ਚਾਈਨਾ ਡੋਰ ਦੀ ਲਪੇਟ ''ਚ ਆਉਣ ਨਾਲ ਸਕੂਟਰ ਸਵਾਰ ਜ਼ਖਮੀ

Sunday, Jan 21, 2018 - 02:58 AM (IST)

ਚਾਈਨਾ ਡੋਰ ਦੀ ਲਪੇਟ ''ਚ ਆਉਣ ਨਾਲ ਸਕੂਟਰ ਸਵਾਰ ਜ਼ਖਮੀ

ਬਠਿੰਡਾ (ਪਰਮਿੰਦਰ)- ਘਾਤਕ ਚਾਈਨਾ ਡੋਰ ਲਗਾਤਾਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਸ਼ਨੀਵਾਰ ਨੂੰ ਇਕ ਐਕਟਿਵਾ ਸਵਾਰ ਹਨੂਮਾਨ ਚੌਕ ਨਜ਼ਦੀਕ ਚਾਈਨਾ ਡੋਰ ਵਿਚ ਉਲਝ ਗਿਆ ਜਿਸ ਕਾਰਨ ਉਸ ਦਾ ਗਲਾ ਬੁਰੀ ਤਰ੍ਹਾਂ ਕੱਟ ਗਿਆ। ਜਾਣਕਾਰੀ ਅਨੁਸਾਰ ਸੋਨੂ ਕੁਮਾਰ (40) ਵਾਸੀ ਨਾਮਦੇਵ ਰੋਡ ਆਪਣੇ ਸਕੂਟਰ 'ਤੇ ਜਾ ਰਿਹਾ ਸੀ ਕਿ ਅਚਾਨਕ ਹਨੂਮਾਨ ਚੌਕ ਨਜ਼ਦੀਕ ਚਾਈਨਾ ਡੋਰ ਉਸ ਦੇ ਗਲੇ ਨਾਲ ਆ ਕੇ ਉਲਝ ਗਈ। ਇਸ ਨਾਲ ਸਕੂਟਰ ਸਵਾਰ ਦਾ ਗਲਾ ਬੁਰੀ ਤਰ੍ਹਾਂ ਕੱਟ ਗਿਆ ਤੇ ਉਹ ਗੰਭੀਰ ਜ਼ਖਮੀ ਹੋ ਕੇ ਸੜਕ 'ਤੇ ਡਿੱਗ ਗਿਆ। ਸ਼ੁਕਰ ਹੈ ਕਿ ਉਸ ਵੇਲੇ ਸੜਕ 'ਤੇ ਜ਼ਿਆਦਾ ਟਰੈਫਿਕ ਨਹੀਂ ਸੀ। ਸੂਚਨਾ ਮਿਲਣ 'ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਉਸ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਨੂੰ ਤੁਰੰਤ ਆਪ੍ਰੇਸ਼ਨ ਥੀਏਟਰ 'ਚ ਲੈ ਜਾ ਕੇ ਉਸ ਦੇ ਗਲੇ 'ਤੇ ਟਾਂਕੇ ਲਾਏ। ਸੰਸਥਾ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ 13 ਟਾਂਕੇ ਲਾਏ ਗਏ ਹਨ।
ਚਾਈਨਾ ਡੋਰ 'ਚ ਫਸਣ ਕਾਰਨ ਕਬੂਤਰ ਜ਼ਖਮੀ
ਚਾਈਨਾ ਡੋਰ ਇਨਸਾਨਾਂ ਦੇ ਨਾਲ-ਨਾਲ ਪੰਛੀਆਂ ਲਈ ਵੀ ਮੁਸੀਬਤ ਬਣੀ ਹੋਈ ਹੈ। ਸਮਾਜ ਸੇਵੀ ਬੀਰਬਲ ਬਾਂਸਲ ਬੀਰੂ ਨੇ ਦੱਸਿਆ ਕਿ ਚਾਈਨਾ ਡੋਰ ਵਿਚ ਇਕ ਕਬੂਤਰ ਫਸ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਮੁਸ਼ਕਲ ਨਾਲ ਉਸ ਨੂੰ ਉਕਤ ਡੋਰ ਤੋਂ ਆਜ਼ਾਦ ਕਰਵਾਇਆ ਤੇ ਉਸ ਦੀ ਸੰਭਾਲ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਾਤਕ ਚਾਈਨਾ ਡੋਰ ਨਾ ਖਰੀਦਣ ਕਿਉਂਕਿ ਇਹ ਸਾਰਿਆਂ ਲਈ ਘਾਤਕ ਸਿੱਧ ਹੋ ਸਕਦੀ ਹੈ।


Related News