ਸਿਨੇਮਾ ਦੀਆਂ ਉਹ ਕਹਾਣੀਆਂ ਜੋ ਸਾਹਿਤ ਵਿਚੋਂ ਆਈਆਂ !

4/27/2020 11:45:17 AM

ਹਰਪ੍ਰੀਤ ਸਿੰਘ ਕਾਹਲੋਂ 

ਹਰਫ਼ ਕਿਸੇ ਅਹਿਸਾਸ ਲਈ ਸੁਖ਼ਨਵਰ ਵੀ ਹੋ ਸਕਦੇ ਹਨ ਅਤੇ ਕਿਸੇ ਤ੍ਰਾਸਦੀ ਦਾ ਬਿੰਬ ਵੀ ਹੋ ਸਕਦੇ ਹਨ। ਕੁਝ ਉਕੇਰਨਾ ਹੀ ਬੰਦੇ ਦਾ ਸੰਘਰਸ਼ ਹੈ। ਚਾਹੇ ਸਫ਼ਿਆ ਦੇ ਹਵਾਲੇ ਕਰਕੇ ਚਾਹੇ ਮੌਖਿਕ ਰੂਪ ‘ਚ ਕਿਸੇ ਮਨ ਦੀ ਦਹਿਲੀਜ਼ ‘ਤੇ ਛਾਪਕੇ ਜਾਂ ਫਿਰ ਸਿਨੇਮਾ ਰਾਹੀਂ ਪਰਦੇ ‘ਤੇ ਉਤਾਰਕੇ ਪਰ ਹਰਫ਼ ਦਾ ਵਜੂਦ ਉਕੇਰਣ ‘ਚ ਹੀ ਹੈ। ਇਸ ਨਜ਼ਰੀਏ ਨੂੰ ਗੁੰਝਲਦਾਰ ਮੰਨਿਆ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੈ। 

ਸੁਣਦੇ ਆਏ ਹਾਂ ਕਿ ਮੋਹਨ ਰਾਕੇਸ਼ ਨੇ ਕਹਾਣੀ ਰਾਹੀਂ ਕਿਰਦਾਰਾਂ ਦੀ ਅੰਦਰਲੀ ਸੂਖਮਤਾ ਨੂੰ ਬਾਖੂਬੀ ਭਾਪਿਆ ਹੈ। ਇਹ ਹੋਰ ਵੀ ਦਿਲਚਸਪ ਜਾਪਦਾ ਹੈ ਕਿ ਪੰਜਾਬ ਦੀ ਸਰਜ਼ਮੀਨ ਦੇ ਹਿੰਦੀ ਸਾਹਿਤ ਦੀ ਕਲਾਤਮਿਕਤਾ ਦਾ ਮੋਹਨ ਰਾਕੇਸ਼ ਸਰਗਰਮ ਨਾਮ ਸੀ। ਔਰਤ ਨਾਮ ਦੀ ਕਿਸੇ ਚਰਚਾ ‘ਚ ਸਿਮੋਨ ਦੀ ਬੁਆਵਰ ਦੀਆਂ ਗੱਲਾਂ ਬਹੁਤ ਹੋ ਸਕਦੀਆਂ ਹਨ। ਅੰਮ੍ਰਿਤਾ ਪ੍ਰੀਤਮ ਵੀ ਇਸ ਵੱਲ ਇਸ਼ਾਰਾ ਦੇ ਸਕਦੀ ਹੈ ਕਿ ਜਿੱਥੇ ਵੀ ਸੁੰਤਤਰ ਰੂਹ ਦੀ ਝਲਕ ਪਵੇ, ਸਮਝਣਾ ਉਹ ਮੇਰਾ ਘਰ ਏ। ਪਰ ਮੋਹਨ ਰਾਕੇਸ਼ ਦੀ ਕਹਾਣੀ ‘ਉਸਕੀ ਰੋਟੀ’ ਦੀ ਬਾਲੋ ਦਾ ਕਿਰਦਾਰ ਆਪਣੇ ਆਪ ‘ਚ ਵਿਚਾਰਣਯੋਗ ਹੈ। 

ਮੋਹਨ ਰਾਕੇਸ਼ ਦੀ ਇਸੇ ਕਹਾਣੀ ‘ਤੇ ਨਿਰਦੇਸ਼ਕ ਮਨੀ ਕੌਲ ਨੇ ਵੀ ‘ਉਸਕੀ ਰੋਟੀ’ ਨਾਂ ਦੀ ਫ਼ਿਲਮ ਬਣਾਈ ਸੀ। ਮਨੀ ਕੌਲ ਦੀ ਇਸ ਫ਼ਿਲਮ ਨੇ ਕਹਾਣੀ ਨੂੰ ਹੋਰ ਵਧੇਰੇ ਗੂੜ੍ਹਾ ਕਰ ਦਿੱਤਾ ਸੀ। ਇਹ ਫ਼ਿਲਮ ਭਾਰਤੀ ਸਿਨੇਮਾ ‘ਚ ਨਵੀਂ ਤਰ੍ਹਾਂ ਦਾ ਸਿਨੇਮਾ ਪੇਸ਼ ਕਰਨ ਕਰਕੇ ਵੀ ਜਾਣੀ ਜਾਂਦੀ ਹੈ। ਇਕ ਪਾਸੇ ਹਿੰਦੀ ਸਾਹਿਤ ‘ਚ ਮੋਹਨ ਰਾਕੇਸ਼ ਦੀ ਵੱਖਰੇ ਹੁਨਰ ਦੀ ਕਹਾਣੀ ਅਤੇ ਦੂਜੇ ਪਾਸੇ ਭਾਰਤੀ ਸਿਨੇਮਾ ਅਤੇ ਸਾਹਿਤ ਦੀ ਨਾਲੋਂ-ਨਾਲ ਚੱਲਦੀ ਜੁਗਲਬੰਦੀ ‘ਚ ਅਜਿਹੀਆਂ ਬਹੁਤ ਸਾਰੀਆਂ ਫ਼ਿਲਮਾਂ ਵਿਚਾਰਣਯੋਗ ਰਹੀਆਂ ਹਨ। ਮਨੀ ਕੌਲ ਨੇ ਹਿੰਦੀ ਸਾਹਿਤ ’ਚੋਂ ਬਹੁਤ ਸੰਭਾਵਨਾਵਾਂ ਨੂੰ ਪਰਦੇ ‘ਤੇ ਉਕੇਰਿਆ ਹੈ। ਮੋਹਨ ਰਾਕੇਸ਼ ਦੀ ਉਸਕੀ ਰੋਟੀ ਹੀ ਕੋਈ ਆਖਰੀ ਉਦਾਹਰਨ ਨਹੀਂ ਹੈ। ਇਸ ਤੋਂ ਬਾਅਦ ਵੀ ਮਨੀ ਕੌਲ ਨੇ ਮੋਹਨ ਰਾਕੇਸ਼ ਦੇ ਇਕ ਨਾਟਕ ‘ਅਸ਼ਾਡ ਕਾ ਏਕ ਦਿਨ’ ‘ਤੇ ਅਧਾਰਿਤ ਫ਼ਿਲਮ ਬਣਾਈ ਸੀ। ਵਿਜੈਨਾਥ ਦੇਥਾ ਦੀ ਕਹਾਣੀ ਦੁੱਬਿਧਾ ‘ਤੇ ਮਨੀ ਕੌਲ ਵਲੋਂ ਬਣਾਈ ਫ਼ਿਲਮ ਅੱਗੇ ਦੀ ਕੜੀ ਹੈ। ਰਾਜਸਥਾਨੀ ਲੋਕ ਕਥਾ ਨੂੰ ਅਧਾਰ ਬਣਾਕੇ ਬੁਣੀ ਇਸੇ ਕਹਾਣੀ ‘ਤੇ ਬਾਅਦ ‘ਚ ਅਮੋਲ ਪਾਲੇਕਰ ਨੇ ਸ਼ਾਹਰੁਖ਼ ਖ਼ਾਨ ਅਤੇ ਰਾਣੀ ਮੁਖ਼ਰਜੀ ਦੀ ਅਦਾਕਾਰੀ ਵਾਲੀ ਫ਼ਿਲਮ ਪਹੇਲੀ ਬਣਾਈ ਸੀ। 

ਹਿੰਦੀ ਸਿਨੇਮਾ ‘ਚ ਅੱਗੇ ਜ਼ਿਕਰ ਕਰੀਏ ਤਾਂ ਫਨੀਸ਼ਵਰਨਾਥ ਰੇਣੂ ਦੀ ‘ਮਾਰੇ ਗਏ ਗ਼ੁਲਫਾਮ’ ‘ਤੇ ਅਧਾਰਿਤ ਤੀਸਰੀ ਕਸਮ ਤੋਂ ਲੈਕੇ ਮੁਨਸ਼ੀ ਪ੍ਰੇਮ ਚੰਦ ਦੀ ਗੋਦਾਨ, ਗਬਨ, ਸ਼ਤਰੰਜ ਕੇ ਖਿਲਾੜੀ, ਮੰਨੂ ਭੰਡਾਰੀ ਦੀ ਕਹਾਣੀ ‘ਯਹੀ ਸੱਚ ਹੈ’ ਤੋਂ ਰਜਨੀਗੰਧਾ ਅਤੇ ਕੇਸ਼ਵ ਪ੍ਰਸਾਦ ਮਿਸ਼ਰ ਦੇ ਨਾਵਲ ‘ਕੋਹਬਰ ਕੀ ਸ਼ਰਤ’ ‘ਤੇ ਅਧਾਰਿਤ ਰਾਜਸ਼੍ਰੀ ਪ੍ਰੋਡਕਸ਼ਨ ਦੀ ਬੇਹੱਦ ਸਫ਼ਲ ਫ਼ਿਲਮ ‘ਨਦੀਆ ਕੇ ਪਾਰ’ ਤੱਕ ਫ਼ਿਲਮਾਂ ਦੀ ਲੰਮੀ ਸੂਚੀ ਹੈ। ਇਸੇ ਫ਼ਿਲਮ ਨੂੰ ਹੀ ਰਾਜਸ਼੍ਰੀ ਪ੍ਰੋਡਕਸ਼ਨ ਨੇ ਅੱਗੇ ਜਾਕੇ ‘ਹਮ ਆਪ ਕੇ ਹੈਂ ਕੌਣ’ ਨਾਂ ਦੀ ਸਫਲ ਫ਼ਿਲਮ ਦੇ ਰੂਪ ‘ਚ ਬਣਾਇਆ।

