ਚੁੱਘ ਨੇ ਮੰਦਰ ’ਤੇ ਗ੍ਰਨੇਡ ਹਮਲੇ ਦੀ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ
Saturday, Mar 15, 2025 - 11:46 PM (IST)

ਜਲੰਧਰ/ਚੰਡੀਗੜ੍ਹ, (ਵਿਸ਼ੇਸ਼)- ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਅੰਮ੍ਰਿਤਸਰ ’ਚ ਇਕ ਮੰਦਰ ’ਤੇ ਹੋਏ ਗ੍ਰਨੇਡ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਜ਼ਿੰਮੇਵਾਰ ਤਾਕਤਾਂ ਦਾ ਪਰਦਾਫਾਸ਼ ਕਰਨ ਲਈ ਇਸ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ।
ਇਲਾਕੇ ਵਿਚ ਵਾਰ-ਵਾਰ ਹੋ ਰਹੇ ਗ੍ਰਨੇਡ ਹਮਲਿਆਂ ’ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ, ਚੁੱਘ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਸੂਬੇ ਵਿਚ ਵਿਘਨ ਪਾਉਣ ਵਾਲੇ ਤੱਤਾਂ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਚੁਘ ਨੇ ਕਿਹਾ ਕਿ ਪਹਿਲਾਂ ਅਜਿਹੇ ਹਮਲੇ ਪੁਲਸ ਥਾਣਿਆਂ ’ਤੇ ਹੁੰਦੇ ਸਨ, ਪਰ ਹਿੰਦੂ ਮੰਦਰ ਨੂੰ ਗ੍ਰਨੇਡ ਹਮਲੇ ਨਾਲ ਨਿਸ਼ਾਨਾ ਬਣਾਉਣਾ ਗੰਭੀਰ ਪਹਿਲੂ ਹੈ।
ਉਨ੍ਹਾਂ ਕਿਹਾ ਕਿ ਇਹ ਲੱਗਦਾ ਹੈ ਕਿ ਰਾਜ ਵਿਚ ਸਮਾਜਿਕ ਅਤੇ ਧਾਰਮਿਕ ਵੰਡੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੁਘ ਨੇ ਮੰਗ ਕੀਤੀ ਕਿ ਪੁਲਸ ਨੂੰ ਅਜਿਹੇ ਤੱਤਾਂ ਨਾਲ ਨਿਪਟਣ ਲਈ ਖੁੱਲੀ ਛੁੱਟੀ ਦਿੱਤੀ ਜਾਵੇ, ਨਾਲ ਹੀ ਉਨ੍ਹਾਂ ਨੇ ਪਿਛਲੇ ਕੁਝ ਸਮੇਂ ਵਿਚ ਹੋ ਰਹੇ ਗ੍ਰਨੇਡ ਹਮਲਿਆਂ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ’ਚ ‘ਆਪ’ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਬਜਾਏ ਦਿੱਲੀ ਤੋਂ ਪਾਰਟੀ ਆਗੂਆਂ ਦੀ ਮੇਜ਼ਬਾਨੀ ਕਰਨ ਵਿਚ ਜ਼ਿਆਦਾ ਰੁੱਝੀ ਹੋਈ ਹੈ। ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ ਤੇ ਲੋਕਾਂ ਵਿਚ ਅਸੁਰੱਖਿਆ ਦੀ ਨਵੀਂ ਭਾਵਨਾ ਫੈਲ ਗਈ ਹੈ।