ਬਾਲ ਮਜ਼ਦੂਰੀ ਨੂੰ ਰੋਕਣ ਲਈ ਸ਼ਹਿਰ ਸਮੇਤ ਸਾਰੇ ਬਲਾਕਾਂ ''ਚ ਛਾਪੇ ਮਾਰੇ ਜਾਣਗੇ : ਡੀ. ਸੀ.

11/14/2017 1:20:46 PM

ਕਪੂਰਥਲਾ (ਗੁਰਵਿੰਦਰ ਕੌਰ, ਮਲਹੋਤਰਾ)— ਡਿਪਟੀ ਕਮਿਸ਼ਨਰ ਮੁਹੰਮਦ ਤਈਅਬ ਨੇ ਜ਼ਿਲੇ 'ਚ 14 ਤੋਂ 21 ਨਵੰਬਰ ਤਕ ਮਨਾਏ ਜਾ ਰਹੇ ਬਾਲ ਮਜ਼ਦੂਰੀ ਖਾਤਮਾ ਸਪਤਾਹ ਸਬੰਧੀ ਅਧਿਕਾਰੀਆਂ ਨਾਲ ਸਥਾਨਕ ਯੋਜਨਾ ਭਵਨ ਵਿਖੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਡੀ. ਸੀ. ਮੁਹੰਮਦ ਤਈਅਬ ਨੇ ਕਿਹਾ ਕਿ ਬਾਲ ਮਜ਼ਦੂਰੀ ਰੋਕੂ ਕਾਨੂੰਨ 1986 ਅਧੀਨ 14 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਤੋਂ ਮਜ਼ਦੂਰੀ ਨਹੀਂ ਕਰਵਾਈ ਜਾ ਸਕਦੀ ਅਤੇ ਇਸੇ ਕਾਨੂੰਨ ਦੀ ਧਾਰਾ 16 ਅਧੀਨ ਕੋਈ ਵੀ ਵਿਅਕਤੀ ਬਾਲ ਮਜ਼ਦੂਰੀ ਖਿਲਾਫ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖਤਰਨਾਕ ਅਦਾਰਿਆਂ ਜਿਵੇਂ ਫੈਕਟਰੀਆਂ ਆਦਿ 'ਚ 14 ਤੋਂ 18 ਸਾਲ ਤਕ ਦੇ ਬਾਲ ਮਜ਼ਦੂਰਾਂ ਲਈ ਕੰਮ ਕਰਨ ਦੀ ਵੀ ਮਨਾਹੀ ਹੈ। ਉਨ੍ਹਾਂ ਨੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਕਪੂਰਥਲਾ ਸ਼ਹਿਰ ਸਮੇਤ ਸਾਰੇ ਬਲਾਕਾਂ 'ਚ ਛਾਪੇ ਮਾਰ ਕੇ ਅਜਿਹੇ ਅਦਾਰਿਆਂ ਦੀ ਜਾਂਚ ਕੀਤੀ ਜਾਵੇਗੀ ਜਿੱਥੇ ਬੱਚਿਆਂ ਕੋਲੋਂ ਮਜ਼ਦੂਰੀ ਕਰਵਾਈ ਜਾਂਦੀ ਹੈ। 
ਉਨ੍ਹਾਂ ਜ਼ਿਲਾ ਪੁਲਸ, ਸਿਹਤ ਵਿਭਾਗ, ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਆਦਿ ਦੇ ਅਧਿਕਾਰੀਆਂ ਨੂੰ ਕਿਰਤ ਵਿਭਾਗ ਨਾਲ ਤਾਲਮੇਲ ਕਰਕੇ ਜ਼ਿਲੇ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜ਼ਿਲੇ 'ਚ ਬਾਲ ਮਜ਼ਦੂਰੀ ਨੂੰ ਸਖਤੀ ਨਾਲ ਰੋਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਲ ਮਜ਼ਦੂਰੀ ਦੇ ਖ਼ਾਤਮੇ ਲਈ ਜ਼ਿਲੇ ਦੀਆਂ ਸਮੂਹ ਸਬ-ਡਵੀਜ਼ਨਾਂ 'ਚ ਅਚਨਚੇਤ ਛਾਪੇ ਮਾਰਨ ਅਤੇ ਲੱਭੇ ਗਏ ਬਾਲ ਮਜ਼ਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ। 
ਡੀ. ਸੀ. ਨੇ ਕਿਹਾ ਕਿ ਜ਼ਿਲੇ 'ਚ ਸਾਰੇ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਘਰਾਂ ਅਤੇ ਸੜਕਾਂ ਉਪਰ ਖੜ੍ਹੀਆਂ ਰੇਹੜੀਆਂ 'ਤੇ ਵੀ ਬਾਲ ਕਿਰਤੀਆਂ ਨੂੰ ਕੰਮ 'ਤੇ ਨਹੀਂ ਰੱਖਿਆ ਜਾ ਸਕਦਾ, ਇਸ ਲਈ ਵਿਆਪਕ ਕਾਰਵਾਈ ਕਰਦੇ ਹੋਏ ਅਜਿਹੇ ਦੁਕਾਨਦਾਰਾਂ/ਵਪਾਰੀਆਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰੀ ਕਰਵਾਉਣ ਵਾਲੇ ਨੂੰ ਜੁਰਮਾਨੇ ਤੋਂ ਇਲਾਵਾ 6 ਮਹੀਨੇ ਤੋਂ 2 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬਾਲ ਮਜ਼ਦੂਰੀ ਨੂੰ ਰੋਕਣ ਸਬੰਧੀ ਸੂਚਨਾ ਦੇਣ ਵਾਸਤੇ ਬਾਲ ਹੈਲਪ ਲਾਈਨ ਨੰਬਰ 1098 'ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। 
ਇਸ ਮੌਕੇ ਏ. ਡੀ. ਸੀ. (ਜ) ਰਾਹੁਲ ਚਾਬਾ, ਸਹਾਇਕ ਕਮਿਸ਼ਨਰ ਮੇਜਰ ਸੁਮਿਤ ਮੁੱਧ, ਐੱਸ. ਡੀ. ਐੱਮ. ਕਪੂਰਥਲਾ ਡਾ. ਨਯਨ ਭੁੱਲਰ, ਐੱਸ. ਡੀ. ਐੱਮ. ਭੁਲੱਥ ਸੰਜੀਵ ਸ਼ਰਮਾ, ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਡੀ. ਐੱਸ. ਪੀ. ਸੋਹਨ ਲਾਲ ਸਹੋਤਾ, ਨਾਇਬ ਤਹਿਸੀਲਦਾਰ ਫਗਵਾੜਾ ਮੈਡਮ ਸਵਪਨਦੀਪ ਕੌਰ, ਲੇਬਰ ਇੰਸਪੈਕਟਰ ਕੁੰਵਰ ਡਾਵਰ, ਪ੍ਰਦੀਪ ਚੌਧਰੀ ਤੇ ਵਿਕ੍ਰਾਂਤ ਸੈਣੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।


Related News