ਪੜ੍ਹੋ ਇਹ ਵੀ ਖਬਰ - ਅਹਿਮ ਖਬਰ : ਪਲਾਜ਼ਮਾਂ ਥੈਰੇਪੀ ਨਾਲ ਕੋਰੋਨਾ ਵਾਇਰਸ ਦਾ ਇਲਾਜ ਸੰਭਵ (ਵੀਡੀਓ)

ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼-3 : ਕਿਉਂ ਕਿਹਾ ਜਾਂਦਾ ਹੈ 'ਮਾਝੇ ਦਾ ਜਰਨੈਲ'

ਪੜ੍ਹੋ ਇਹ ਵੀ ਖਬਰ - ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਕਿਉਂ ਫ਼ਿਕਰਮੰਦ ਹਨ ‘ਮਾਪੇ’

ਇੰਝ ਦੀਆਂ ਹੋਰ ਬਹੁਤ ਸਾਰੀਆਂ ਫ਼ਿਲਮਾਂ ਹਨ, ਜਿੰਨਾ ਦਾ ਜ਼ਿਕਰ ਕਰਨਾ ਬਣਦਾ ਹੈ ਪਰ ਇਹ ਫ਼ਿਲਮਾਂ ਉਹ ਹਨ, ਜੋ ਸਮੀਖਿਆ ਅਤੇ ਵਪਾਰਕ ਦੋਵਾਂ ਪੱਖਾਂ ਤੋਂ ਸਫਲ ਰਹੀਆਂ ਹਨ। ਕੁਝ ਫ਼ਿਲਮਾਂ ਤਾਂ ਉਹ ਹਨ, ਜੋ ਬੰਗਾਲੀ ਜਾਂ ਹਿੰਦੀ ਨਾਵਲਾਂ ‘ਤੇ ਇਕ ਵਾਰ ਨਹੀਂ ਸਗੋਂ ਵਾਰ-ਵਾਰ ਬਣੀਆ ਹਨ। ਇਕ ਪਰੀਨੀਤਾ ਬਿਮਲ ਰਾਏ ਦੀ ਸੀ, ਜਿਸ ‘ਚ ਅਸ਼ੋਕ ਕੁਮਾਰ ਅਤੇ ਮੀਨਾ ਕੁਮਾਰੀ ਸਨ ਅਤੇ ਫ਼ਿਰ ਇਹ ਨੂੰ ਸੈਫ ਅਲੀ ਖ਼ਾਨ ਅਤੇ ਵਿਦਿਆ ਬਾਲਨ ਨਾਲ ਨਿਰਦੇਸ਼ਕ ਪਰਦੀਪ ਸਰਕਾਰ ਵਲੋਂ ਮੁੜ ਬਣਾਇਆ ਗਿਆ। ਇਨ੍ਹਾਂ ਦੇ ਵਿਚਕਾਰ 1969 ‘ਚ ਜਤਿੰਦਰ ਦੀ ਫ਼ਿਲਮ ਪਰੀਨੀਤਾ ਵੀ ਅਉਂਦੀ ਹੈ। ਬਾਕੀ ਇਸ ਤੋਂ ਇਲਾਵਾ 1942 ਅਤੇ 1976 ‘ਚ ਵੀ ਸ਼ਰਤ ਚੰਦਰ ਦੇ ਇਸੇ ਨਾਵਲ ‘ਤੇ ਫ਼ਿਲਮਾਂ ਬਣ ਚੁੱਕੀਆਂ ਹਨ। ਸ਼ਰਤ ਚੰਦਰ ਚੱਟੋਪਾਧਿਆ ਦੇ ਸਾਹਿਤ ਦਾ ਸਿਲਸਿਲਾ ਇੱਥੇ ਹੀ ਨਹੀਂ ਰੁੱਕਦਾ। ਦੇਵਦਾਸ ਕੇ.ਐੱਲ.ਸਹਿਗਲ ਤੋਂ ਲੈਕੇ ਦਲੀਪ ਕੁਮਾਰ, ਸ਼ਾਹਰੁਖ ਖ਼ਾਨ ਤੋਂ ਹੁੰਦੀ ਹੋਈ ਅਭੈ ਦਿਓਲ ਤੋਂ ਬਾਅਦ ਤੱਕ ਪੰਜ ਵਾਰ ਬਣੀ ਹੈ। 

ਫ਼ਿਲਮਾਂ ਦੀ ਇਸ ਫੇਹਰਿਸਤ ‘ਚ ਥੋੜ੍ਹੀ ਜਿਹੀ ਝਾਤ ਉਨ੍ਹਾਂ ਫ਼ਿਲਮਾਂ ‘ਤੇ ਵੀ ਬਣਦੀ ਹੈ, ਜੋ ਪੰਜਾਬੀ ਸਾਹਿਤ ‘ਤੇ ਅਧਾਰਿਤ ਹਨ। ਇਨ੍ਹਾਂ ’ਚੋਂ ਨਾਨਕ ਸਿੰਘ ਦੇ ਨਾਵਲ ਪਵਿੱਤਰ ਪਾਪੀ ‘ਤੇ ਅਧਾਰਿਤ ਬਲਰਾਜ ਸਾਹਨੀ ਵਲੋਂ ਨਿਰਮਤ ਫ਼ਿਲਮ ਹੈ, ਜਿਸ ‘ਚ ਬਲਰਾਜ ਸਾਹਨੀ ਦੇ ਮੁੰਡੇ ਪਰੀਕਸ਼ਤ ਸਾਹਨੀ ਨੇ ਹੀ ਮੁੱਖ ਭੂਮਿਕਾ ਨਿਭਾਈ ਸੀ। ਗੁਰਦਿਆਲ ਸਿੰਘ ਦੇ ਨਾਵਲਾਂ ’ਚੋਂ ਮੜ੍ਹੀ ਦਾ ਦੀਵਾ, ਅੰਨ੍ਹੇ ਘੋੜੇ ਦਾ ਦਾਨ ਤੋਂ ਲੈ ਕੇ ਪਰਸਾ ਆਦਿ ਨਾਵਲਾਂ ‘ਤੇ ਅਧਾਰਿਤ ਫ਼ਿਲਮਾਂ ਅਤੇ ਨਾਟਕ ਤੱਕ ਬਣ ਚੁੱਕੇ ਹਨ। ਅੱਧ ਚਾਨਣੀ ਰਾਤ ਹੁਣ ਉਨ੍ਹਾਂ ਦਾ ਅਗਲਾ ਨਾਵਲ ਹੈ, ਜਿਸ ਨੂੰ ਅਧਾਰ ਬਣਾ ਕੇ ਫ਼ਿਲਮ ਨਿਰਮਾਣ ਅਧੀਨ ਹੈ। ਅੰਮ੍ਰਿਤਾ ਪ੍ਰੀਤਮ ਦੇ ਨਾਵਲ ਪਿੰਜਰ ‘ਤੇ ਅਧਾਰਿਤ ਡਾ.ਚੰਦਰ ਪ੍ਰਕਾਸ਼ ਦਿਵੇਦੀ (ਚਾਣਕਿਆ ਸੀਰੀਅਲ ਫੇਮ) ਫ਼ਿਲਮ ਬਣਾ ਚੁੱਕੇ ਹਨ, ਜਿਸ ਲਈ ਮਨੋਜ ਬਾਜਪਾਈ ਨੂੰ ਸਪੈਸ਼ਲ ਕ੍ਰਿਟਿਕ ਸਹਾਇਕ ਅਦਾਕਾਰ ਦਾ ਕੌਮਾਂਤਰੀ ਪੁਰਸਕਾਰ ਮਿਲ ਚੁੱਕਾ ਹੈ। ਜੀਤ ਮਠਾਰੂ ਵਲੋਂ ਨਿਰਦੇਸ਼ਤ ਫ਼ਿਲਮ ਕੁਦੇਸਣ-ਵੂਮੈਨ ਫਰੋਮ ਦੀ ਈਸਟ ਵੀ ਜਤਿੰਦਰ ਬਰਾੜ ਦੇ ਨਾਟਕ ਕੁਦੇਸਣ ‘ਤੇ ਅਧਾਰਿਤ ਹੈ। ਬਾਕੀ ਨਿੱਕ ਸੁੱਕ ‘ਚ ਸੰਜੈ ਗੁਪਤਾ ਨਿਰਮਤ ਫ਼ਿਲਮ ‘ਦੱਸ ਕਹਾਣੀਆਂ’ ‘ਚ ਇਕ ਕਹਾਣੀ ਕਰਤਾਰ ਸਿੰਘ ਦੁੱਗਲ ਦੀ ਪੂਰਨਮਾਸ਼ੀ ਵਰਤੀ ਜਾ ਚੁੱਕੀ ਹੈ। ਇਸ ਕਹਾਣੀ ਨੂੰ ਗੁਲਜ਼ਾਰ ਦੀ ਕੁੜੀ ਮੇਘਨਾ ਗੁਲਜ਼ਾਰ ਨੇ ਨਿਰਦੇਸ਼ਤ ਕੀਤਾ ਸੀ। ਇਸ ਫ਼ਿਲਮ ‘ਚ ਪਰਮੀਤ ਸੇਠੀ ਅਤੇ ਅੰਮ੍ਰਿਤਾ ਸਿੰਘ ਦੀਆਂ ਅਹਿਮ ਭੂਮਿਕਾਵਾਂ ਸਨ।

