ਹੁਸ਼ਿਆਰਪੁਰ ਦੇ ਇਸ ਪਿੰਡ ਵਿਚ ਫੈਲਿਆ ਹੈਜਾ, 1 ਸ਼ੱਕੀ ਮਰੀਜ਼ ਦੀ ਮੌਤ

09/15/2019 8:54:30 PM

ਹੁਸ਼ਿਆਰਪੁਰ ,(ਅਮਰਿੰਦਰ)-ਹੁਸ਼ਿਆਰਪੁਰ ਦੇ ਪਿੰਡ ਬਿਛੋਹੀ ਵਿੱਚ ਗੰਦੇ ਪਾਣੀ ਨਾਲ ਹੋਣ ਵਾਲੇ ਹੈਜਾ ਨੇ ਤੇਜ਼ੀ ਨਾਲ ਪੈਰ ਪਸਾਰਨ ਦੇ ਮਾਮਲੇ ਸਾਹਮਣੇ ਆਉਣ ’ਤੇ ਸਿਹਤ ਵਿਭਾਗ ਜਿੱਥੇ ਚੌਕਸ ਹੈ ਉੱਥੇ ਹੀ 1 ਦੀ ਸ਼ੱਕੀ ਹਾਲਾਤ ਵਿੱਚ ਮੌਤ ਦੇ ਬਾਅਦ ਦਹਿਸ਼ਤ ਦਾ ਆਲਮ ਹੈ । ਅੱਜ ਡਾਕਟਰਾਂ ਦੀ ਟੀਮ ਪਿੰਡ ਵਿੱਚ ਪਹੁੰਚ ਲੋਕਾਂ ਨੂੰ ਇਲਾਜ਼ ਦਾ ਭਰੋਸਾ ਦਵਾਇਆ । ਪਿੰਡ ਵਿਚ ਕਈ ਬੱਚੇ ਅਤੇ ਨੌਜਵਾਨ ਉਲਟੀ ਦਸਤ ਨਾਲ ਪੀੜਤ ਪਾਏ ਗਏ , ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਜਾਣਕਾਰੀ ਦੇ ਅਨੁਸਾਰ ਹੁਣ ਤੱਕ ਬਿਛੋਹੀ ਪਿੰਡ ਵਿਚ 119 ਮਾਮਲਿਆਂ ’ਚੋਂ 1 ਮਾਮਲੇ ਵਿੱਚ ਰਿਪੋਰਟ ਪਾਜੀਟਿਵ ਵੀ ਆ ਗਈ ਹੈ ਉੱਥੇ ਹੀ ਬਾਕੀ ਦੀ ਰਿਪੋਰਟ ਦਾ ਇੰਤਜ਼ਾਰ ਹੈ ।

