ਸਿਵਲ ਹਸਪਤਾਲ ਲੁਧਿਆਣਾ ’ਚੋਂ ਫ਼ਰਾਰ ਹਵਾਲਾਤੀ ਕਾਬੂ

10/07/2019 12:20:59 AM

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਦਰ ਦੀ ਪੁਲਸ ਨੇ ਇਕ ਦਿਨ ਪਹਿਲਾਂ ਸਿਵਲ ਹਸਪਤਾਲ ਲੁਧਿਆਣਾ ਦੀ ਦੂਜੀ ਮੰਜ਼ਿਲ ’ਤੇ ਸਥਿਤ ਗਾਰਦ ਦੇ ਕਮਰੇ ਵਿਚੋਂ ਫ਼ਰਾਰ ਹਵਾਲਾਤੀ ਨੂੰ ਨਾਟਕੀ ਅੰਦਾਜ਼ ’ਚ ਹੁਸ਼ਿਆਰਪੁਰ ਵਿਚੋਂ ਗ੍ਰਿਫ਼ਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਸੂਚਨਾ ਮਿਲਣ ’ਤੇ ਲੁਧਿਆਣਾ ਪੁਲਸ ਕਾਨੂੰਨੀ ਕਾਰਵਾਈ ਮੁਕੰਮਲ ਕਰ ਕੇ ਹੁਸ਼ਿਆਰਪੁਰ ਪਹੁੰਚੀ ਅਤੇ ਮੁਲਜ਼ਮ ਗੌਰਵ ਕੁਮਾਰ ਨੂੰ ਆਪਣੇ ਨਾਲ ਲੈ ਗਈ। ਲੁਧਿਆਣਾ ਪੁਲਸ ਅਨੁਸਾਰ ਉਕਤ ਮੁਲਜ਼ਮ ਵਿਰੁੱਧ ਸਨੈਚਿੰਗ ਦੇ ਕੇਸ ਦਰਜ ਹਨ ਅਤੇ ਫਿਲਹਾਲ ਮੁਲਜ਼ਮ ਕੇਂਦਰੀ ਜੇਲ ਲੁਧਿਆਣਾ ਵਿਚ ਹਵਾਲਾਤੀ ਵਜੋਂ ਬੰਦ ਹੈ।

ਪਿਸ਼ਾਬ ਕਰਨ ਬਹਾਨੇ ਹੋਇਆ ਸੀ ਫ਼ਰਾਰ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਪੁਲਸ ਵੱਲੋਂ ਮੁਲਜ਼ਮ ਗੌਰਵ ਨੂੰ 30 ਸਤੰਬਰ ਨੂੰ ਲੁਧਿਆਣਾ ਬੱਸ ਸਟੈਂਡ ਤੋਂ ਮੋਬਾਇਲ ਖੋਹਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। 3 ਅਕਤੂਬਰ ਨੂੰ ਦੋਸ਼ੀ ਨੂੰ ਨਿਆਇਕ ਹਿਰਾਸਤ ਵਿਚ ਕੇਂਦਰੀ ਜੇਲ ਭੇਜ ਦਿੱਤਾ ਗਿਆ, ਜਿੱਥੇ ਉਸ ਨੂੰ ਮਿਰਗੀ ਦੇ ਦੌਰੇ ਪੈਣ ’ਤੇ ਜੇਲ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਸ ਦੀ ਵਿਗਡ਼ਦੀ ਹਾਲਤ ਨੂੰ ਵੇਖਦਿਆਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਦੂਸਰੀ ਮੰਜ਼ਿਲ ’ਤੇ ਸਥਿਤ ਗਾਰਦ ਦੇ ਕਮਰੇ ਵਿਚ ਸ਼ਿਫਟ ਕਰ ਦਿੱਤਾ ਗਿਆ। ਬੀਤੇ ਸ਼ਨੀਵਾਰ ਉਹ 5 ਵਜੇ ਦੇ ਕਰੀਬ ਪਿਸ਼ਾਬ ਕਰਨ ਦੇ ਬਹਾਨੇ ਬਾਥਰੂਮ ਵਿਚ ਦਾਖਲ ਹੋਇਆ। ਜਦੋਂ ਉਹ ਕਾਫ਼ੀ ਦੇਰ ਤੱਕ ਬਾਹਰ ਨਾ ਆਇਆ ਤਾਂ ਗਾਰਦ ਵੱਲੋਂ ਅੰਦਰ ਜਾ ਕੇ ਵੇਖਣ ’ਤੇ ਪਤਾ ਲੱਗਾ ਕਿ ਉਹ ਖਿਡ਼ਕੀ ਵਿਚੋਂ ਛਾਲ ਮਾਰ ਕੇ ਫ਼ਰਾਰ ਹੋ ਗਿਆ ਹੈ। ਜਦੋਂ ਪੁਲਸ ਉਸ ਦੀ ਭਾਲ ’ਚ ਚੌਕਸ ਹੋਈ ਤਾਂ ਇਕ ਰਿਕਸ਼ਾ ਚਾਲਕ ਨੇ ਕਿਹਾ ਕਿ ਉਸ ਨੇ ਮੁਲਜ਼ਮ ਨੂੰ ਕੰਧ ਟੱਪਦਿਆਂ ਵੇਖਿਆ ਹੈ।

ਗੁਪਤ ਜਾਣਕਾਰੀ ਦੇ ਆਧਾਰ ’ਤੇ ਆਇਆ ਕਾਬੂ : ਐੱਸ. ਐੱਚ. ਓ. ਬੰਟੀ

ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਬੀਤੇ ਦਿਨੀਂ ਲੁਧਿਆਣਾ ਪੁਲਸ ਤੋਂ ਅਲਰਟ ਮਿਲਿਆ ਸੀ ਕਿ ਫ਼ਰਾਰ ਹਵਾਲਾਤੀ ਗੌਰਵ ਕੁਮਾਰ ਪੁੱਤਰ ਰਾਜ ਕੁਮਾਰ, ਨਿਵਾਸੀ ਪੰਧੇਰਾਂ ਮੁਹੱਲਾ ਫਿਲੌਰ, ਜ਼ਿਲਾ ਜਲੰਧਰ ਹੁਸ਼ਿਆਰਪੁਰ ਵੱਲ ਆ ਗਿਆ ਹੈ। ਸੂਚਨਾ ਮਿਲਦੇ ਹੀ ਪੁਲਸ ਨੂੰ ਅਲਰਟ ਕਰ ਦਿੱਤਾ ਗਿਆ। ਇਸ ਦੌਰਾਨ ਸੂਚਨਾ ਮਿਲੀ ਕਿ ਫਤਿਹਗਡ਼੍ਹ ਰੋਡ ’ਤੇ ਇਕ ਸ਼ੱਕੀ ਵਿਅਕਤੀ ਘੁੰਮ ਰਿਹਾ ਹੈ। ਜਦੋਂ ਉਸ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਲੁਧਿਆਣਾ ਦੇ ਸਿਵਲ ਹਸਪਤਾਲ ਵਿਚੋਂ ਫ਼ਰਾਰ ਹੋਇਆ ਗੌਰਵ ਕੁਮਾਰ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਮੁਲਜ਼ਮ ਗੌਰਵ ਕੁਮਾਰ ਨੂੰ ਲੁਧਿਆਣਾ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।


Bharat Thapa

Content Editor

Related News