ਦੀਪਾ ਮਹਿਤਾ ਵਲੋਂ ਨਿਰਦੇਸ਼ਤ ਪ੍ਰੀਤੀ ਜ਼ਿੰਟਾ ਅਭਿਨੀਤ ਫ਼ਿਲਮ ਵਿਦੇਸ਼-ਹੈਵਨ ਆਨ ਅਰਥ ਫ਼ਿਲਮ ਦਾ ਅਧਾਰ ਨਾਗਮੰਡਲ ਨਾਟਕ ਹੈ, ਜੋ ਮੂਲ ਰੂਪ ‘ਚ ਤਾਂ ਬੇਸ਼ੱਕ ਗਰੀਸ਼ ਕਰਨਾਡ ਦਾ ਲਿਖਿਆ ਹੈ ਪਰ ਇਸ ਦੀ ਰੂਪ ਰੇਖਾ ਪੰਜਾਬੀ ‘ਚ ਸੁਰਜੀਤ ਪਾਤਰ ਹੁਣਾਂ ਵਲੋਂ ਬਦਲੀ ਗਈ ਸੀ। ਇਸ ਨਾਟਕ ਨੂੰ ਨੀਲਮ ਮਾਨ ਸਿੰਘ ਚੌਧਰੀ ਵਲੋਂ ਖੇਡਿਆ ਗਿਆ ਸੀ, ਜੋ ਅੱਗੇ ਜਾ ਕੇ ਫ਼ਿਲਮ ਦਾ ਅਧਾਰ ਬਣਿਆ। ਵਿਦੇਸ਼ ਹੈਵਨ ਆਨ ਅਰਥ ਦੇ ਸੰਵਾਦ ਆਖਰ ਕੌਣ ਭੁੱਲ ਸਕਦਾ ਹੈ। 

ਇਕ ਕੁੜੀ ਘੜੇ ਨੂੰ ਪੁੱਛਦੀ,
ਵੇ ਕਿੱਥੇ ਚੱਲਿਆ ਤੂੰ, 
ਸੱਤ ਸਮੁੰਦਰ ਪਾਰ ਨੀ ਕੁੜੀਏ,
ਅੱਠਵੀ ਧਰਤੀ ਨੂੰ 

2015 ਵਿਚ ਗੁਰਵਿੰਦਰ ਸਿੰਘ ਨੇ ਇਕ ਵਾਰ ਫਿਰ ਪੰਜਾਬੀ ਸਾਹਿਤ ਦੇ ਕਹਾਣੀਕਾਰ ਵਰਿਆਮ ਸੰਧੂ ਦੀਆਂ ਦੋ ਕਹਾਣੀਆਂ ‘ਮੈਂ ਹੁਣ ਠੀਕ ਠਾਕ ਹਾਂ’ ਅਤੇ ਚੌਥੀ ਕੂਟ ਤੋਂ ਉਪਜੀ 1984 ਦੇ ਹਲਾਤਾਂ ਨੂੰ ਬਿਆਨ ਕਰਦੀ ਕਹਾਣੀ ਨੂੰ ਫ਼ਿਲਮ ਚੌਥੀ ਕੂਟ ਵਿਚ ਪੇਸ਼ ਕੀਤਾ। ਇਸ ਫ਼ਿਲਮ ਦੀ ਸਕ੍ਰਿਪਟ ਨੂੰ ਬੈਕਾਂਗ ਵਿਖੇ ਸਰਵੋਤਮ ਸਕ੍ਰਿਪਟ ਦਾ ਪੁਰਸਕਾਰ ਵੀ ਮਿਲ ਚੁੱਕਾ ਹੈ। ਇਸ ਸਾਰੀ ਚਰਚਾ ‘ਚ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਫ਼ਿਲਮਸਾਜ਼ਾਂ ਨੇ ਆਪਣੀ ਫ਼ਿਲਮ ਲਈ ਮਸੌਦਾ ਸਿਰਫ ਗੁਰਦਿਆਲ ਸਿੰਘ ਦੇ ਨਾਵਲਾਂ ਨੂੰ ਜ਼ਿਆਦਾਤਰ ਬਣਾਇਆ ਹੈ। ਬਾਕੀ ਸਾਹਿਤਕਾਰਾਂ ਦੀਆਂ ਕਹਾਣੀਆਂ ਅਜੇ ਵੀ ਕਿਸੇ ਫ਼ਿਲਮਸਾਜ਼ ਦੀ ਉਡੀਕ ਕਰ ਰਹੀਆਂ ਹਨ। ਇਸ ਸਿਲਸਿਲੇ ਵਿਚ ਰਾਮ ਸਰੂਪ ਅਣਖੀ ਅਤੇ ਹੋਰ ਕਹਾਣੀਕਾਰਾਂ ਦੀਆਂ ਕਹਾਣੀ ਨੂੰ ਹਦਾਇਤਕਾਰ ਰਾਜੀਵ ਸ਼ਰਮਾ, ਅਮਰਦੀਪ ਸਿੰਘ ਅਤੇ ਹੋਰ ਹਦਾਇਤਕਾਰਾਂ ਨੇ ਫਿਲਮੀ ਰੂਪ ਦਿੱਤਾ ਤਾਂ ਹੈ ਪਰ ਫਿਰ ਵੀ ਇਹ ਇਰਾਨੀ ਸਿਨੇਮਾ ਦੀ ਤਰਜ਼ ਨਹੀਂ ਉਸਾਰ ਸਕਿਆ।

PunjabKesari

ਹਿੰਦੀ ਫ਼ਿਲਮਾਂ ਜਾਂ ਭਾਰਤੀ ਪਿੱਠਭੂਮੀ ਦੀਆਂ ਫ਼ਿਲਮਾਂ ‘ਚ ਉਨ੍ਹਾਂ ਫ਼ਿਲਮਾਂ ਨੂੰ ਵੀ ਵੇਖਣਾ ਬਣਦਾ ਹੈ, ਜੋ ਅੰਗਰੇਜ਼ੀ ਸਾਹਿਤ ‘ਤੇ ਅਧਾਰਿਤ ਹਨ। ਇਨ੍ਹਾਂ ‘ਚ ਫੌਕਾ ਜਿਹਾ ਵੇਖੀਏ ਤਾਂ ਬਾਪਸੀ ਸਿਧਵਾ ਦਾ ਨਾਵਲ ‘ਆਈਸਕੈਂਡੀ ਮੈਨ’, ਜੋ ‘ਕਰੈਕਿੰਗ ਇੰਡੀਆ’ ਨਾਮ ਵੱਜੋਂ ਵੀ ਜਾਣਿਆ ਜਾਂਦਾ ਹੈ। ਇਹ ਨਾਵਲ ਦੀਪਾ ਮਹਿਤਾ ਦੀ ਕੁਦਰਤੀ ਤੱਤਾਂ ਦੇ ਨਾਮ ਵਾਲੀ ਸੀਰੀਜ਼ ਫ਼ਿਲਮਾਂ ’ਚੋਂ ਵਾਟਰ, ਫਾਇਰ ਅਤੇ 1947 ਅਰਥ ’ਚੋਂ 1947 ਅਰਥ ਦਾ ਅਧਾਰ ਬਣਦਾ ਹੈ। ਇਸੇ ਤਰ੍ਹਾਂ ਖੁਸ਼ਵੰਤ ਸਿੰਘ ਦਾ ਨਾਵਲ ‘ਟ੍ਰੇਨ ਟੂ ਪਾਕਿਸਤਾਨ’ ‘ਤੇ ਅਧਾਰਿਤ ਇਸੇ ਨਾਮ ਦੀ ਫ਼ਿਲਮ ਪਾਮੇਲਾ ਰੂਕਸ ਵਲੋਂ 1998 ‘ਚ ਬਣਾਈ ਗਈ ਸੀ। ਜੂਮਪਾ ਲਹਿਰੀ ਦਾ ਪੁਲਿਟਜ਼ਰ ਪੁਰਸਕਾਰ ਨਾਵਲ ਨੇਮਸੇਕ ਮੀਰਾ ਨਾਇਰ ਦੀ ਫ਼ਿਲਮ ਦਾ ਅਧਾਰ ਬਣਦਾ ਹੈ। ਇਸ ਫ਼ਿਲਮ ਦੇ ਮੁੱਖ ਅਦਾਕਾਰ ਇਰਫਾਨ ਖ਼ਾਨ, ਤੱਬੂ ਅਤੇ ਕਾਲ ਪੇਨ ਸਨ। ਦੀਪਾ ਮਹਿਤਾ ਦੀ ਅਗਲੀ ਫ਼ਿਲਮ ਸਲਮਾਨ ਰਸ਼ਦੀ ਦੇ ਨਾਵਲ ਮਿਡਨਾਈਟ ਚਿਲਡ੍ਰਨ ‘ਤੇ ਅਧਾਰਿਤ ਹੈ।