ਪ੍ਰਦੂਸ਼ਿਤ ਪਾਣੀ ਪੀਣ ਨਾਲ ਫੈਲਿਆ ਪਿੰਡ ਵਿਚ ਰੋਗ

ਵਰਣਨਯੋਗ ਹੈ ਕਿ ਬੀਤੀ ਦਿਨੀ ਬਿਛੋਹੀ ਪਿੰਡ ਵਿਚ ਅਚਾਨਕ ਲੋਕਾਂ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਹੋਈ । ਇਸ ਦੇ ਬਾਅਦ ਰੋਗ ਇਕ ਘਰ ਤੋਂ ਦੂਜੇ ਘਰ ਤਕ ਫੈਲਣ ਲੱਗਾ ਅਤੇ ਕਈ ਲੋਕ ਇਸ ਬੀਮਾਰੀ ਦੀ ਲਪੇਟ ਵਿਚ ਆ ਗਏ । ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੇ ਅਧਿਕਾਰੀ ਤੇ ਵਾਲੰਟੀਅਰ ਪਿੰਡ ਵਿਚ ਪਹੁੰਚੇ ਤੇ ਬੀਮਾਰ ਲੋਕਾਂ ਨੂੰ ਦਵਾਈਆਂ ਵੰਡੀਆਂ। ਡਾਕਟਰਾਂ ਦੇ ਅਨੁਸਾਰ ਪਿੰਡ ਵਿਚ ਪਾਣੀ ਦੀ ਨਿਕਾਸੀ ਠੀਕ ਨਹੀਂ ਹੋਣ ਨਾਲ ਪੀਣ ਵਾਲੇ ਪਾਣੀ ਦੇ ਨਾਲ ਗੰਦੇ ਪਾਣੀ ਮਿਲ ਗਿਆ, ਜਿਸ ਕਾਰਨ ਹੈਜਾ ਫੈਲਿਆ ਹੈ । ਅਕਸਰ ਲੋਕ ਸ਼ੁਰੂਆਤ ਵਿਚ ਹੈਜੇ ਦੇ ਲੱਛਣਾਂ ਦੀ ਪਹਿਚਾਣ ਨਹੀਂ ਕਰ ਪਾਉਂਦੇ ਹਨ, ਜਿਸਦੀ ਵਜ੍ਹਾ ਇਹ ਸਮੱਸਿਆ ਗੰਭੀਰ ਹੋ ਜਾਂਦੀ ਹੈ । ਹੈਜੇ ਦੇ ਸ਼ੁਰੂਆਤੀ ਲੱਛਣਾ ਵਿਚ ਉਲਟੀਆਂ ਅਤੇ ਦਸਤ ਦੀ ਸਮੱਸਿਆ ਹੁੰਦੀ ਹੈ । ਜੇਕਰ ਤੁਹਾਨੂੰ ਇਕ-ਦੋ ਵਾਰ ਤੋਂ ਜ਼ਿਆਦਾ ਅਜਿਹੀ ਸਮੱਸਿਆ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਬੈਕਟੀਰੀਆ ਨਾਲ ਫੈਲਦਾ ਹੈ ਹੈਜਾ

ਵਰਣਨਯੋਗ ਹੈ ਕਿ ਦੂਸ਼ਿਤ ਖਾਣਾ ਜਾਂ ਪਾਣੀ ਪੀਣ ਨਾਲ ਹੈਜੇ ਦੇ ਬੈਕਟਰੀਆਂ ਸਰੀਰ ਵਿਚ ਦਾਖਲ ਹੋ ਜਾਂਦੇ ਹਨ । ਇਸਦੇ ਬਾਅਦ ਇਹ ਬੈਕਟੀਰੀਆਂ ਤੇਜੀ ਨਾਲ ਸ਼ਰੀਰ ’ਤੇ ਹਮਲਾ ਕਰਦੇ ਹਨ ਜਿਸਦੇ ਨਾਲ ਪਤਲੇ ਦਸਤ ਅਤੇ ਉੱਲਟੀਆਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ । ਇਹ ਰੋਗ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਸਿੱਧੇ ਨਹੀਂ ਫੈਲਦੇ। ਇਸ ਲਈ ਬਿਮਾਰ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਬੀਮਾਰ ਹੋਣ ਦਾ ਕੋਈ ਖ਼ਤਰਾ ਨਹੀਂ ਹੁੰਦਾ। ਹੈਜਾ ਦਾ ਇੰਫੈਕਸ਼ਨ ਹੋਣ ’ਤੇ 3 ਤੋਂ 6 ਘੰਟੇ ਵਿਚ ਰੋਗੀ ਨੂੰ ਵਾਰ-ਵਾਰ ਉਲਟੀਆਂ ਅਤੇ ਦਸਤ ਲੱਗਣ ਲੱਗਦੇ ਹਨ । ਕੋਈ ਇਲਾਜ਼ ਨਾ ਲੈਣ ਉੱਤੇ ਹੌਲੀ-ਹੌਲੀ ਇਹ ਸਮੱਸਿਆ ਘਾਤਕ ਰੂਪ ਲੈ ਲੈਂਦੀ ਹੈ ਤੇ ਰੋਗੀ ਦਾ ਬਲੱਡ ਪ੍ਰੈਸ਼ਰ ਘੱਟ ਹੋਣ ਲੱਗਦਾ ਹੈ ।

