰਾਸਾਊਂਡ ਇਕ ਦਿਨ ਵਿਚ ਕਰਵਾਈ ਜਾਂਦੀ ਹੈ । ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾਕਟਰ ਮਨਜੀਤ ਸਿੰਘ 15 ਦਿਨਾਂ ਲਈ ਕੈਂਪ ਲਾਉਣ ਬਾਹਰ ਗਏ ਹੋਏ ਸਨ । ਡਾ. ਮਨਜੀਤ ਅੱਖਾਂ ਦਾ ਚੈੱਕਅਪ ਵੀ ਕਰਦੇ ਹਨ, ਜਿਸ ਕਾਰਨ ਹਸਪਤਾਲ ਵਿਚ ਅਲਟਰਾਸਾਊਂਡ ਕਰਨ ਵਾਲੇ ਡਾਕਟਰ ਵਿਜੇ ਭਗਤ ਦੀ ਡਿਊਟੀ ਐੱਸ. ਐੱਮ. ਓ. ਦੀ ਥਾਂ ਲਾ ਦਿੱਤੀ ਗਈ । ਇਸ ਕਾਰਨ ਜਿਹੜੇ ਮਰੀਜ਼ ਅਲਟਰਾਸਾਊਂਡ ਕਰਵਾਉਣ ਆ ਰਹੇ ਸਨ, ਉਨ੍ਹਾਂ ਨੂੰ ਡਾਕਟਰ ਨਾ ਹੋਣ ਕਾਰਨ ਬਾਹਰੋਂ ਅਲਟਰਾਸਾਊਂਡ ਕਰਵਾਉਣ ਲਈ ਭੇਜਿਆ ਜਾ ਰਿਹਾ ਸੀ।  ਪ੍ਰਮੋਸ਼ਨ ਹੋਣ ਤੋਂ ਬਾਅਦ ਵੀ ਨਹੀਂ ਬੈਠੇ ਉਸ ਕਮਰੇ 'ਚ
ਜਾਣਕਾਰੀ ਅਨੁਸਾਰ ਐੱਸ. ਐੱਮ. ਓ. ਮਨਜੀਤ ਸਿੰਘ ਪਹਿਲਾਂ ਐੱਸ. ਐੱਮ. ਓ-2 ਸਨ। ਉਹ ਉਸ ਦੌਰਾਨ ਅੱਖਾਂ ਦਾ ਚੈੱਕਅਪ ਕਰਦੇ ਸਨ। ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੂੰ ਐੱਸ. ਐੱਮ. ਓ.  ਬਣਾ ਦਿੱਤਾ ਗਿਆ। ਹੁਣ ਉਨ੍ਹਾਂ ਕੋਲ ਐੱਸ. ਐੱਮ. ਓ. ਤੇ ਐੱਸ. ਐੱਮ. ਓ-2 ਦੇ ਦੋਵੇਂ ਕਮਰੇ ਹਨ । ਨਾਲ ਹੀ ਡਾਕਟਰ ਵਿਜੇ ਭਗਤ ਨੂੰ ਐੱਸ. ਐੱਮ. ਓ-2 ਬਣਾਇਆ ਗਿਆ ਸੀ। ਅਲਟਰਾਸਾਊਂਡ ਕਰਨ ਲਈ ਕੋਈ ਦੂਜਾ ਡਾਕਟਰ ਨਹੀਂ ਸੀ, ਜਿਸ ਕਾਰਨ ਉਹ ਐੱਸ. ਐੱਮ. ਓ-2 ਦੇ ਕਮਰੇ ਵਿਚ ਨਾ ਬੈਠ ਕੇ ਅਲਟਰਾਸਾਊਂਡ ਵਾਲੇ ਕਮਰੇ ਵਿਚ ਬੈਠ ਕੇ ਕੰਮ ਕਰਦੇ ਰਹੇ ।  
ਪ੍ਰਾਈਵੇਟ ਅਲਟਰਾਸਾਊਂਡ ਵਾਲਿਆਂ ਕਮਾਏ ਪੈਸੇ
ਸਿਵਲ ਹਸਪਤਾਲ ਵਿਚ ਅਲਟਰਾਸਾਊਂਡ ਦੇ ਪੈਸੇ ਕਾਫੀ ਘੱਟ ਲਏ ਜਾਂਦੇ  ਹਨ। ਜਦੋਂ ਸਿਵਲ ਹਸਪਤਾਲ ਵਿਚ ਆਏ ਮਰੀਜ਼ ਬਾਹਰ ਅਲਟਰਾਸਾਊਂਡ ਕਰਵਾਉਣ ਜਾਂਦੇ ਹਨ ਤਾਂ ਉਥੇ ਉਨ੍ਹਾਂ ਨੂੰ ਵੱਧ ਪੈਸੇ ਦੇਣੇ ਪੈਂਦੇ ਹਨ ਕਿਉਂਕਿ ਉਨ੍ਹਾਂ ਕੋਲ ਕੋਈ ਦੂਜਾ ਰਸਤਾ ਨਹੀਂ ਹੈ ।  
ਕਈ ਵਾਰ ਦੇ ਚੁੱਕੇ ਹਨ ਲਿਖ ਕੇ
ਡਾਕਟਰ ਵਿਜੇ ਭਗਤ ਨੇ ਕਿਹਾ ਕਿ ਹਸਪਤਾਲ ਵਿਚ ਐਮਰਜੈਂਸੀ ਲਈ ਡਾਕਟਰ ਨਹੀਂ ਹਨ। ਹਸਪਤਾਲ ਦੇ ਹੋਰ ਡਾਕਟਰਾਂ ਦੀ ਹੀ ਡਿਊਟੀ ਲਾਈ ਜਾਂਦੀ ਹੈ। ਉਨ੍ਹਾਂ ਦੀ ਪ੍ਰੋਮਸ਼ਨ ਕਰ ਕੇ ਉਨ੍ਹਾਂ ਨੂੰ ਐੱਸ. ਐੱਮ. ਓ-2 ਤਾਂ ਬਣਾ ਦਿੱਤਾ ਪਰ ਇੱਥੇ ਅਲਟਰਾਸਾਊਂਡ ਕਰਨ ਲਈ ਹੋਰ ਕਿਸੇ ਡਾਕਟਰ ਨੂੰ ਨਹੀਂ ਭੇਜਿਆ ਗਿਆ, ਜਿਸ ਕਾਰਨ ਉਹ ਇੱਥੇ ਵੀ ਡਿਊਟੀ ਦੇ ਰਹੇ ਹਨ । ਐੱਸ. ਐੱਮ. ਓ. 15 ਦਿਨਾਂ ਲਈ ਕੈਂਪ 'ਤੇ ਗਏ ਹੋਏ ਸਨ, ਜਿਸ ਕਾਰਨ ਇਸ ਵਿਚ ਅਲਟਰਾਸਾਊਂਡ ਕਾਫੀ ਘੱਟ ਹੋਈ । ਹਸਪਤਾਲ ਤੋਂ ਕਈ ਵਾਰ ਡਾਕਟਰਾਂ ਦੀ ਕਮੀ ਸਬੰਧੀ ਲਿਖ ਕੇ ਦਿੱਤਾ ਜਾ ਚੁੱਕਾ ਹੈ ਪਰ ਅਜੇ ਤੱਕ ਹਸਪਤਾਲ ਵਿਚ ਡਾਕਟਰਾਂ ਨੂੰ ਨਹੀਂ ਭੇਜਿਆ ਗਿਆ ।


Related News