ਦੱਸੀ ਦੁਕਾਨ ਤੋਂ ਸਾਮਾਨ ਨਾ ਲਿਆ ਕੇ ਦੇਣ ’ਤੇ ਡਾਕਟਰ ਨੇ ਆਪ੍ਰੇਸ਼ਨ ਤੋਂ ਦਿੱਤਾ ਜਵਾਬ
Sunday, Jul 15, 2018 - 08:01 AM (IST)

ਤਪਾ ਮੰਡੀ (ਮੇਸ਼ੀ, ਸ਼ਾਮ, ਮਾਰਕੰਡਾ) – ਸਿਵਲ ਹਸਪਤਾਲ ਵਿਖੇ ਤਾਇਨਾਤ ਹੱਡੀਅਾਂ ਦੇ ਮਾਹਰ ਡਾਕਟਰ ਵੱਲੋਂ ਬਾਹਰੋਂ ਅਾਪ੍ਰੇਸ਼ਨ ਦਾ ਸਾਮਾਨ ਨਾ ਲਿਆ ਕੇ ਦੇਣ ’ਤੇ ਮਰੀਜ਼ ਦਾ ਆਪ੍ਰੇਸ਼ਨ ਕਰਨ ਤੋਂ ਕਥਿਤ ਤੌਰ ’ਤੇ ਕੋਰਾ ਜਵਾਬ ਦੇਣ ਅਤੇ ਮਰੀਜ਼ ਦੇ ਰਿਸ਼ਤੇਦਾਰਾਂ ਨਾਲ ਬੁਰਾ ਵਿਵਹਾਰ ਕਰਨ ’ਤੇ ਗੁੱਸੇ ਵਿਚ ਆਏ ਮਰੀਜ਼ ਦੇ ਕਰੀਬੀਆਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਹਸਪਤਾਲ ’ਚ ਐੈੱਸ. ਐੱਮ. ਓ. ਦਫਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਸੰਪੂਰਨ ਸਿੰਘ ਵਾਸੀ ਭਦੌਡ਼ ਦੇ ਇਕ ਰਿਸ਼ਤੇਦਾਰ ਜਗਦੇਵ ਸਿੰਘ ਵਾਸੀ ਬਠਿੰਡਾ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦਾ ਮਰੀਜ਼ ਸਿਵਲ ਹਸਪਤਾਲ ਵਿਖੇ ਦਾਖਲ ਹੋਇਆ, ਜਿਸ ਦੀ ਲੱਤ ਟੁੱਟੀ ਹੋਣ ਕਰ ਕੇ ਸਿਵਲ ਹਸਪਤਾਲ ਵਿਖੇ ਤਾਇਨਾਤ ਹੱਡੀਅਾਂ ਦੇ ਮਾਹਰ ਡਾਕਟਰ ਨੇ ਹਸਪਤਾਲ ਵਿਚ ਸਾਮਾਨ ਨਾ ਹੋਣ ਕਰ ਕੇ ਆਪ੍ਰੇਸ਼ਨ ਸਬੰਧੀ ਲੋਡ਼ੀਂਦੇ ਸਾਮਾਨ ਦੀ ਇਕ ਪਰਚੀ ਲਿਖ ਕੇ ਦਿੱਤੀ ਅਤੇ ਬਾਹਰੋਂ ਸਬੰਧਤ ਦੁਕਾਨ ਤੋਂ ਸਾਮਾਨ ਲਿਆਉਣ ਲਈ ਕਿਹਾ। ਹਸਪਤਾਲ ਨੇੜਲੀ ਦੁਕਾਨ ’ਤੇ ਉਕਤ ਸਾਮਾਨ ਦੀ ਕੀਮਤ ਕਰੀਬ 15 ਹਜ਼ਾਰ ਰੁਪਏ ਦੱਸੀ ਗਈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਉਕਤ ਸਾਮਾਨ ਬਠਿੰਡਾ ਤੋਂ ਲਿਆ ਕੇ ਦੇਣ ਲਈ ਕਿਹਾ ਤਾਂ ਡਾਕਟਰ ਨੇ ਆਪ੍ਰੇਸ਼ਨ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਅਤੇ ਮਰੀਜ਼ ਨੂੰ ਲੈ ਕੇ ਜਾਣ ਲਈ ਕਿਹਾ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਡਾਕਟਰ ਨੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਵੀ ਕੀਤੀ।
