ਸਿਵਲ ਹਸਪਤਾਲ ਦੀ ਲਾਪ੍ਰਵਾਹੀ, ਲਾਸ਼ ਨੂੰ ਅਣਪਛਾਤੀ ਦੱਸ ਕੇ ਸੋਸ਼ਲ ਮੀਡੀਆ ''ਤੇ ਫੋਟੋ ਕੀਤੀ ਵਾਇਰਲ
Saturday, Apr 18, 2020 - 04:34 PM (IST)
ਲੁਧਿਆਣਾ (ਰਾਜ) : ਸਿਵਲ ਹਸਪਤਾਲ ਲਾਪ੍ਰਵਾਹੀ ਤੋਂ ਬਾਜ਼ ਨਹੀਂ ਆ ਰਿਹਾ। 2 ਦਿਨ ਪਹਿਲਾਂ ਪਰਿਵਾਰ ਵਾਲਿਆਂ ਵੱਲੋਂ ਦਾਖਲ ਕਰਵਾਏ ਮਰੀਜ਼ ਦੀ ਮੌਤ ਹੋ ਗਈ। ਹਸਪਤਾਲ ਪ੍ਰਸ਼ਾਸਨ ਨੇ ਪਰਿਵਾਰ ਵਾਲਿਆਂ ਨੂੰ ਦੱਸਣ ਦੀ ਬਜਾਏ ਮ੍ਰਿਤਕ ਨੂੰ ਅਣਪਛਾਤਾ ਦੱਸ ਕੇ ਉਸ ਦੀ ਫੋਟੋ ਅਤੇ ਜਾਣਕਾਰੀ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਜਿਥੋਂ ਫੋਟੋ ਦੇਖ ਕੇ ਮ੍ਰਿਤਕ ਦੇ ਬੇਟੇ ਨੂੰ ਪਿਤਾ ਦੀ ਮੌਤ ਦਾ ਪਤਾ ਲੱਗਾ। ਫਿਰ ਉਹ ਹਸਪਤਾਲ ਪੁੱਜੇ। ਜਾਣਕਾਰ ਜਾਂ ਅਣਜਾਣ ਬਣਾਉਣ ਦੀ ਗੱਲ ਪੁੱਛਣ 'ਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਯੋਗ ਜਵਾਬ ਨਹੀਂ ਦਿੱਤਾ ਗਿਆ। ਹਾਲਾਂਕਿ ਇਹ ਦੱਸ ਦਈਏ ਕਿ ਮ੍ਰਿਤਕ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।
15 ਨੂੰ ਲਿਆਏ ਸਨ ਹਸਪਤਾਲ, ਸ਼ੱਕੀ ਦੱਸ ਕੇ ਸੈਂਪਲ ਟੈਸਟ ਲਈ ਭੇਜ ਕੇ ਰੱਖਿਆ ਸੀ ਆਈਸੋਲੇਸ਼ਨ ਵਾਰਡ 'ਚ
ਪਿੱਪਲ ਚੌਕ ਦੇ ਕੋਲ ਰਹਿਣ ਵਾਲੇ ਮੁਹੰਮਦ ਯੂਨਿਸ ਨੇ ਦੱਸਿਆ ਕਿ ਉਸ ਦੇ ਦੋਸਤ ਅਤਾਉਲ ਰਹਿਮਾਨ ਦੇ ਪਿਤਾ ਮੁਹੰਮਦ ਸ਼ਬੀਰਾ ਖਾਨ ਦੀ 15 ਅਪ੍ਰੈਲ ਨੂੰ ਅਚਾਨਕ ਸਿਹਤ ਖਰਾਬ ਹੋ ਗਈ ਸੀ। ਅਤਾਉਲ ਰਹਿਮਾਨ ਆਪਣੇ ਹੋਰ ਦੋਸਤ ਨਾਲ ਪਿਤਾ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਸਿਵਲ ਹਸਪਤਾਲ ਲੈ ਕੇ ਆਇਆ। ਉਸ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਸੀ। ਇਸ ਲਈ ਡਾਕਟਰਾਂ ਨੇ ਕੋਰੋਨਾ ਸ਼ੱਕੀ ਸਮਝ ਕੇ ਉਸ ਦੇ ਪਿਤਾ ਨੂੰ ਦਾਖਲ ਕਰ ਲਿਆ ਅਤੇ ਉਸ ਦਾ ਸੈਂਪਲ ਜਾਂਚ ਲਈ ਭੇਜ ਦਿੱਤਾ। ਉਸ ਦੇ ਪਿਤਾ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ, ਉਥੇ ਮੌਜੂਦ ਡਾਕਟਰਾਂ ਨੇ ਉਸ ਦੇ ਬੇਟੇ ਅਤੇ ਪਰਿਵਾਰ ਨੂੰ ਵਾਪਸ ਘਰ ਜਾਣ ਲਈ ਕਿਹਾ ਕਿ ਉਹ ਮਰੀਜ਼ ਦੀ ਦੇਖਭਾਲ ਕਰਨਗੇ। ਜਦੋਂ ਉਹ ਕੁਝ ਠੀਕ ਹੋਣਗੇ ਤਾਂ ਉਨ੍ਹਾਂ ਨੂੰ ਬੁਲਾ ਲਿਆ ਜਾਵੇਗਾ।
ਬੇਟੇ ਦਾ ਦੋਸ਼, ਡਾਕਟਰ ਬੋਲੇ ਘਰ ਜਾਓ ਅਸੀਂ ਖੁਦ ਕਰਾਂਗੇ ਕੇਅਰ