ਇਸੇ ਤਰ੍ਹਾਂ ਨਿਰਦੇਸ਼ਕ ਡੇਵਿਡ ਲੀਨ ਨੇ ਈ.ਐੱਮ ਫੋਸਟਰ ਦੇ ਨਾਵਲ ‘ਏ ਪੈਸੇਜ ਟੂ ਇੰਡੀਆ ‘ਤੇ ਅਧਾਰਿਤ ਬੇਹੱਦ ਖਰਾਬ ਫ਼ਿਲਮ ਦਾ ਨਿਰਮਾਣ ਕੀਤਾ ਸੀ। ਵਿਕਟਰ ਬੈਨਰਜੀ ਦੀ ਭੂਮਿਕਾ ਵਾਲੀ ਇਹ ਫ਼ਿਲਮ ਆਲੋਚਨਾ ਦਾ ਸ਼ਿਕਾਰ ਰਹੀ ਸੀ। ਆਲੋਚਕਾ ਮੁਤਾਬਕ ਲਾਰੇਂਸ ਆਫ ਅਰਬੀਆ ਅਤੇ ਡਾ. ਜਿਵਾਗੋ ਵਰਗੀਆਂ ਫ਼ਿਲਮਾਂ ਬਣਾਉਣ ਵਾਲੇ ਡੇਵਿਡ ਲੀਨ ਤੋਂ ਅਜਿਹੀ ਫ਼ਿਲਮ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ। ਭਾਰਤੀ ਦਿੱਖ ਮੁਤਾਬਕ ਵੀ ਇਸ ਨੂੰ ਭਾਰਤ ਦੀ ਗਲਤ ਤਸਵੀਰ ਦਿਖਾਉਣ ਦੀ ਆਲੋਚਣਾ ਸਹਿਣੀ ਪਈ ਸੀ। ਇਸੇ ਲੜੀ ਨੂੰ ਅੱਗੇ ਤੋਰੀਏ ਤਾਂ ਮਾਨਿਨੀ ਚੈਟਰਜੀ ਦੇ ਨਾਵਲ ‘ਡੂ ਐਂਡ ਡਾਈ’ ‘ਤੇ ਅਧਾਰਿਤ ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ ਖੇਲੇ ਹਮ ਜੀ ਜਾਨ ਸੇ ਮੁੱਖ ਹੈ। ਚਿਟਗਾਓਂ ਅਤੇ ਸੂਰਿਆ ਸੇਨ ਦੀ ਜ਼ਿੰਦਗੀ ‘ਤੇ ਅਧਾਰਿਤ ਇੱਕ ਹੋਰ ਫ਼ਿਲਮ ਬੇਦਾਬਰਾਦਾ ਸੇਨ ਦੀ ਚਿਟਗਾਓਂ ਹੈ, ਜੋ ਪਿਛਲੇ ਮਹੀਨਿਆਂ ‘ਚ ਵੇਖਣ ਨੂੰ ਮਿਲੀ। ਇਸ ਫ਼ਿਲਮ ਨੂੰ ਲੈਕੇ ਨਿਰਮਾਤਾ ਨਿਰਦੇਸ਼ਕ ਅਨੁਰਾਗ ਕਸ਼ਅਪ ਦਾ ਫੇਸਬੁੱਕ ‘ਤੇ ਛੱਡਿਆ ਸੰਦੇਸ਼ ਜ਼ਰੂਰ ਨਵਾਂ ਵਿਵਾਦ ਸੀ। ਕਿਉਂਕਿ ਅਨੁਰਾਗ ਮੁਤਾਬਕ ਚਿਟਗਾਓਂ ਫ਼ਿਲਮ ਮਹਿਜ ਬੱਚਨ ਪਰਿਵਾਰ ਵਲੋਂ ਇਸ ਲਈ ਰਲੀਜ਼ ਨਹੀਂ ਹੋਣ ਦਿੱਤੀ ਗਈ ਤਾਂ ਕਿ ਉਨ੍ਹਾਂ ਦੇ ਮੁੰਡੇ ਅਭਿਸ਼ੇਕ ਬੱਚਨ ਦੀ ਇਸੇ ਵਿਸ਼ੇ ‘ਤੇ ਅਧਾਰਿਤ ਫ਼ਿਲਮ 'ਖੇਲੇ ਹਮ ਜੀ ਜਾਨ ਸੇ' ਚੱਲ ਸਕੇ। ਬਾਕੀ ਬੇਦਾਬਰਾਦਾ ਸੇਨ ਦੀ ਫ਼ਿਲਮ ਤੋਂ ਮੌਲਿਕਤਾ ਦੀ ਉਮੀਦ ਵਧੇਰੇ ਹੈ, ਕਿਉਂਕਿ ਇਸ ਤੋਂ ਪਹਿਲਾਂ ਉਸ ਵਲੋਂ ਨਿਰਮਤ 1984 ‘ਤੇ ਅਧਾਰਿਤ ਫ਼ਿਲਮ ‘ਅਮੂ’ ਇਤਿਹਾਸਕ ਪੱਖ ਤੋਂ ਕਾਫੀ ਸਟੀਕ ਟਿੱਪਣੀ ਸਿੱਧ ਹੋਈ ਸੀ। ਇਹ ਫ਼ਿਲਮ ਬੇਦਾਬਰਾਦਾ ਸੇਨ ਦੀ ਪਤਨੀ ਸੋਨਾਲੀ ਬੋਸ ਵਲੋਂ ਨਿਰਦੇਸ਼ਤ ਕੀਤੀ ਗਈ ਸੀ।

ਪੱਛਮੀ ਸਿਨੇਮਾ ‘ਚ ਤਾਂ ਇਹ ਰਿਵਾਜ਼ ਆਮ ਹੀ ਹੈ ਪਰ ਭਾਰਤੀ ਸਿਨੇਮਾ ‘ਚ ਅਜਿਹਾ ਰਿਵਾਜ਼ ਘੱਟ ਹੀ ਵੇਖਣ ਨੂੰ ਆਉਂਦਾ ਹੈ। ਸੋਨਾਲੀ ਬੋਸ ਨੇ ਅਮੂ ਫ਼ਿਲਮ ਦੇ ਨਾਲ ਹੀ ਇਸ ਨੂੰ ਕਿਤਾਬ ਦੇ ਰੂਪ ‘ਚ ਵੀ ਛਪਵਾਇਆ ਸੀ। ਬਹੁਚਰਚਿਤ ਫ਼ਿਲਮ ਡੈਨੀ ਬੋਏਲ ਨਿਰਦੇਸ਼ਤ ‘ਸਲੱਮਡਾਗ ਮਿਲੇਨੀਅਰ’ ਵੀ ਵਿਕਾਸ ਸਵਰੂਪ ਦੇ ਨਾਵਲ ‘ਕਿਊ ਐਂਡ ਏ’ ‘ਤੇ ਅਧਾਰਿਤ ਹੈ। ਹੁਣ ਤਾਂ ਅੰਗਰੇਜ਼ੀ ਸਾਹਿਤ ‘ਚ ਭਾਰਤੀ ਫ਼ਿਲਮਸਾਜ਼ਾਂ ਲਈ ਚੇਤਨ ਭਗਤ ਹੀ ਵਧੇਰੇ ਨਜ਼ਰ ਆਉਂਦਾ ਹੈ। ਇੱਕਲੇ ਚੇਤਨ ਭਗਤ ਦੇ ਨਾਵਲਾਂ ਨੂੰ ਵੇਖੀਏ ਤਾਂ ਵਨ ਨਾਈਟ ਐਟ ਕਾਲ ਸੈਂਟਰ ‘ਤੇ ਹੈਲੋ,ਫਾਈਵ ਪੋਇੰਟ ਸਮਵਨ ‘ਤੇ ਥ੍ਰੀ ਇਡੀਅਟਸ ਖਾਸ ਹੈ। ਅੱਗੇ ਚੱਲਕੇ ਉਹਦੇ ਨਾਵਲ ਥ੍ਰੀ ਮਿਸਟੇਕ ਆਫ ਮਾਈ ਲਾਈਫ ਅਤੇ ਟੂ ਸਟੇਟਸ ਅਤੇ ਹਾਫ ਗਰਲ ਫ੍ਰੈਂਡ ‘ਤੇ ਵੀ ਫ਼ਿਲਮਾਂ ਬਣੀਆਂ ਹਨ।