ਮਰੀਜ਼ ਨੂੰ ਪੱਖਾ ਵੀ ਘਰੋਂ ਲਿਆ ਕੇ ਦਿੱਤੈ : ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਰੀਜ਼ 3 ਦਿਨ ਤੋਂ ਹੀ ਬੈੱਡ ’ਤੇ ਧੁੱਪ ਵਾਲੀ ਬਾਰੀ ਕੋਲ ਪਾਇਆ ਹੋਇਆ ਹੈ, ਜਿਸ ਦੀ ਕੋਈ ਸੰਭਾਲ ਨਹੀਂ ਹੈ ਅਤੇ ਉਹ ਪੱਖਾ ਵੀ ਆਪਣੇ ਘਰੋਂ ਹੀ ਲੈ ਕੇ ਆਏ ਹਨ। ਉਕਤ ਡਾਕਟਰ ਨੇ ਮਰੀਜ਼ ਨਾਲ ਆਏ ਰਿਸ਼ਤੇਦਾਰਾਂ ਅਤੇ ਮਿੱਤਰਾਂ ਨਾਲ ਬੁਰਾ ਵਰਤਾਓ ਕੀਤਾ ਤਾਂ ਰੋਹ ਵਿਚ ਆਏ ਲੋਕਾਂ ਗੁਰਨਾਮ ਸਿੰਘ ਭੋਤਨਾ ਬਲਾਕ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ, ਮੱਖਣ ਸਿੰਘ, ਸੁਖਰਾਜ ਸਿੰਘ, ਸਿਕੰਦਰ ਸਿੰਘ, ਸੋਮਨਾਥ ਕਾਮਰੇਡ, ਭੋਲਾ ਸਿੰਘ, ਜੱਗਾ ਸਿੰਘ, ਮੁਗਲ ਸਿੰਘ, ਭੁਪਿੰਦਰ ਸਿੰਘ, ਇੰਦਰਜੀਤ ਸਿੰਘ ਆਦਿ ਨੇ ਸਿਵਲ ਹਸਪਤਾਲ ਵਿਖੇ ਨਾਅਰੇਬਾਜ਼ੀ ਕੀਤੀ।
ਕੀ ਕਹਿਣਾ ਹੈ ਸੰਬੰਧਤ ਡਾਕਟਰ ਦਾ
ਦੂਜੇ ਪਾਸੇ ਹੱਡੀਅਾਂ ਦੇ ਸੰਬੰਧਤ ਡਾਕਟਰ ਨੇ ਮਾਡ਼ੇ ਵਰਤਾਓ ਦੀ ਮੁਅਾਫੀ ਮੰਗੀ ਹੈ ਅਤੇ ਪੈਸੇ ਮੰਗਣ ਦੀ ਗੱਲ ਨੂੰ ਝੂਠ ਦੱਸਿਆ ਹੈ।
ਪੁਲਸ ਨੇ ਕਰਵਾਇਆ ਮਾਹੌਲ ਸ਼ਾਂਤ
ਇਸ ਮੌਕੇ ਸਿਟੀ ਪੁਲਸ ਇੰਚਾਰਜ ਰਾਮ ਲੁਭਾਇਆ ਨੇ ਅਾਪਣੀ ਟੀਮ ਸਣੇ ਪੁੱਜਕੇ ਮਾਹੌਲ ਨੂੰ ਸ਼ਾਤ ਕਰਵਾਇਆ। ਪ੍ਰਦਰਸ਼ਨਕਾਰੀਅਾਂ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਇਹੋ ਜਿਹੇ ਡਾਕਟਰਾਂ ਨੂੰ ਨੱਥ ਪਾਈ ਜਾਵੇ ਅਤੇ ਡਾਕਟਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਡਾਕਟਰ ਵਿਰੁੱਧ ਕੋਈ ਕਾਰਵਾਈ ਨਾ ਹੋਈ ਤਾਂ ਇਸ ਮਾਮਲੇ ਨੂੰ ਵੱਡੀ ਪੱਧਰ ’ਤੇ ਲਿਆਇਆ ਜਾਵੇਗਾ।