ਕੀ ਹੁੰਦੇ ਹਨ ਹੈਜੇ ਦੇ ਲੱਛਣ

ਹੁਸ਼ਿਆਰਪੁਰ ਸਿਵਲ ਹਸਪਤਾਲ ਵਿੱਚ ਤੈਨਾਤ ਏਪੀਡਯੋਮੋਲਾਜਿਸਟ ਡਾ . ਸ਼ੈਲੇਸ਼ ਕੁਮਾਰ ਦਾ ਕਹਿਣਾ ਹੈ ਕਿ ਹੈਜੇ ਦੇ ਬੈਕਟੀਰੀਆ ਸ਼ਰੀਰ ਵਿਚ ਦਾਖਲ ਹੋ ਆਪਣੀ ਗਿਣਤੀ ਵਧਾਉਂਦੇ ਰਹਿੰਦੇ ਹਨ ਅਤੇ ਜਦ ਸਮਰੱਥਾਂ ਤੋਂ ਜ਼ਿਆਦਾ ਗਿਣਤੀ ਵਿਚ ਹੋ ਜਾਂਦੇ ਹਨ ਤਾਂ ਉੱਥੇ ਜ਼ਹਿਰ ਪੈਦਾ ਕਰਦੇ ਹਨ , ਇਹ ਜ਼ਹਿਰ ਨਾਲੀਆਂ ਦੁਆਰਾ ਸਰੀਰ ਦੇ ਹੋਰ ਅੰਗਾਂ ਤੱਕ ਚੱਲ ਜਾਂਦਾ ਹੈ ਅਤੇ ਰੋਗ ਵੱਧਦਾ ਹੈ । ਇਸ ਰੋਗ ਵਿਚ ਜ਼ਬਰਦਸਤ ਉਲਟੀਆਂ ਅਤੇ ਦਸਤ ਹੁੰਦੇ ਹਨ । ਕਈ ਵਾਰ ਉਲਟੀ ਨਹੀਂ ਵੀ ਹੁੰਦੀ ਹੈ ਅਤੇ ਜੀ ਮਿਚਲਾਉਂਦਾ ਹੈ ਅਤੇ ਉਲਟੀ ਹੋਣ ਵਰਗਾ ਪ੍ਰਤੀਤ ਹੁੰਦਾ ਹੈ । ਉਲਟੀ ਵਿਚ ਪਾਣੀ ਬਹੁਤ ਜਿਆਦਾ ਹੁੰਦਾ ਹੈ, ਇਹ ਉਲਟੀ ਸਫੇਦ ਰੰਗ ਦੀ ਹੁੰਦੀ ਹੈ । ਕੁੱਝ ਵੀ ਖਾਧਾ ਨਹੀਂ ਜਾਂਦਾ ਤੇ ਸਭ ਉਲਟੀ ਵਿਚ ਨਿਕਲ ਜਾਂਦਾ ਹੈ । ਉੱਲਟੀ ਦੇ ਨਾਲ ਹੀ ਪਤਲੇ ਦਸਤ ਲੱਗ ਜਾਂਦੇ ਹਨ ਅਤੇ ਇਹ ਹੁੰਦੇ ਹੀ ਰਹਿੰਦੇ ਹਨ, ਸਰੀਰ ਦਾ ਸਾਰਾ ਪਾਣੀ ਇਸ ਦਸਤਾਂ ਵਿਚ ਨਿਕਲ ਜਾਂਦਾ ਹੈ । ਇਸ ਰੋਗ ਵਿਚ ਬੁਖਾਰ ਨਹੀਂ ਆਉਂਦਾ , ਬੱਸ ਰੋਗੀ ਨਿਢਾਲ , ਥੱਕਿਆ-ਥੱਕਿਆ ਜਿਹਾ ਕਮਜ਼ੋਰ ਅਤੇ ਸ਼ਕਤੀਹੀਣ ਹੋ ਜਾਂਦਾ ਹੈ । ਇਸ ਰੋਗ ਵਿਚ ਪਿਆਸ ਜ਼ਿਆਦਾ ਲੱਗਦੀ ਹੈ, ਪਲਸ ਢਿੱਲੀ ਪੈ ਜਾਂਦੀ ਹੈ , ਯੂਰਿਨ ਘੱਟ ਆਉਂਦਾ ਹੈ ਅਤੇ ਬੇਹੋਸ਼ੀ ਹੋਣ ਲੱਗਦੀ ਹੈ । ਹੈਜਾ ਹੋਣ ’ਤੇ ਰੋਗੀ ਦੇ ਹੱਥ-ਪੈਰ ਠੰਡੇ ਪੈ ਜਾਂਦੇ ਹਨ । ਹੈਜੇ ਦੀ ਸ਼ੁਰੁਆਤ ਹੋਣ ’ਤੇ ਰੋਗੀ ਦੀ ਸਾਹ ਟੁੱਟਣ ਲੱਗਦੀ ਹੈ । ਯੂਰੀਨ ਵਿੱਚ ਸਮੱਸਿਆ ਹੁੰਦੀ ਹੈ ਅਤੇ ਪਿੱਲੇ ਰੰਗ ਦਾ ਹੁੰਦਾ ਹੈ ? ਰੋਗੀ ਦੀ ਨਾਡ਼ੀ ਤੇਜ਼ ਚੱਲਣ ਲੱਗਦੀ ਹੈ ਤੇ ਕਮਜ਼ੋਰ ਹੋ ਜਾਂਦੀ ਹੈ । ਹੈਜਾ ਵਿੱਚ ਜ਼ਿਆਦਾ ਬੁਖਾਰ ਨਹੀਂ ਹੁੰਦਾ , ਜਿਵੇਂ ਕਿ ਦੂਜੇ ਇੰਫੇਕਸ਼ਨ ਵਿੱਚ ਹੁੰਦਾ ਹੈ ।

