ਸਿਵਲ ਹਸਪਤਾਲ ਭਾਦਸੋਂ ’ਚ ਮਰੀਜ਼ਾਂ ਦਾ ਰੱਬ ਰਾਖਾ
Thursday, Jul 19, 2018 - 01:38 AM (IST)

ਭਾਦਸੋਂ(ਹਰਦੀਪ)-ਭਾਦਸੋਂ ਦੇ ਸਿਵਲ ਹਸਪਤਾਲ ਵਿਖੇ ਮਰੀਜਾਂ ਨੂੰ ਮੁਸ਼ਕਲਾਂ ਦਾ ਸਾਹਮਾਣਾ ਕਰਨਾ ਪੈ ਰਿਹਾ। ਅੱਜ ਤਰਕਸ਼ੀਲ ਸੁਸਾਇਟੀ ਦੇ ਸੀਨੀਅਰ ਆਗੂ ਸੋਹਣ ਥਾਪਰ, ਮੈਡਮ ਸੁਨੀਤਾ ਰਾਣੀ, ਕਮਲ ਕੁਮਾਰ ਆਦਿ ਮਰੀਜ਼ਾਂ ਨੇ ਦੱਸਿਆ ਕਿ ਅੱਜ ਅਸੀਂ ਸਵੇਰ ਤੋਂ ਡਾਕਟਰ ਦੀ ਉਡੀਕ ਕਰ ਰਹੇ ਹਾਂ ਪਰ ਕਰੀਬ 12 ਵਜੇ ਤੱਕ ਸਾਨੂੰ ਚੈੱਕਅਪ ਕਰਨ ਲਈ ਕੋਈ ਡਾਕਟਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅੱਜ ਕੁਝ ਮਰੀਜ਼ਾਂ ਦੇ ਅੱਖਾਂ ਦੇ ਅਪ੍ਰੇਸ਼ਨ ਹੋਣੇ ਸਨ, ਜਿਸ ਕਰਕੇ ਮਰੀਜ਼ ਸਵੇਰੇ ਦੇ ਖੱਜਲ-ਖੁਆਰ ਹੋ ਰਹੇ ਹਨ। ਸਿਹਤ ਸਹੂਲਤਾਂ ਦੀ ਘਾਟ ਕਾਰਨ ਮਰੀਜ਼ ਇਥੋਂ ਖਾਲੀ ਹੱਥ ਹੀ ਵਾਪਸ ਜਾਂਦੇ ਹਨ। ਜਦੋਂ ਸੋਹਣ ਥਾਪਰ ਨੇ ਮੁਲਾਜ਼ਮਾਂ ਨੂੰ ਡਾਕਟਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਡਾਕਟਰ ਸਾਹਿਬ ਮੀਟਿੰਗ ’ਚ ਹਨ। ਇਸ ਮਾਮਲੇ ਸਬੰਧੀ ਜਦੋਂ ਪੱਤਰਕਾਰਾਂ ਨੇ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਹੰਸ ਰਾਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੀਂਹ ਪੈਣ ਕਾਰਨ ਹਸਪਤਾਲ ਦੀ ਛੱਤ ’ਤੇ ਪਾਣੀ ਇਕੱਠਾ ਹੋ ਗਿਆ ਸੀ, ਜਿਸ ਕਰ ਕੇ ਉਹ ਸਵੇਰੇ ਤੋਂ ਮੁਲਾਜ਼ਮਾਂ ਨੂੰ ਨਾਲ ਲੈ ਕੇ ਖਡ਼ੇ੍ਹ ਪਾਣੀ ਦੀ ਸਫਾਈ ਕਰਵਾ ਰਹੇ ਸਨ। ਉਨ੍ਹਾਂ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਮਰੀਜ਼ਾਂ ਦੇ ਅਪ੍ਰੇਸ਼ਨ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਡਾਕਟਰਾਂ ਦੀ ਘਾਟ ਹੈ, ਜਿਸ ਕਰਕੇ ਮਰੀਜ਼ਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ।