ਸਿਵਲ ਹਸਪਤਾਲ ’ਚ ਲੱਗੀ ਅੱਗ, ਮਚੀ ਹਫਡ਼ਾ-ਦਫਡ਼ੀ

08/17/2018 4:08:08 AM

ਲੁਧਿਆਣਾ,  (ਸਹਿਗਲ)-  ਸਥਾਨਕ ਸਿਵਲ ਹਸਪਤਾਲ ਦੀ ਆਈ. ਓ. ਪੀ. ਡੀ. ’ਚ ਅੱਜ ਸ਼ਾਮ ਅੱਗ  ਲੱਗਣ ਨਾਲ ਹਫ਼ਡ਼ਾ-ਦਫਡ਼ੀ ਦੀ ਹਾਲਤ ਬਣ ਗਈ। ਅੱਗ ਲੱਗਣ ਦਾ ਕਾਰਨ ਏਅਰ ਕੰਡੀਸ਼ਨ ’ਚ ਸ਼ਾਰਟ ਸਰਕਟ ਦੱਸਿਆ ਜਾਂਦਾ ਹੈ। ਘਟਨਾ ਮੌਕੇ  ਓ. ਪੀ. ਡੀ. ਬੰਦ ਸੀ। ਅੱਗ ਲੱਗਣ ਦਾ ਉਸ ਸਮੇਂ ਪਤਾ ਲੱਗਾ, ਜਦੋਂ ਧੂੰਆਂ ਦਰਵਾਜ਼ੇ ਦੇ ਹੇਠੋਂ ਬਾਹਰ ਆਉਣ ਲੱਗਾ। ਮੌਕੇ ’ਤੇ ਬੈਠੇ ਸੁਪਰਵਾਈਜ਼ਰ, ਸੰਨੀ ਤੇ ਸੁਰਜੀਤ ਨੇ ਅੱਗ ਬੁਝਾਉਣ ਵਾਲੇ ਯੰਤਰਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਿਸੇ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਹਸਪਤਾਲ ’ਚ ਸਥਿਤ ਪੁਲਸ ਚੌਕੀ ਦੇ ਇੰਚਾਰਜ ਸੁਨੀਲ ਕੁਮਾਰ ਨੇ ਪਹਿਲੀ ਮੰਜ਼ਿਲ ’ਤੇ ਸਥਿਤ ਵਾਰਡ ’ਚ ਭਰਤੀ ਮਰੀਜ਼ਾਂ ਨੂੰ ਸੁਰੱਖਿਅਤ ਸਥਾਨ ’ਤੇ ਸ਼ਿਫਟ ਕਰ ਦਿੱਤਾ। 
ਇਸ ਸਬੰਧੀ ਹਸਪਤਾਲ ਦੀ ਐੱਸ. ਐੱਮ. ਓ. ਡਾ. ਗੀਤਾ ਨੇ ਦੱਸਿਆ ਕਿ ਅੱਗ ਲੱਗਣ ਨਾਲ ਕਿਸੇ ਮਰੀਜ਼ ਨੂੰ  ਕੋਈ ਨੁਕਸਾਨ ਨਹੀਂ ਹੋਇਆ। ਫਾਇਰ ਬ੍ਰਿਗੇਡ ਦੇ ਆਉਣ ਤੋਂ ਬਾਅਦ ਅੱਗ ਨੂੰ ਕਾਬੂ ਕਰ ਲਿਆ ਗਿਆ ਤੇ ਵਾਰਡ ’ਚ ਭਰਤੀ ਮਰੀਜ਼ ਵੀ ਸੁਰੱਖਿਅਤ ਹਨ। ਸੂਤਰਾਂ ਅਨੁਸਾਰ ਅੱਗ ਨਾਲ ਏਅਰ ਕੰਡੀਸ਼ਨ ਤੇ ਫਰਨੀਚਰ ਆਦਿ ਦਾ ਨੁਕਸਾਨ ਹੋਇਆ ਹੈ।


Related News