3 ਦਿਨਾਂ ਤੋਂ ਬਿਜਲੀ ਕੱਟ ਕਾਰਨ ਭੜਕੇ ਲੋਕ! ਪਾਵਰਕਾਮ ਖ਼ਿਲਾਫ਼ ਦਿੱਤਾ ਧਰਨਾ
Monday, Sep 08, 2025 - 03:43 PM (IST)

ਲੁਧਿਆਣਾ (ਖੁਰਾਣਾ): ਚੰਡੀਗੜ੍ਹ ਰੋਡ ’ਤੇ ਸਥਿਤ ਭਾਮੀਆਂ ਅਤੇ ਕੁਲੀਆਂਵਾਲ ਦੀਆਂ ਅੱਧੀ ਦਰਜਨ ਕਾਲੋਨੀਆਂ ’ਚ ਰਹਿਣ ਵਾਲੇ ਪਰਿਵਾਰਾਂ ਨੇ ਇਲਾਕੇ ਦੀਆਂ ਮੁੱਖ ਸੜਕਾਂ ’ਤੇ ਉਤਰ ਕੇ ਸਰਕਾਰ ਅਤੇ ਪਾਵਰਕਾਮ ਦੇ ਅਧਿਕਾਰੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ। ਵੱਡੀ ਗਿਣਤੀ ’ਚ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲੈਣ ਵਾਲੀਆਂ ਔਰਤਾਂ ਨੇ ਦੋਸ਼ ਲਗਾਇਆ ਹੈ ਕਿ ਪਿਛਲੇ 3 ਦਿਨਾਂ ਤੋਂ ਇਲਾਕੇ ’ਚ ਬਿਜਲੀ ਕੱਟ ਕਾਰਨ ਉਨ੍ਹਾਂ ਦੇ ਪਰਿਵਾਰ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ ਪਰ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਇਲਾਕੇ ’ਚ 2 ਵਿਧਾਇਕਾਂ ਦੀ ਮੌਜੂਦਗੀ ਦੇ ਬਾਵਜੂਦ, ਕੋਈ ਵੀ ਲੋਕਾਂ ਦੀ ਗੱਲ ਨਹੀਂ ਸੁਣ ਰਿਹਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵੱਡਾ ਬਦਲਾਅ! ਕਿਸੇ ਵੇਲੇ ਵੀ ਹੋ ਸਕਦੈ ਐਲਾਨ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਲਾਕਾ 2 ਵੱਖ-ਵੱਖ ਵਿਧਾਨ ਸਭਾ ਹਲਕਿਆਂ ਅਧੀਨ ਆਉਂਦਾ ਹੈ, ਜਿਸ ’ਚ ਇਕ ਇਲਾਕੇ ’ਚ ਵਿਧਾਇਕ ਦਲਜੀਤ ਸਿੰਘ ਗਰੇਵਾਲ ਹਨ ਅਤੇ ਦੂਜਾ ਇਲਾਕਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਹੈ। ਇਲਾਕੇ ਦੇ ਵਸਨੀਕਾਂ ਨੇ ਦੋਸ਼ ਲਗਾਇਆ ਹੈ ਕਿ ਪਾਵਰਕਾਮ ਵਿਭਾਗ ਦੇ ਟੋਲ-ਫ੍ਰੀ ਨੰਬਰ ’ਤੇ ਆਨਲਾਈਨ ਸ਼ਿਕਾਇਤ ਕਰਨ ’ਤੇ ਪਾਵਰਕਾਮ ਨੇ ਇਲਾਕੇ ਦੇ ਵਸਨੀਕਾਂ ਨੂੰ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਗੁੰਮਰਾਹ ਕਰਨ ਲਈ ਸੁਨੇਹਾ ਭੇਜਿਆ ਹੈ, ਜਦੋਂ ਕਿ ਇਲਾਕੇ ’ਚ ਬਿਜਲੀ ਅਜੇ ਤੱਕ ਨਹੀਂ ਆਈ।
