ਹਾਲ-ਏ-ਸਿਵਲ ਹਸਪਤਾਲ : ਗਰਭਵਤੀ ਔਰਤ ਨੂੰ ਗੰਭੀਰ ਦੱਸ ਕੇ ਕੀਤਾ ਰੈਫਰ, ਐਂਬੂਲੈਂਸ ''ਚ ਹੋਈ ਨਾਰਮਲ ਡਲਿਵਰੀ

Friday, Apr 06, 2018 - 02:51 AM (IST)

ਹਾਲ-ਏ-ਸਿਵਲ ਹਸਪਤਾਲ : ਗਰਭਵਤੀ ਔਰਤ ਨੂੰ ਗੰਭੀਰ ਦੱਸ ਕੇ ਕੀਤਾ ਰੈਫਰ, ਐਂਬੂਲੈਂਸ ''ਚ ਹੋਈ ਨਾਰਮਲ ਡਲਿਵਰੀ

ਬਠਿੰਡਾ(ਸੁਖਵਿੰਦਰ)-ਸਿਵਲ ਹਸਪਤਾਲ ਦੇ ਵੂਮੈਨ ਤੇ ਚਿਲਡਰਨ ਹਸਪਤਾਲ ਦੇ ਡਾਕਟਰਾਂ ਵੱਲੋਂ ਗੰਭੀਰ ਦੱਸ ਕੇ ਇਕ ਗਰਭਵਤੀ ਔਰਤ ਨੂੰ ਫਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ, ਇਸ ਦੌਰਾਨ ਔਰਤ ਦੀ ਐਂਬੂਲੈਂਸ 'ਚ ਨਾਰਮਲ ਡਲਿਵਰੀ ਹੋ ਗਈ। ਔਰਤ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਹਸਪਤਾਲ ਪ੍ਰਬੰਧਕਾਂ ਨੇ ਸਹੂਲਤਾਂ ਦੀ ਘਾਟ ਦੱਸ ਕੇ ਔਰਤ ਨੂੰ ਗੰਭੀਰ ਹਾਲਤ ਵਿਚ ਦੂਜੇ ਹਸਪਤਾਲ ਲਈ ਰਵਾਨਾ ਕਰ ਦਿੱਤਾ ਜਦਕਿ ਐਂਬੂਲੈਂਸ 'ਚ ਸੀਮਤ ਸਹੂਲਤਾਂ ਦੇ ਬਾਵਜੂਦ ਉਸਨੇ ਇਕ ਤੰਦਰੁਸਤ ਬੱਚੀ ਨੂੰ ਜਨਮ ਦਿੱਤਾ। ਘਟਨਾ ਬੁੱਧਵਾਰ ਰਾਤ ਦੀ ਹੈ। ਹੁਣ ਉਕਤ ਦੋਵੇਂ ਮਾਂ-ਬੇਟੀ ਉਸ ਹੀ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਦਾਖਲ ਹਨ ਤੇ ਤੰਦਰੁਸਤ ਹਨ। ਹਾਲਾਂਕਿ ਸਿਵਲ ਹਸਪਤਾਲ ਪ੍ਰਸ਼ਾਸਨ ਇਸ ਮਾਮਲੇ ਤੋਂ ਖੁਦ ਨੂੰ ਅਣਜਾਣ ਦੱਸ ਰਿਹਾ ਹੈ।
ਰੈਫਰ ਕਰਨ ਦੇ ਕੁਝ ਮਿੰਟ ਬਾਅਦ ਹੋਈ ਡਲਿਵਰੀ 
ਹਸਪਤਾਲ ਪ੍ਰਬੰਧਨ ਵੱਲੋਂ ਔਰਤ ਨੂੰ ਰੈਫਰ ਕਰਨ ਦੇ ਕੁਝ ਮਿੰਟ ਬਾਅਦ ਹੀ ਉਸਦੀ ਐਂਬੂਲੈਂਸ 'ਚ ਡਲਿਵਰੀ ਹੋ ਗਈ। ਜਾਣਕਾਰੀ ਦਿੰਦਿਆਂ ਪਿੰਡ ਬੀੜ ਤਾਲਾਬ ਵਾਸੀ ਜਸਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਗਰਭਵਤੀ ਪਤਨੀ ਸੁਮਿਤਰਾ ਕੌਰ ਨੂੰ ਡਲਿਵਰੀ ਲਈ ਸਿਵਲ ਹਸਪਤਾਲ ਵਿਚ ਸਥਿਤ ਚਿਲਡਰਨ ਹਸਪਤਾਲ ਵਿਚ ਲੈ ਕੇ ਆਇਆ ਸੀ। 
