ਸੀਟੂ ਵਰਕਰਾਂ ਨੇ ਦਿੱਲੀ ਹਾਈਵੇਅ ਕੀਤਾ ਜਾਮ, ਵਾਹਨ ਚਾਲਕ ਰਹੇ ਪਰੇਸ਼ਾਨ
Friday, Feb 16, 2024 - 05:13 PM (IST)
ਲੁਧਿਆਣਾ (ਮੁਕੇਸ਼) : ਕਿਸਾਨਾਂ ਦੇ ਹੱਕ 'ਚ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੀਟੂ ਵਰਕਰਾਂ ਵਲੋਂ 'ਭਾਰਤ ਬੰਦ' ਦੇ ਤਹਿਤ ਸ਼ੇਰਪੁਰ ਚੌਂਕ ਦਿੱਲੀ ਹਾਈਵੇ ਜਾਮ ਕਰਕੇ ਮੋਦੀ ਸਰਕਾਰ ਦੇ ਖਿਲਾਫ ਜ਼ੋਰਦਾਰ ਰੋਸ ਵਿਖਾਵਾ ਕੀਤਾ ਗਿਆ। ਜਾਮ ਵਜੋਂ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ, ਐਂਬੂਲੈਂਸ, ਵਿਆਹ ਵਾਲੀ ਗੱਡੀ ਤੋਂ ਇਲਾਵਾ ਦਿੱਲੀ ਆਉਣ-ਜਾਣ ਵਾਲੀਆਂ ਕਿਸਾਨਾਂ ਦੀਆਂ ਗੱਡੀਆਂ ਅਤੇ ਟਰੈਕਟਰ-ਟਰਾਲੀਆਂ ਨੂੰ ਹੀ ਲੰਘਣ ਦਿੱਤਾ ਗਿਆ।
ਕਾਮਰੇਡ ਵਿਨੋਦ ਤਿਵਾੜੀ, ਜਗਦੀਸ਼ ਚੌਧਰੀ, ਜਤਿੰਦਰਪਾਲ ਸਿੰਘ, ਰਾਮ ਵ੍ਰਿਸ਼ ਯਾਦਵ, ਸੋਨੂੰ ਗੁਪਤਾ, ਸਮਰ ਬਹਾਦੁਰ, ਹਨੂੰਮਾਨ ਦੂਬੇ, ਬੱਬਨ ਪਾਸਵਾਨ, ਨੀਰਜ਼ ਕੁਮਾਰ ਹੋਰਾਂ ਕਿਹਾ ਕਿ ਦੇਸ਼ ਦੇ ਅੰਨਦਾਤਾ ਉੱਪਰ ਗੋਲੀ ਚਲਾਉਣਾ,
ਹੰਝੂ ਗੈਸ ਅਤੇ ਲਾਠੀਚਾਰਜ ਅਪਰਾਧ ਦੇ ਬਰਾਬਰ ਹਨ। ਉਨ੍ਹਾਂ ਕਿਹਾ ਕਿ ਸ਼ਾਂਤ ਤਰੀਕੇ ਨਾਲ ਲੋਕਤੰਤਰ 'ਚ ਪ੍ਰਦਰਸ਼ਨ ਕਰਨਾ ਹਰ ਕਿਸੇ ਦਾ ਹੱਕ ਹੈ, ਜਿਹੜਾ ਕਿ ਭਾਜਪਾ ਸਰਕਾਰ ਪਾਸੋਂ ਖੋਹਿਆ ਜਾ ਰਿਹਾ ਹੈ। ਇਸ ਨਾਲ ਭਾਜਪਾ ਸਰਕਾਰ ਦਾ ਲੋਕਤੰਤਰ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ, ਜੋ ਕਿ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੀ ਹੈ।
ਇਸ ਹੀ ਤਰ੍ਹਾਂ ਸੀਟੂ ਲੀਡਰਾਂ ਨੇ ਕਿਹਾ ਕਿ ਮਜ਼ਦੂਰ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਵਜੋਂ ਦੋ ਵਕਤ ਦੀ ਰੋਟੀ ਲਈ ਮੋਹਤਾਜ਼ ਹੈ। ਸੀਟੂ ਲੀਡਰਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਜਾਣ-ਬੁੱਝ ਕੇ ਜਨਤਾ ਨੂੰ ਤੰਗ ਕਰਨਾ ਨਹੀਂ ਹੈ, ਸਗੋਂ ਉਨ੍ਹਾਂ ਨੂੰ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਮੋਦੀ ਸਰਕਾਰ ਨੂੰ ਜਗਾਉਣ ਲਈ ਮਜਬੂਰ ਹੋ ਕੇ ਰੋਸ ਵਿਖਾਵਾ ਕਰਨਾ ਪਿਆ ਹੈ।