ਉਨ੍ਹਾਂ ਕਿਹਾ ਕਿ ਬਿਜਲੀ ਅਤੇ ਪਾਣੀ ਤੋਂ ਬਿਨਾਂ ਇਲਾਕੇ ਦੀਆਂ ਦਰਜਨਾਂ ਕਾਲੋਨੀਆਂ ’ਚ ਰਹਿਣ ਵਾਲੇ ਪਰਿਵਾਰ ਆਦਿਵਾਸੀਆਂ ਵਾਂਗ ਰਹਿਣ ਲਈ ਮਜਬੂਰ ਹਨ। ਇਸ ਦੌਰਾਨ ਕੁਲੀਆਂਵਾਲ ਇਲਾਕੇ ’ਚ ਸਥਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਅਤੇ ਸੰਗਤ ਨੇ ਦਿਖਾਇਆ ਕਿ ਕਿਵੇਂ 11,000 ਕਿਲੋ ਵਾਟ ਦੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਗੁਰਦੁਆਰਾ ਸਾਹਿਬ ਦੀ ਛੱਤ ’ਤੇ ਲਟਕ ਰਹੀਆਂ ਹਨ, ਜੋ ਕਿਸੇ ਵੀ ਸਮੇਂ ਘਾਤਕ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਗੰਭੀਰ ਮਾਮਲੇ ਸਬੰਧੀ ਪਾਵਰਕਾਮ ਦੇ ਵੱਖ-ਵੱਖ ਜੇਈਜ਼ ਨੂੰ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਉਹ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਹੋ ਸਕਦਾ ਹੈ ਕਿ ਉਹ ਕਿਸੇ ਵੱਡੇ ਭਿਆਨਕ ਹਾਦਸੇ ਦੀ ਉਡੀਕ ਕਰ ਰਹੇ ਹੋਣ।
ਮੀਂਹ ਕਾਰਨ 53 ਬਿਜਲੀ ਟਰਾਂਸਫਾਰਮਰ ਸੜ ਗਏ
ਪੰਜਾਬ ਰਾਜ ਬਿਜਲੀ ਨਿਗਮ ਦੇ ਫੋਕਲ ਪੁਆਇੰਟ ਡਵੀਜ਼ਨ ਦੇ ਅਧਿਕਾਰੀ ਅਮਰਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਲਾਕੇ ’ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੁਰੱਖਿਆ ਲਈ ਪਿਛਲੇ ਮਹੀਨੇ ਤੋਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। 3 ਦਿਨਾਂ ਦੌਰਾਨ ਬਿਜਲੀ ਫੀਡਰ ਕੁਝ ਸਮੇਂ ਲਈ ਬੰਦ ਕੀਤੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਅਮਨ ਅਰੋੜਾ ਦਾ ਵੱਡਾ ਬਿਆਨ
ਉਨ੍ਹਾਂ ਦੱਸਿਆ ਕਿ ਕਈ ਇਲਾਕਿਆਂ ’ਚ ਮੀਂਹ ਦਾ ਪਾਣੀ ਇਕੱਠਾ ਹੋਣ ਕਾਰਨ ਬਿਜਲੀ ਦਾ ਝਟਕਾ ਲੱਗਣ ਦੀ ਸੰਭਾਵਨਾ ਹੈ, ਇਸ ਲਈ ਪੂਰੇ ਸ਼ਹਿਰ ’ਚ ਕੁਝ ਬਿਜਲੀ ਲਾਈਨਾਂ ਬੰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਵੀ ਸਵੇਰੇ ਕੁਝ ਸਮੇਂ ਲਈ ਫੀਡਰ ਬੰਦ ਕਰਨ ਤੋਂ ਬਾਅਦ ਇਲਾਕੇ ’ਚ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਸ਼ਹਿਰ ਭਰ ’ਚ ਵਿਭਾਗ ਦੇ 53 ਬਿਜਲੀ ਟਰਾਂਸਫਾਰਮਰ ਸੜ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8