ਹਸਪਤਾਲ ਵਿਚ ਉਸਦੀ ਪਤਨੀ ਨੂੰ ਦਾਖਲ ਕਰ ਲਿਆ ਗਿਆ। ਬੀਤੀ ਸ਼ਾਮ ਉਸਦੀ ਪਤਨੀ ਨੂੰ ਅਚਾਨਕ ਖੂਨ ਘੱਟ ਹੋਣ 'ਤੇ ਰਿਸਕ ਹੋਣ ਦੀ ਗੱਲ ਕਹਿ ਕੇ ਫਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ। ਜਦੋਂ ਉਹ 108 ਐਂਬੂਲੈਂਸ ਵਿਚ ਫਰੀਦਕੋਟ ਜਾ ਰਹੇ ਸਨ ਤਾਂ ਪਿੰਡ ਭੋਖੜਾ ਨਜ਼ਦੀਕ ਹੀ ਉਸਦੀ ਪਤਨੀ ਨੂੰ ਦਰਦ ਹੋਇਆ। ਇਸ 'ਤੇ ਐਂਬੂਲੈਂਸ 'ਚ ਮੌਜੂਦ ਈ. ਐੱਮ. ਟੀ. ਗਗਨਦੀਪ ਸਿੰਘ ਨੇ ਚਾਲਕ ਬੋਹੜ ਸਿੰਘ ਦੀ ਮਦਦ ਨਾਲ ਹੀ ਔਰਤ ਦੀ ਨਾਰਮਲ ਡਲਿਵਰੀ ਕਰਵਾ ਦਿੱਤੀ ਤੇ ਔਰਤ ਨੇ ਇਕ ਬੱਚੀ ਨੂੰ ਜਨਮ ਦਿਤਾ।
ਔਰਤ ਜਾਂ ਬੱਚੇ ਦਾ ਹੋ ਸਕਦਾ ਸੀ ਨੁਕਸਾਨ
ਇਸ ਤੋਂ ਬਾਅਦ ਉਹ ਦੋਵੇਂ ਮਾਂ-ਬੇਟੀ ਨੂੰ ਲੈ ਕੇ ਵਾਪਸ ਚਿਲਡਰਨ ਹਸਪਤਾਲ ਆ ਗਏ, ਜਿਥੇ ਫਿਰ ਤੋਂ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਭਰਤੀ ਕੀਤਾ ਗਿਆ। ਜਸਵੰਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਭਰਤੀ ਮਰੀਜ਼ ਨੂੰ ਹਾਈ ਰਿਸਕ ਕਹਿ ਕੇ ਰੈਫਰ ਕੀਤਾ ਗਿਆ ਜਦਕਿ ਐਂਬੂਲੈਂਸ ਵਿਚ ਬਿਨਾਂ ਕਿਸੇ ਖਾਸ ਸਹੂਲਤ ਦੇ ਨਾਰਮਲ ਡਲਿਵਰੀ ਹੋ ਗਈ।  ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਹਸਪਤਾਲ ਪ੍ਰਬੰਧਨ 'ਤੇ ਕਈ ਸਵਾਲ ਖੜ੍ਹੇ ਹੁੰਦੇ ਹਨ। ਇਸ ਤਰ੍ਹਾਂ ਗੰਭੀਰ ਹਾਲਤ ਵਿਚ ਰੈਫਰ ਕਰਨ ਨਾਲ ਉਸ ਦੀ ਬੱਚੀ ਜਾਂ ਉਸ ਦੀ ਪਤਨੀ ਦੀ ਜਾਨ ਦਾ ਨੁਕਸਾਨ ਵੀ ਹੋ ਸਕਦਾ ਸੀ। ਉਨ੍ਹਾਂ ਸਿਵਲ ਸਰਜਨ ਬਠਿੰਡਾ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ।


Related News