ਅਨੁਸ਼ਾ ਰਿਜ਼ਵੀ (ਪੀਪਲੀ ਲਾਈਵ ਫੇਮ) ਅਮਿਤਾਵ ਘੋਸ਼ ਦੇ ਨਾਵਲ ‘ਸੀ ਆਫ ਪਾਪੀਜ਼’ ‘ਤੇ ਫ਼ਿਲਮ ਬਣਾ ਰਹੀ ਹੈ ਪਰ ਬਾਕੀ ਦੀ ਨਜ਼ਰਸਾਨੀ ‘ਚ ਇਹੋ ਵਿਖ ਰਿਹਾ ਹੈ ਕਿ ਫ਼ਿਲਮਸਾਜ਼ਾਂ ਕੋਲ ਪੰਜਾਬੀ ਸਿਨੇਮਾ ‘ਚ ਗੁਰਦਿਆਲ ਸਿੰਘ ਅਤੇ ਹਿੰਦੀ ਸਿਨੇਮਾ ਦੇ ਅੰਗਰੇਜ਼ੀ ਪ੍ਰਭਾਵ ‘ਚ ਸਿਰਫ ਚੇਤਨ ਭਗਤ ਦੇ ਹੀ ਨਾਵਲ ਹਨ ਅਤੇ ਬਾਕੀ ਸ਼ਰਤ ਚੰਦਰ ਚੱਟੋਪਾਧਿਆ ਦਾ ਸਾਹਿਤ ਹੈ। ਵਪਾਰਕ ਪੱਖ ਇਹਦਾ ਮੁੱਖ ਕਾਰਨ ਹੋ ਸਕਦਾ ਹੈ ਪਰ ਸਾਹਿਤਕਾਰ ਅਤੇ ਫ਼ਿਲਮਸਾਜ਼ਾਂ ਦਾ ਆਪਸੀ ਤਾਲਮੇਲ ਵੀ ਕੋਈ ਬਹੁਤਾ ਵਧੀਆ ਨਹੀਂ ਹੈ। ਇਸ ਬਹਿਸ ‘ਚ ਕਈ ਵਿਚਾਰਕਾਂ ਦਾ ਇਹ ਮੰਨਣਾ ਹੈ ਕਿ ਸਾਹਿਤ ਅਧਾਰਿਤ ਫ਼ਿਲਮ ‘ਚ ਫ਼ਿਲਮਸਾਜ਼ ਦਾ ਆਪਣਾ ਜੋੜ ਤੋੜ ਨਹੀਂ ਹੋਣਾ ਚਾਹੀਦਾ। ਪਰ ਕੁਝ ਫ਼ਿਲਮਸਾਜ਼ਾਂ ਦਾ ਮੰਨਣਾ ਹੈ ਕਿ ਸਾਹਿਤ ਸਾਡੇ ਲਈ ਸਿਰਫ ਇਕ ਪ੍ਰੇਰਣਾ ਅਧਾਰ ਹੋ ਸਕਦਾ ਹੈ ਪਰ ਫ਼ਿਲਮ ਸਾਡੀ ਆਪਣੀ ਅਜ਼ਾਦ ਵਿਧਾ ਹੈ ਸੋ ਇਸ ‘ਚ ਨਿਰਦੇਸ਼ਕ ਦੀ ਆਪਣੀ ਅਜ਼ਾਦੀ ਅਹਿਮ ਹੈ। ਜਿਵੇਂ ਨਿਰਦੇਸ਼ਕ ਅਨੁਰਾਹ ਕਸ਼ਅਪ ਕਹਿੰਦਾ ਹੈ ਕਿ ਫ਼ਿਲਮਸਾਜ਼ ਇਕ ਕਲਾਕਾਰ ਹੁੰਦਾ ਹੈ ਸੋ ਜਿਵੇਂ ਦੂਜੇ ਕਲਾਕਾਰਾਂ ਨੂੰ ਆਪਣੀ ਕਲਾ ਲਈ ਅਜ਼ਾਦੀ ਹੁੰਦੀ ਹੈ ਠੀਕ ਉਸੇ ਤਰ੍ਹਾਂ ਸਾਡੀ ਅਜ਼ਾਦੀ ਵੀ ਹੋਣੀ ਚਾਹੀਦੀ ਹੈ।

ਕੰਨੜ ਫ਼ਿਲਮਸਾਜ਼ ਗਰੀਸ਼ ਕਾਸਾਰਾਵਲੀ ਨੀਓ-ਰੀਅਲਲਿਸਟਕ ਸਿਨੇਮਾ ਦੇ ਅਜਿਹੇ ਫ਼ਿਲਮਸਾਜ਼ ਹਨ, ਜੋ ਆਪਣੀ ਜ਼ਿੰਦਗੀ ‘ਚ ਸਾਹਿਤ ਅਧਾਰਿਤ ਬਹੁਤ ਸਾਰੀਆਂ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਕਈ ਫ਼ਿਲਮਾਂ ਕੌਮਾਂਤਰੀ ਪੁਰਸਕਾਰਾਂ ‘ਚ ਸਰਵੋਤਮ ਰਹੀਆਂ ਹਨ। ਗਰੀਸ਼ ਕਹਿੰਦੇ ਹਨ ਕਿ ਉਨ੍ਹਾਂ ਦਾ ਸਿਨੇਮਾ ਅਕੀਰਾ ਕੁਰੂਸਾਵਾ, ਓਜ਼ੂ, ਸੱਤਿਆਜੀਤ ਰੇ, ਫੈਲਿਨੀ, ਅਨਟੋਨਿਊਨੀ ਤੋਂ ਪ੍ਰਭਾਵਿਤ ਹੈ ਅਤੇ ਇਨ੍ਹਾਂ ਦਾ ਮੰਨਣਾ ਸੀ ਕਿ ਕੋਈ ਨਾਵਲ ਤੁਹਾਡੀ ਫ਼ਿਲਮ ਦਾ ਅਧਾਰ ਹੋ ਸਕਦਾ ਹੈ ਪਰ ਉਹਦੀ ਅਡੈਪਟੇਸ਼ਨ ਲਈ ਨਿਰਦੇਸ਼ਕੀ ਦੀ ਆਪਣੀ ਅਜ਼ਾਦ ਸੋਚ ਜ਼ਰੂਰੀ ਹੈ।

ਇਸੇ ਤਰ੍ਹਾਂ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਫ਼ਿਲਮ ਅੰਨ੍ਹੇ ਘੋੜੇ ਦਾ ਦਾਨ ਦੌਰਾਨ ਮੇਰੇ ‘ਤੇ ਗੁਰਦਿਆਲ ਸਿੰਘ ਵਿਚਕਾਰ ਆਪੋ ਆਪਣੇ ਖੇਤਰ ਦੇ ਅਧਿਕਾਰ ਸਾਫ ਸਨ। ਪਿੰਜਰ ਫ਼ਿਲਮ ਦੇ ਨਿਰਦੇਸ਼ਕ ਡਾ. ਚੰਦਰ ਪ੍ਰਕਾਸ਼ ਦਿਵੇਦੀ ਦੱਸਦੇ ਹਨ ਪਿੰਜਰ ਫ਼ਿਲਮ ਬਣਾਉਣ ਦੌਰਾਨ ਅੰਮ੍ਰਿਤਾ ਪ੍ਰੀਤਮ ਹੁਣਾਂ ਨੇ ਕਿਹਾ ਸੀ ਕਿ ਫ਼ਿਲਮ ਉਸ ਤਰ੍ਹਾਂ ਨਹੀਂ ਜਿਵੇਂ ਕਿ ਨਾਵਲ, ਜਿਸ ਦੇ ਜਵਾਬ ‘ਚ ਮੈਂ ਉਨ੍ਹਾਂ ਨੂੰ ਇਹ ਸਮਝਾਉਣ ‘ਚ ਸਫਲ ਰਿਹਾ ਸੀ ਕਿ ਤੁਸੀ ਠੀਕ ਕਿਹਾ ਕਿਉਂਕਿ ਫ਼ਿਲਮ ਦੇ ਰੂਪ ‘ਚ ਹੁਣ ਇਹ ਤੁਹਾਡਾ ਨਾਵਲ ਨਹੀਂ ਸਗੋਂ ਮੇਰੀ ਫ਼ਿਲਮ ਹੈ।

ਇਸੇ ਤਰ੍ਹਾਂ ਦਾ ਵਿਵਾਦ ਥ੍ਰੀ ਇਡੀਅਟਸ ਬਣਾਉਣ ਦੌਰਾਨ ਰਾਜ ਕੁਮਾਰ ਹਿਰਾਨੀ ਅਤੇ ਨਾਵਲਕਾਰ ਚੇਤਨ ਭਗਤ ‘ਚ ਹੋਇਆ ਸੀ। ਸੋ ਇਹ ਇਕ ਵੱਖਰੀ ਚਰਚਾ ਹੈ ਅਤੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਸਾਡੇ ਕੋਲ ਸਾਹਿਤ ਅਧਾਰਿਤ ਫ਼ਿਲਮਾਂ ਹਨ ਪਰ ਇਸ ਸਭ ਦੇ ਬਾਵਜੂਦ ਭਾਰਤੀ ਫ਼ਿਲਮਾਂ ‘ਚ ਜ਼ਿਆਦਾ ਬੋਲਬਾਲਾ ਨਕਲ ਦਾ ਹੈ। ਰਚਨਾ ਅਧਾਰਿਤ,ਨਕਲ ਅਤੇ ਪ੍ਰੇਰਣਾ ਦੀ ਬਹਿਸ ਬਹੁਤ ਮਹੀਨ ਕਿਸਮ ਦੇ ਧਾਗੇ ਨਾਲ ਬੁਣੀ ਹੋਈ ਜਾਪਦੀ ਹੈ। ਜਦੋਂ ਤੱਕ ਸਿਨੇਮਾ ਇੱਕ ਜਾਦੂ ਦੀ ਤਰ੍ਹਾਂ ਦਸਤਕ ਦਿੰਦਾ ਸੀ ਉਦੋਂ ਤੱਕ ਸਭ ਠੀਕ ਸੀ। ਪਰ ਹੁਣ ਲੋਕਾਂ ‘ਚ ਜਾਣਕਾਰੀ ਦਾ ਇੰਨਾ ਜ਼ਿਆਦਾ ਘੜਮਸ ਹੈ ਕਿ ਕਈ ਵਾਰ ਇੰਝ ਲੱਗਦਾ ਹੈ ਕਿ ਨਿਰਦੇਸ਼ਕ ਨੂੰ ਫ਼ਿਲਮ ਬਾਰੇ ਘੱਟ ਪਤਾ ਹੈ ਉਸ ਨਾਲੋਂ ਵੱਧ ਤਾਂ ਲੋਕਾਂ ਨੂੰ ਪਤਾ ਹੈ।ਕਈ ਵਾਰ ਵੇਖਿਆ ਹੈ ਕਿ ਕਿਸੇ ਫ਼ਿਲਮ ਬਾਰੇ ਆਲੋਚਕ ਇੰਨਾ ਸੋਹਣਾ ਬਿਆਨ ਨਹੀਂ ਕਰ ਰਿਹਾ ਹੁੰਦਾ ਸਗੋਂ ਉਸ ਨਾਲੋਂ ਜ਼ਿਆਦਾ ਵਧੀਆ ਇੱਕ ਆਮ ਦਰਸ਼ਕ ਫ਼ਿਲਮ ਦੇ ਨੁੱਕਤਿਆਂ ਨੂੰ ਫੱੜ੍ਹ ਰਿਹਾ ਹੁੰਦਾ ਹੈ।