ਅਤਾਉਲ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਚਲੇ ਗਏ। ਅਗਲੀ ਸ਼ਾਮ ਨੂੰ ਕਿਸੇ ਨੇ ਉਸ ਨੂੰ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਉਸ ਦੇ ਪਿਤਾ ਦੀ ਫੋਟੋ ਵਾਇਰਲ ਹੋ ਰਹੀ ਹੈ। ਜਦੋਂ ਉਸ ਨੇ ਦੇਖਿਆ ਤਾਂ ਪਤਾ ਲੱਗਾ ਕਿ ਉਸ ਦੇ ਪਿਤਾ ਦੀ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ ਅਤੇ ਉਨ੍ਹਾਂ ਨੂੰ ਅਣਪਛਾਤਾ ਦੱਸ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਫੋਟੋ ਅਤੇ ਜਾਣਕਾਰੀ ਵਾਇਰਲ ਕੀਤੀ ਗਈ ਸੀ।
ਢਾਈ ਸਾਲਾ ਬੱਚੀ ਦੀ ਸ਼ੱਕੀ ਮੌਤ, ਸੈਂਪਲ ਜਾਂਚ ਲਈ ਭੇਜੇ
ਸਿਵਲ ਹਸਪਤਾਲ 'ਚ ਈ. ਡਬਲਿਊ. ਐੱਸ. ਕਾਲੋਨੀ ਦੀ ਢਾਈ ਸਾਲ ਦੀ ਬੱਚੀ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਇਕ ਦਿਨ ਪਹਿਲਾਂ ਹੀ ਉਸ ਦੇ ਪਿਤਾ ਸੁਬੋਧ ਸਾਹ ਦੀ ਪ੍ਰਾਬਲਮ ਦੀ ਸ਼ਿਕਾਇਤ ਲੈ ਕੇ ਆਏ ਸਨ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਦਾਖਲ ਕਰ ਕੇ ਇਲਾਜ ਸ਼ੁਰੂ ਕਰ ਦਿੱਤਾ ਸੀ ਪਰ ਉਸ ਦੀ ਹਾਲਤ ਗੰਭੀਰ ਸੀ। ਅਜੇ ਡਾਕਟਰ ਬੱਚੀ ਨੂੰ ਪ੍ਰਾਈਵੇਟ ਹਸਪਤਾਲ 'ਚ ਰੈਫਰ ਕਰਨ ਦੀ ਤਿਆਰੀ ਵਿਚ ਸਨ ਕਿ ਬੱਚੀ ਨੇ ਦਮ ਤੋੜ ਦਿੱਤਾ ਸੀ। ਡਾਕਟਰਾਂ ਨੇ ਬੱਚੀ ਨੂੰ ਕੋਰੋਨਾ ਦਾ ਸ਼ੱਕ ਪ੍ਰਗਟਾਇਆ ਹੈ। ਇਸ ਲਈ ਉਸ ਦਾ ਸੈਂਪਲ ਜਾਂਚ ਲਈ ਭੇਜਿਆ ਹੈ। ਸੁਬੋਧ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਦੀ ਲਾਸ਼ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾਈ ਗਈ ਹੈ ਜੋ ਕਿ ਸੈਂਪਲ ਆਉਣ ਤੋਂ ਬਾਅਦ ਹੀ ਉਸ ਨੂੰ ਮਿਲੇਗਾ।
ਟੀ. ਬੀ. ਮਰੀਜ਼ਾਂ ਨੂੰ ਮਿਲੇਗੀ ਮਹੀਨੇ ਦੀ ਦਵਾਈ
ਟੀ. ਬੀ. ਮਰੀਜ਼ਾਂ ਲਈ ਹੈਲਥ ਵਿਭਾਗ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਨ੍ਹਾਂ ਨੂੰ ਰੋਜ਼ ਦਵਾਈ ਲੈਣ ਲਈ ਡਾਟ ਸੈਂਟਰ ਨਹੀਂ ਜਾਣਾ ਪਵੇਗਾ। ਉਨ੍ਹਾਂ ਨੂੰ ਇਕ ਮਹੀਨੇ ਦੀ ਦਵਾਈ ਇਕੱਠੀ ਮਿਲੇਗੀ। ਅਸਲ 'ਚ ਟੀ. ਬੀ. ਦੇ ਮਰੀਜ਼ਾਂ ਨੂੰ ਰੋਜ਼ਾਨਾ ਦਵਾਈ ਲੈਣੀ ਪੈਂਦੀ ਹੈ। ਇਸ ਲਈ ਉਨ੍ਹਾਂ ਨੂੰ ਦਵਾਈ ਲੈਣ ਲਈ ਰੋਜ਼ਾਨਾ ਆਉਣਾ ਪੈਂਦਾ ਸੀ। ਇਸ ਲਈ ਹੁਣ ਉਨ੍ਹਾਂ ਨੂੰ ਇਕ ਮਹੀਨੇ ਦੀ ਦਵਾਈ ਇਕੱਠੀ ਦਿੱਤੀ ਜਾਵੇਗੀ।