ਸਿਹਤ ਵਿਭਾਗ ਪੂਰੀ ਚੌਕਸ : ਸਿਵਲ ਸਰਜਨ

ਸੰਪਰਕ ਕਰਣ ’ਤੇ ਸਿਵਲ ਸਰਜਨ ਡਾ . ਜਸਵੀਰ ਸਿੰਘ ਨੇ ਦੱਸਿਆ ਕਿ ਮੇਰੀ ਜਾਣਕਾਰੀ ਵਿਚ ਹੁਣ ਤੱਕ 110 ਕੇਸ ਆਏ ਹਨ ਜਿਨ੍ਹਾਂ ’ਚੋਂ ਸਿਰਫ 1 ਮਾਮਲੇ ਵਿਚ ਰਿਪੋਰਟ ਪਾਜੀਟਿਵ ਆਈ ਹੈ । ਸਿਹਤ ਵਿਭਾਗ ਦੇ ਵਲੋਂ ਸੈਪਲ ਰਿਪੋਰਟ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ । ਵਿਭਾਗ ਦੇ ਵੱਲੋਂ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇ ਨਾਲ ਦਵਾਈਆਂ ਵੰਡਣਾ ਸ਼ੁਰੂ ਕੀਤਾ ਜਾ ਰਿਹਾ ਹੈ ਉਥੇ ਹੀ ਪਿੰਡ ਵਿੱਚ ਕਲੋਰੀਨ ਦਾ ਛਿਡ਼ਕਾਵ ਵੀ ਕੀਤਾ ਗਿਆ ਹੈ ।


Arun chopra

Content Editor

Related News