ਜਗਰਾਓਂ ਨਾਲ ਜੁੜਨ ਲੱਗੇ ਗ੍ਰਿਫਤਾਰ ਕੀਤੇ 3 ਕਸ਼ਮੀਰੀ ਵਿਦਿਆਰਥੀਆਂ ਦੇ ਤਾਰ!
Saturday, Oct 13, 2018 - 04:50 PM (IST)

ਜਗਰਾਓਂ : ਪਿਛਲੇ ਦਿਨੀਂ ਜਲੰਧਰ ਪੁਲਸ ਵਲੋਂ ਫੜ੍ਹੇ ਗਏ 3 ਕਸ਼ਮੀਰੀ ਅੱਤਵਾਦੀਆਂ ਦੇ ਤਾਰ ਜਗਰਾਓਂ ਦੇ ਪਿੰਡ ਚੌਕੀਮਾਨ ਨੇੜੇ ਬਣੀ ਸਿਟੀ ਯੂਨੀਵਰਸਿਟੀ ਨਾਲ ਜੁੜਨ ਲੱਗੇ ਹਨ। ਇਸ ਦੇ ਚੱਲਦਿਆਂ ਲੁਧਿਆਣਾ ਦੇਹਾਤ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਸਿਟੀ ਯੂਨੀਵਰਸਿਟੀ 'ਚ ਦਬਿਸ਼ ਕੀਤੀ ਅਤੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਸਬੰਧੀ ਜਾਣਕਾਰੀ ਲਈ ਅਤੇ ਇਕ ਨੌਜਵਾਨ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਵੀ ਲਿਆ।
ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਿਆ ਕਿ ਕਸ਼ਮੀਰ ਦੇ 2 ਨੌਜਵਾਨ ਉਸ ਦਿਨ ਤੋਂ ਕਾਲਜ ਨਹੀਂ ਆ ਰਹੇ, ਜਦੋਂ ਤੋਂ 3 ਅੱਤਵਾਦੀਆਂ ਨੂੰ ਪੁਲਸ ਨੇ ਜਲੰਧਰ 'ਚੋਂ ਗ੍ਰਿਫਤਾਰ ਕੀਤਾ ਹੈ। ਪੁਲਸ ਦੋਹਾਂ ਨੌਜਵਾਨਾਂ ਦੀ ਭਾਲ 'ਚ ਜੁੱਟ ਗਈ ਹੈ। ਪੁਲਸ ਸੂਤਰਾਂ ਮੁਤਾਬਕ ਉਨ੍ਹਾਂ ਦੇ ਮੋਬਾਇਲ ਨੰਬਰਾਂ ਤੋਂ ਲੋਕੇਸ਼ਨ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਸ ਨੇ ਪੁੱਛਗਿੱਛ ਲਈ ਹਿਰਾਸਤ 'ਚ ਲਏ ਨੌਜਵਾਨ ਨੂੰ ਰਿਹਾਅ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਅਤੇ ਜੰਮੂ-ਕਸ਼ਮੀਰ ਪੁਲਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਦੀਵਾਲੀ 'ਤੇ ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਇਸ ਦੌਰਾਨ ਪੁਲਸ ਨੇ ਅੱਤਵਾਦੀ ਸੰਗਠਨ ਅੰਸਾਰ ਗਜਵਤ ਉਲ ਹਿੰਦ ਦੇ 3 ਮੈਂਬਰਾਂ ਨੂੰ ਮੰਗਲਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਸੀ। ਤਿੰਨੇ ਅੱਤਵਾਦੀ ਨੌਜਵਾਨ ਜਲੰਧਰ 'ਚ ਬੀ. ਟੈੱਕ ਦੇ ਵਿਦਿਆਰਥੀ ਸਨ। ਦੋ ਸਿਟੀ ਇੰਸਟੀਚਿਊਟ 'ਚ ਪੜ੍ਹਦੇ ਸਨ, ਜਦੋਂ ਕਿ ਤੀਜਾ ਸੈਂਟ ਸੋਲਜਰ ਗਰੁੱਪ ਆਫ ਇੰਸਟੀਚਿਊਟ ਦਾ ਵਿਦਿਆਰਥੀ ਸੀ।