ਜਾਣਕਾਰੀ ਦੇ ਇੰਨੇ ਜ਼ਿਆਦਾ ਹੜ੍ਹ ‘ਚ ਕੇਬਲ ਨੈੱਟਵਰਕ ਅਤੇ ਇੰਟਰਨੈੱਟ ਨੇ ਸਾਰੇ ਨੁਕਤਿਆਂ ਨੂੰ ਹੋਰ ਜ਼ਿਆਦਾ ਪਾਰਦਰਸ਼ੀ ਕਰ ਦਿੱਤਾ ਹੈ। ਪਹਿਲਾਂ ਤਾਂ ਸਿਨੇਮਾ ਬਾਰੇ ਜਾਣਕਾਰੀ ਜਾਂ ਮਸਾਲੇ ਦਾ ਸਾਧਨ ਮਾਯਾਪੁਰੀ ਵਰਗੇ ਕੁਝ ਚੰਦ ਰਸਾਲੇ ਹੀ ਸਨ। ਹਰ ਨੁਕਤੇ ‘ਚ ਹਰ ਦਰਸ਼ਕ ਅੰਗਰੇਜ਼ੀ ਸ਼ਬਦ ‘ਟ੍ਰੀਵਿਆ’ ਨੂੰ ਲੱਭਦਾ ਹੈ। ਇਹ ਇਕ ਚੰਗੀ ਗੱਲ ਹੈ ਜਾਂ ਨਹੀਂ ਇਸ ਬਾਰੇ ਅੰਦਾਜ਼ਾ ਨਹੀਂ।ਕੁਝ ਸਾਲ ਪਹਿਲਾਂ ਸਿਨੇਮਾ ਦੇ ਤਮਾਮ ਅੰਕੜੇ ਜਾਂ ਖ਼ਬਰਾਂ ਉਸ ਤਰ੍ਹਾਂ ਨਹੀਂ ਸਨ, ਜਿਸ ਤਰ੍ਹਾਂ ਅੱਜ ਹਨ। ਪਹਿਲਾਂ ਲੋਕਾਂ ਲਈ 1975 ਦੀ ਐਮਰਜੈਂਸੀ ਦੇ ਯੁੱਗ ‘ਚ ਆਈ ਫ਼ਿਲਮ ਸ਼ੋਲੇ ਸਿਰਫ ਸ਼ੋਲੇ ਸੀ। ਜੋ ਜੇ.ਪੀ.ਸਿੱਪੀ, ਧਰਮਿੰਦਰ, ਅਮਿਤਾਬ ਬੱਚਨ ਜਾਂ ਸਲੀਮ-ਜਾਵੇਦ ਦੀ ਪਛਾਣ ਸੀ। ਪਰ ਹੁਣ ਲੋਕਾਂ ਲਈ ਇਹ ਅਜਿਹੀ ਫ਼ਿਲਮ ਵੀ ਹੈ, ਜੋ ਅਕੀਰਾ ਕੁਰੂਸੋਵਾ ਨਿਰਦੇਸ਼ਤ ਜਪਾਨੀ ਫ਼ਿਲਮ ‘ਸੈਵਨ ਸਮੁਰਾਈ’ ਤੋਂ ਪ੍ਰਭਾਵਿਤ ਹੈ। ਇਸ ਤਰ੍ਹਾਂ ਦੀਆਂ ਅਣਗਿਣਤ ਫ਼ਿਲਮਾਂ ਹਨ, ਜੋ ਇਕ ਵਾਰ ਨਹੀਂ ਵਾਰ ਵਾਰ ਦਹੁਰਾਈਆਂ ਗਈਆਂ।

1934 ਦੀ ਬੇਹੱਦ ਸਫਲ ਫ਼ਿਲਮ ਫਰੈਂਕ ਕਾਪਰਾ ਨਿਰਦੇਸ਼ਤ ‘ਇਟ ਹੈਂਪਡ ਵਨ ਨਾਈਟ’ ਨੂੰ ਭਾਰਤੀ ਫ਼ਿਲਮਸਾਜ਼ਾਂ ਨੇ ਵਾਰ ਵਾਰ ਦਹੁਰਾਇਆ। ਇਸੇ ਫ਼ਿਲਮ ਦੀ ਨਕਲ ਕਰਕੇ ਰਾਜ ਕਪੂਰ ਨੇ 1956 ‘ਚ ਨਰਗਿਸ ਦੱਤ ਅਭਿਨੀਤ ‘ਚੋਰੀ ਚੋਰੀ’ ਫ਼ਿਲਮ ਬਣਾਈ ਜਿਸਨੂੰ ਬਾਅਦ ‘ਚ ਮਹੇਸ਼ ਭੱਟ ਵਲੋਂ ਨਕਲ ਕੀਤਾ ਗਿਆ ਅਤੇ ਆਮਿਰ ਖ਼ਾਨ ਅਤੇ ਪੂਜਾ ਭੱਟ ਸਟਾਰਰ ਫ਼ਿਲਮ ‘ਦਿਲ ਹੈ ਕਿ ਮਾਨਤਾ ਨਹੀਂ’ ਦਾ ਨਿਰਮਾਣ ਕੀਤਾ। ਇਸੇ ਫ਼ਿਲਮ ਦਾ ਪ੍ਰਭਾਵ ਅੱਗੇ ਜਾ ਕੇ ਇਮਤਿਆਜ਼ ਅਲੀ ਦੀ ‘ਜਬ ਵੀ ਮੈੱਟ ਅਤੇ ਲਾਰਾ ਦੱਤਾ,ਵਿਨੈ ਪਾਠਕ ਦੀ ‘ਚੱਲੋ ਦਿੱਲੀ’ ‘ਚ ਵੀ ਵਿਖਦਾ ਹੈ।ਨਕਲ ਦਾ ਇਹ ਦਸਤੂਰ ਕੋਈ ਬਹੁਤਾ ਅੰਚਭੇ ਵਾਲੀ ਗੱਲ ਨਹੀਂ ਹੈ।

ਹਾਲੀਵੁੱਡ ਦੀਆਂ ਖਾਸ ਫ਼ਿਲਮਾਂ ਭਾਰਤੀ ਫ਼ਿਲਮਾਂ ਦਾ ਇਸੇ ਤਰ੍ਹਾਂ ਕਈ ਵਾਰ ਸ਼ਿੰਗਾਰ ਬਣੀਆ ਹਨ।ਕੇਨ ਕੇਸੇ ਦੀ ਜੈਕ ਨਿਕੋਲਸਨ ਅਭਿਨੀਤ ਫ਼ਿਲਮ ‘ਵਨ ਫਲੂ ਓਵਰ ਕੂਕੂਸ ਨੇਸਟ’ ਦੀ ਨਕਲ ਨਿਰਦੇਸ਼ਕ ਪ੍ਰਿਆ ਦਰਸ਼ਨ ਦੀ ਫ਼ਿਲਮ ‘ਕਿਉਂ ਕੀ’ ਹੈ।ਕਈ ਵਾਰ ਇੰਝ ਦੀਆਂ ਉਦਾਹਰਨਾਂ ਵੀ ਸਾਹਮਣੇ ਆਉਂਦੀਆਂ ਹਨ ਕਿ ਪੱਛਮੀ ਫ਼ਿਲਮ ਕਿਸੇ ਨਾਵਲ ‘ਤੇ ਅਧਾਰਿਤ ਹੁੰਦੀ ਹੈ ਅਤੇ ਉਸ ਫ਼ਿਲਮ ਨੂੰ ਅਧਾਰ ਬਣਾਕੇ ਬਣੀ ਭਾਰਤੀ ਫ਼ਿਲਮ ਹੁੰਦੀ ਹੈ।ਜਿਵੇਂ ਕਿ ਲੇਖਕ ਥੌਮਸ ਹੈਰਿਸ ਦੇ ਨਾਵਲ ‘ਦੀ ਸਾਈਲੈਂਸ ਆਫ ਦੀ ਲੈਂਬ’ ‘ਤੇ ਹਾਲੀਵੁੱਡ ‘ਚ ਐਂਥਨੀ ਹੌਪਕਿੰਨਸ ਅਤੇ ਜੂਡੀ ਫਾਸਟਰ ਸਟਾਰਰ ਫ਼ਿਲਮ ਬਣੀ ਅਤੇ ਇਸੇ ਫ਼ਿਲਮ ਨੂੰ ਅਧਾਰ ਬਣਾਕੇ ਭਾਰਤ ‘ਚ ਤਨੂਜਾ ਚੰਦਰਾ ਨੇ ਅਕਸ਼ੈ ਕੁਮਾਰ ਅਤੇ ਪ੍ਰੀਤੀ ਜ਼ਿੰਟਾ ਦੀ ਜੋੜੀ ਵਾਲੀ ਫ਼ਿਲਮ ‘ਸੰਘਰਸ਼’ ਦਾ ਨਿਰਮਾਣ ਕੀਤਾ।

ਇਸੇ ਤਰ੍ਹਾਂ ਪਾਰਟਨਰ ,ਨਕਸ਼ਾ, ਦੀ ਕਿਲਰ, ਕ੍ਰਿਸ਼, ਰੰਗ ਦੇ ਬਸੰਤੀ, ਜ਼ਿੰਦਾ, ਏਕ ਅਜਨਬੀ, ਚੋਕਲੇਟ, ਸਲਾਮ ਨਮਸਤੇ, ਮੈਂ ਐਸਾ ਹੀ ਹੂੰ, ਹਮ ਤੁਮ, ਮਰਡਰ, ਕਿਆਮਤ, ਤੀਨ ਦੀਵਾਰੇਂ, ਦੀਵਾਨਗੀ, ਕਾਂਟੇ, ਰਾਜ਼, ਮੇਰੇ ਯਾਰ ਕੀ ਸ਼ਾਦੀ ਹੈ, ਕੁਛ ਖੱਟੀ ਕੁਛ ਮੀਠੀ, ਕਿਉਂਕਿ ਮੈਂ ਝੂਠ ਨਹੀਂ ਬੋਲਤਾ, ਅਗਨੀ ਸਾਕਸ਼ੀ, ਅਕੇਲੇ ਹਮ ਅਕੇਲੇ ਤੁਮ, ਕ੍ਰਿਮਿਨਲ, ਮੈਂ ਅਜ਼ਾਦ ਹੂੰ, ਬਾਜ਼ੀਗਰ, ਏਤਰਾਜ਼, ਗੁਲਜ਼ਾਰ ਦੀ ਫ਼ਿਲਮ ਪਰਿਚੈ, ਜੋਸ਼, ਕਰਜ਼, ਗ਼ੁਲਾਮ, ਸ਼ੋਰਿਆ ਆਦਿ ਕ੍ਰਮਵਾਰ ਹਿਚ, ਦੀ ਰਨਡਾਊਨ, ਕੋਲੈਟਰਲ, ਪੇਚੈਕ, ਆਲ ਮਾਈ ਸਨ, ਓਲਡ ਬੁਆਏ, ਮੈਨ ਆਨ ਫਾਇਰ, ਦੀ ਯੂਸਅਲ ਸਸਪੈਕਟ, ਨਾਈਨ ਮੰਥਸ, ਆਈ.ਐੱਮ.ਸੈਮ, ਵੈਨ ਹੈਰੀ ਮੈਟ ਸੈਲੀ, ਅਨਫੇਥਫੁੱਲ, ਦੀ ਰੋਕ, ਦੀ ਸ਼ੋਸ਼ੈਂਕ ਰੀਡੈਂਪਸ਼ਨ, ਪਰੀਮਲ ਫੀਅਰ, ਰਿਜ਼ਰਵੀਅਰ ਡੋਗ, ਵਟ ਲਾਈਸ ਬੇਨੇਥ, ਮਾਈ ਬੇਸਟ ਫ੍ਰੈਂਡ ਵੇਡਿੰਗ, ਦੀ ਪੇਰੇਂਟ ਟ੍ਰੈਪ, ਲਾਇਰ ਲਾਇਰ,ਸਲੀਪਿੰਗ ਵਿਦ ਦੀ ਐਨੀਮੀ, ਕਰੇਮਰ ਵਰਸਸ ਕਰੇਮਰ, ਦੀ ਫਗੀਟਿਵ, ਮੀਟ ਜੋਹਨ ਡੋਏ, ਏ ਕਿਸ ਬੀਫੋਰ ਡਾਇੰਗ, ਡਿਸਕਲੋਸਰ, ਦੀ ਸਾਉਂਡ ਆਫ ਮਿਊਜ਼ਿਕ, ਵੈਸਟ ਸਾਈਡ ਸਟੋਰੀ, ਰੀਕਾਰਨਾਈਜੇਸ਼ਨ, ਆਨ ਦੀ ਵਾਟਰਫ੍ਰੰਟ, ਏ ਫਿਊ ਗੁੱਡ ਮੈਨ ਦੀ ਨਕਲ ਹਨ।

ਕੁਝ ਫਿਲਮਾਂ ਤਾਂ ਅਜਿਹੀਆਂ ਹਨ ਜੋ ਕਈ ਫ਼ਿਲਮਾਂ ਦਾ ਮਿਲਗੋਭਾ ਹਨ।ਜਿਵੇਂ ਯਸ਼ ਚੋਪੜਾ ਵਲੋਂ ਨਿਰਮਤ ‘ਧੁਮ’ ਵਰਗੀ ਸਫਲ ਫਿਲਮ ‘ਦੀ ਫਾਸਟ ਐਂਡ ਦੀ ਫਿਊਰਿਸ’ ਅਤੇ ਓਸ਼ੀਅਨ ਇਲੈਵਨ ਦੇ ਜੋੜ ਨਾਲ ਬਣੀ ਹੈ। ਇਸੇ ਤਰ੍ਹਾਂ ਦੀ ਇਕ ਫ਼ਿਲਮ ਰਾਕੇਸ਼ ਰੌਸ਼ਨ ਦੀ ਕੋਈ ਮਿਲ ਗਿਆ ਹੈ, ਜੋ ਸਟੀਵਨ ਸਪੀਲਬਰਗ ਦੀ ਈ.ਟੀ ਅਤੇ ਟਾਮ ਹੈਂਕਸ ਦੀ ਅਕਾਦਮੀ ਪੁਰਸਕਾਰ ਜੇਤੂ ਫ਼ਿਲਮ ਫੋਰਸਟ ਗੰਪ ਦਾ ਮਿਲਗੋਭਾ ਹੈ।

ਅਬਾਸ ਮਸਤਾਨ ਦੀ ਫ਼ਿਲਮ ਬਾਦਸ਼ਾਹ ਮਿਸਟਰ ਨਿਕ ਗਾਏ, ਨਿਕ ਆਫ ਟਾਈਮ, ਰਸ਼ ਆਵਰ, ਇਫ ਲੁਕਸ ਕੁਡ ਕਿਲ ਦਾ ਮਿਸ਼ਰਤ ਰੂਪ ਹੈ। ਇਸ ਸਾਰੀ ਚਰਚਾ ‘ਚ ਮਸਲਾ ਪ੍ਰਭਾਵ ਲੈਣ ਤੋਂ ਨਹੀਂ ਹੈ। ਪ੍ਰਭਾਵ ਲੈਣਾ ਬੁਰੀ ਗੱਲ ਨਹੀਂ ਹੈ ਪਰ ਨਕਲ ਜ਼ਰੂਰ ਸੋਚਣ ਦਾ ਵਿਸ਼ਾ ਹੈ। ਦੀ ਬਾਈਸਾਈਕਲ ਥੀਵਸ ਵਰਗੀਆਂ ਫ਼ਿਲਮਾਂ ਤੋਂ ਪ੍ਰਭਾਵਿਤ ਹੋਕੇ ਬਿਮਲ ਰਾਏ ਵਰਗੇ ਨਿਰਦੇਸ਼ਕਾਂ ਨੇ 'ਦੋ ਬੀਗਾ ਜ਼ਮੀਨ' ਵਰਗੀਆਂ ਫਿਲਮਾਂ ਬਣਾਈਆਂ ਹਨ, ਜੋ ਇਟਾਲੀਅਨ ਨੀੲੋ-ਰੀਅਲਿਸਟਕ ਸਿਨੇਮਾ ਦਾ ਪ੍ਰਭਾਵ ਹੈ। ਸਿਨੇਮਾ ਜਾਂ ਹੋਰ ਕਲਾ ਇਕ ਦੂਜੇ ਤੋਂ ਇੰਝ ਹੀ ਹੁਨਰ ਦਾ ਅਦਾਨ ਪ੍ਰਦਾਨ ਕਰਦੀਆਂ ਹਨ।ਪਰ ਜਦੋਂ ਹੂ ਬੂ ਹੂ ਕਿਸੇ ਅੰਗਰੇਜ਼ੀ ਫ਼ਿਲਮ ਦੀ ਨਕਲ ਸਾਡੇ ਸਾਹਮਣੇ ਪਰੋਸ ਦਿੱਤੀ ਜਾਵੇ, ਜਿਵੇਂ ਕਿ ਉਪਰੋਕਤ ਫ਼ਿਲਮਾਂ ਇਸ ਦੀ ਉਦਾਹਰਨ ਹਨ ਤਾਂ ਦਰਸ਼ਕ ਕੀ ਕਰ ਸਕਦਾ ਹੈ ਅਤੇ ਸਿਨੇਮਾ ਦੀ ਅਮੀਰੀ ਕਿੱਧਰ ਨੂੰ ਜਾ ਰਹੀ ਹੈ ਇਹ ਗੰਭੀਰਤਾ ਦਾ ਵਿਸ਼ਾ ਹੈ।

ਜਦੋਂ ਇਹ ਅੰਦਾਜ਼ਾ ਹੈ ਕਿ ਭਾਰਤ ‘ਚ ਸਿਨੇਮਾ ਵੇਖਣ ਵਾਲੇ ਰੋਜ਼ਾਨਾ 3 ਕਰੋੜ 30 ਲੱਖ ਦਰਸ਼ਕ ਹਨ ਤਾਂ ਇਹ ਪੱਖ ਵੀ ਸਾਹਮਣੇ ਹੈ ਕਿ ਸਾਡੇ ਸਾਹਮਣੇ ਆ ਰਹੀਆਂ ਫ਼ਿਲਮਾਂ ਚੋਂ ਹਰ ਦੂਜੀ ਜਾਂ ਤੀਜੀ ਫ਼ਿਲਮ ਕਿਸੇ ਨਾ ਕਿਸੇ ਫ਼ਿਲਮ ਦੀ ਨਕਲ ਹੈ। ਅੱਬਾਸ-ਮਸਤਾਨ ਵਰਗੇ ਕੁਝ ਨਿਰਦੇਸ਼ਕਾਂ ਦਾ ਚਲਣ ਤਾਂ ਇਹ ਹੈ ਕਿ ਉਨ੍ਹਾਂ ਦੀ ਹਰ ਫ਼ਿਲਮ ਹੀ ਅਮਰੀਕਾ ਦੇ ਨੀੲੋ-ਨੋਇਰ ਸਿਨੇਮਾ ਤੋਂ ਪ੍ਰਭਾਵਿਤ ਹੈ। ਇਸ ਨਿਰਦੇਸ਼ਕ ਜੋੜੀ ਦੀ ਫ਼ਿਲਮ ਨਕਾਬ, ਰੇਸ, ਏਤਰਾਜ਼, ਹਮਰਾਜ਼, ਦਰਾਰ, ਬਾਜ਼ੀਗਰ, ਪਲੇਅਰ, ਅਜਨਬੀ ਆਦਿ ਫ਼ਿਲਮਾਂ ਕ੍ਰਮਵਾਰ ਡੋਟ ਦੀ ਆਈ, ਗੁੱਡ ਬੁਆਏ ਲਵਰ, ਡਿਸਕਲੋਜ਼ਰ, ਦੀ ਪਰਫੇਕਟ ਮਰਡਰ, ਸਲੀਪਿੰਗ ਵਿਦ ਦੀ ਐਨੀਮੀ, ਏ ਕਿਸ ਬੀਫੋਰ ਡਾਇੰਗ, ਦੀ ਇਟਾਲੀਅਨ ਜੋਬ, ਕੋਨਸੈਨਟਿੰਗ ਅਡਲਟਸ ਆਦਿ ਫ਼ਿਲਮਾਂ ਦੀ ਨਕਲ ਹਨ। ਨਕਲ ਦੇ ਅਜਿਹੇ ਦਸਤੂਰ ‘ਚ ਕੁਝ ਫ਼ਿਲਮਾਂ ਤਾਂ ਰੀਮੇਕ ਨਾਮ ਦੀ ਜਮਾਤ ‘ਚ ਵਧੀਆ ਫੁਲੀਆ ਹਨ।

ਰਿਸ਼ੀਕੇਸ਼ ਮੁਖਰਜੀ ਦੀ ਗੋਲਮਾਲ ਫ਼ਿਲਮ ਭਾਰਤੀ ਫ਼ਿਲਮਾਂ ਦਾ ਸਭ ਤੋਂ ਪਿਆਰਾ ਰੀਮੇਕ ਕਰਨ ਵਾਲਾ ਵਿਸ਼ਾ ਰਿਹਾ ਹੈ। ਇਸੇ ਫ਼ਿਲਮ ਨੂੰ ਰੋਹਿਤ ਸ਼ੈਟੀ ਨੇ ਬੋਲ ਬੱਚਨ, ਡੇਵਿਡ ਧਵਨ ਨੇ ਚੋਰ ਮਚਾਏ ਸ਼ੋਰ, ਸਾਜਨ ਚਲੇ ਸੁਸਰਾਲ ‘ਚ ਵਰਤਿਆ ਹੈ। ਹਾਲ ਦੀ ਘੜੀ ਮਾਹੌਲ ਇਹ ਹੈ ਕਿ ਬਹੁਤੀਆਂ ਸਫਲ ਫ਼ਿਲਮਾਂ ਦੱਖਣੀ ਭਾਰਤੀ ਸਿਨੇਮਾ ਤੋਂ ਨਕਲ ਹੁੰਦੀ ਆ ਰਹੀਆਂ ਹਨ। ਪੰਜਾਬੀ ਫ਼ਿਲਮਾਂ ਵੀ ਇਸ ਮਾਹੌਲ ਤੋਂ ਬਚੀਆਂ ਹੋਈਆਂ ਨਹੀਂ। ਇਨ੍ਹਾਂ ਫ਼ਿਲਮਾਂ ‘ਚ ਵੀ ਪ੍ਰਭਾਵ ਜਾਂ ਨਕਲ ਦੇ ਨੁਕਤੇ ਵਿਖਦੇ ਰਹੇ ਹਨ।

ਅੰਗਰੇਜ਼ੀ ਸਾਹਿਤ ‘ਚ ਵੀ ਫ਼ਿਲਮਸਾਜ਼ਾਂ ਕੋਲ ਸਿਰਫ ਚੇਤਨ ਭਗਤ ਹੀ ਹੈ। ਵਿਸ਼ਾਲ ਭਰਦਵਾਜ ਜਿਹੇ ਕੁਝ ਨਿਰਦੇਸ਼ਕ ਹਨ, ਜੋ ਵਿਲੀਅਮ ਸ਼ੇਕਸਪੀਅਰ ਦੇ ਮੇਕਬੇਥ, ਓਥੇਲੋ ‘ਤੇ ਮਕਬੂਲ ਜਾਂ ਓਮਾਕਾਰਾ ਬਣਾਉਂਦੇ ਹਨ। ਉਹ ਰਸਕਿਨ ਬਾਂਡ ਦੇ ਨਾਵਲ ਸੁਸਾਨਾਸ ਸੇਵਨ ਹਸਬੈਂਡ ‘ਤੇ 7 ਖ਼ੂਨ ਮਾਫ ਵੀ ਬਣਾਉਂਦਾ ਹੈ। ਪ੍ਰਭਾਵ ਅਤੇ ਪ੍ਰੇਰਣਾ ਦੀ ਸੱਚੀ ਨੀਤ ‘ਚ ਨਕਲ ਦਾ ਰਿਵਾਜ਼ ਏਨਾ ਭਾਰੂ ਹੈ ਕਿ ਡਾ.ਚੰਦਰਪ੍ਰਕਾਸ਼ ਦਿਵੇਦੀ ਵਰਗੇ ਨਿਰਦੇਸ਼ਕ ਕਾਸ਼ੀਨਾਥ ਸਿੰਘ ਦੇ ਨਾਵਲ ‘ਕਾਸ਼ੀ ਕਾ ਅੱਸੀ’ ‘ਤੇ ਮੁਹੱਲਾ ਅੱਸੀ’ ਨਾਂ ਦੀ ਫ਼ਿਲਮ ਬਣਾਉਂਦੇ ਹਨ।

ਵਿੱਦਿਆ ਬਾਲਨ ਦੀ ਫ਼ਿਲਮ ਕਹਾਣੀ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ, ਜੋ 9 ਕਰੋੜ ਦੇ ਬਜਟ ‘ਤੇ ਬਣਕੇ 104 ਕਰੋੜ ਦਾ ਵਪਾਰ ਕਰਦੀ ਹੈ ਅਤੇ ਵੇਖਣ ਲੱਗਿਆ ਇਸ ਫ਼ਿਲਮ ਬਾਰੇ ਪਤਾ ਲੱਗਦਾ ਹੈ ਕਿ ਫ਼ਿਲਮ ਦੀ ਸ਼ੁਰੂਆਤ ਐਂਜਲੀਨਾ ਜੌਲੀ ਦੀ ਫ਼ਿਲਮ ‘ਏ ਮਾਇਟੀ ਹਾਰਟ’ ਤੋਂ ਚੁੱਕੀ ਗਈ ਹੈ। ਵਿਚਕਾਰ ਵਾਲਾ ਹਿੱਸਾ ਫ਼ਿਲਮ ‘ਦੀ ਯੂਸਅਲ ਸਸਪੈਕਟ’ ਦੀ ਦੇਣ ਹੈ ਅਤੇ ਫ਼ਿਲਮ ਦਾ ਅੰਤ ਹੂ ਬੂ ਹੂ 2004 ‘ਚ ਆਈ ਐਂਜਲੀਨਾ ਜੌਲੀ ਅਤੇ ਈਥਨ ਹੌਕ ਦੀ ਫ਼ਿਲਮ ‘ਟੇਕਿੰਗ ਲਾਈਵ’ ਦੀ ਦੇਣ ਹੈ ਅਤੇ ਇਸ ਫ਼ਿਲਮ ਨੂੰ ਫੇਮਨਿਜ਼ਮ ਵਿਸ਼ੇ ਦੀ ਸਭ ਤੋਂ ਉੱਤਮ ਫ਼ਿਲਮ ਕਰਾਰ ਦੇ ਦਿੱਤਾ ਜਾਂਦਾ ਹੈ। ਇਹ ਫ਼ਿਲਮ ਹੈ ਵਿਦਿਆ ਬਾਲਨ ਦੀ ਸੁਜਾਏ ਘੋਸ਼ ਨਿਰਦੇਸ਼ਤ ‘ਕਹਾਣੀ’।

ਸੋ ਫ਼ਿਲਮਾਂ ਦੀ ਕਹਾਣੀ ‘ਚ ਪ੍ਰਭਾਵ,ਪ੍ਰੇਰਣਾ ਅਤੇ ਨਕਲ ਦੇ ਮਿਕਦਾਰ ਤੈਅ ਹੋਣੇ ਜ਼ਰੂਰੀ ਹਨ ਨਹੀਂ ਤਾਂ ਮੌਲਕਿਤਾ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਇਹ ਵੀ ਇੱਕ ਯੂਨੀਵਰਸਲ ਟਰੁੱਥ ਜਾਪਦਾ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur