ਸਫ਼ਰ ਦੌਰਾਨ ਮਾਂ ਪਿਓ ਨਾਲੋਂ ਵਿੱਛੜੇ 7 ਸਾਲਾ ਬੱਚੇ ਨੂੰ ਮਾਪਿਆਂ ਹਵਾਲੇ ਕੀਤਾ
Tuesday, Aug 10, 2021 - 06:03 PM (IST)
ਫ਼ਰੀਦਕੋਟ (ਰਾਜਨ) : ਸਫ਼ਰ ਦੌਰਾਨ ਕੋਟਕਪੂਰਾ ਤੋਂ ਲਾਵਾਰਿਸ ਹਾਲਤ ’ਚ ਮਿਲੇ 7 ਸਾਲ ਦੇ ਬੱਚੇ ਨੂੰ ਸਹੀ ਸਲਾਮਤ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਚਾਈਲਡ ਲਾਈਨ ਫ਼ਰੀਦਕੋਟ ਉਸ ਵੇਲੇ ਬੇਹੱਦ ਮਦਦਗਾਰ ਸਾਬਤ ਹੋਈ ਜਦ ਟੀਮ ਮੈਂਬਰਾਂ ਵੱਲੋਂ ਉਪਰਾਲਾ ਕਰਕੇ ਰਾਜਸਥਾਨ ਨਿਵਾਸੀ ਬੱਚੇ ਦੇ ਵਾਰਿਸਾਂ ਦਾ ਪਤਾ ਲਗਾ ਕੇ ਬੱਚਾ ਸਹੀ ਸਲਾਮਤ ਉਨ੍ਹਾਂ ਹਵਾਲੇ ਕਰ ਦਿੱਤਾ। ਚਾਈਲਡ ਲਾਈਨ ਸੈਂਟਰ ਕੋਆਰਡੀਨੇਟਰ ਸੋਨੀਆਂ ਰਾਣੀ ਅਤੇ ਮੈਂਬਰਾਂ ਪੂਜਾ ਕੁਮਾਰੀ, ਪਲਵਿੰਦਰ ਕੌਰ, ਮਨਦੀਪ ਸਿੰਘ ਅਤੇ ਸੁਭਾਸ਼ ਚੰਦਰ ਨੇ ਦੱਸਿਆ ਕਿ ਬੀਤੀ 9 ਅਗਸਤ ਨੂੰ ਥਾਣਾ ਸਿਟੀ ਕੋਟਕਪੂਰਾ ’ਚੋਂ ਸੈਂਟਰ ਦੇ ਟੋਲ ਫ਼ਰੀ ਨੰਬਰ 1098 ’ਤੇ ਇਹ ਇਤਲਾਹ ਦਿੱਤੀ ਗਈ ਸੀ ਕਿ ਇੱਕ 7 ਸਾਲ ਦਾ ਬੱਚਾ ਪੁਲਸ ਨੂੰ ਲਾਵਾਰਿਸ ਹਾਲਤ ਵਿੱਚ ਮਿਲਿਆ ਹੈ ਜਿਸ ਉਪਰੰਤ ਟੀਮ ਵੱਲੋਂ ਤੁਰੰਤ ਕੋਟਕਪੂਰਾ ਥਾਣੇ ਸੰਪਰਕ ਕਰਕੇ ਬੱਚੇ ਨੂੰ ਆਪਣੀ ਹਿਫ਼ਾਜ਼ਤ ਵਿੱਚ ਲੈ ਕੇ ਇਸਦੀ ਡੀ. ਡੀ. ਆਰ. ਦਰਜ ਕਰਵਾਈ ਗਈ। ਫ਼ਰੀਦਕੋਟ ਵਿਖੇ ਲਿਆਉਣ ਦੀ ਸੂਰਤ ਵਿੱਚ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ ਸੱਗੂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜਦ ਬੱਚੇ ਨਾਲ ਗੱਲਬਾਤ ਕੀਤੀ ਗਈ ਤਾਂ ਇਸਨੇ ਆਪਣਾ ਨਾਂ ਰਾਜੂ, ਪਿਤਾ ਦਾ ਨਾਂ ਰਾਜੂ ਅਤੇ ਮਾਤਾ ਦਾ ਨਾਂ ਗੁਲਾਬੋ ਦੱਸਦਿਆਂ ਘਰ ਦਾ ਪਤਾ ਅਬੋਹਰ ਜ਼ਿਲ੍ਹਾ ਦੱਸਿਆ।
ਬੱਚੇ ਨੂੰ ਵਾਰਿਸਾਂ ਦਾ ਪਤਾ ਲੱਗਣ ਤੱਕ ਇੱਥੋਂ ਦੇ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਵਿਖੇ ਦਾਖਿਲ ਕਰਵਾ ਦਿੱਤਾ ਗਿਆ ਪਰ ਦੂਸਰੇ ਦਿਨ ਹੀ ਜਦ ਚਾਈਲਡ ਲਾਈਨ ਟੀਮ ਨੂੰ ਕੋਟਕਪੂਰਾ ਥਾਣੇ ’ਚੋਂ ਕਾਂਸਟੇਬਲ ਦਾ ਫੋਨ ਆਇਆ ਕਿ ਬੱਚੇ ਦੇ ਪਰਿਵਾਰ ਵਾਲੇ ਬੱਚੇ ਦੀ ਗੁੰਮਸ਼ੁਦਗੀ ਸਬੰਧੀ ਰਿਪੋਰਟ ਦਰਜ ਕਰਵਾਉਣ ਲਈ ਆਏ ਸਨ ਤਾਂ ਟੀਮ ਵੱਲੋਂ ਸਾਰੀ ਜਾਣਕਾਰੀ ਲੈ ਕੇ ਬੱਚੇ ਦੇ ਪਰਿਵਾਰ ਨੂੰ ਮੋਬਾਇਲ ਕਰਕੇ ਜਦ ਫ਼ਰੀਦਕੋਟ ਵਿਖੇ ਬੁਲਾਇਆ ਗਿਆ ਤਾਂ ਇੱਥੇ ਪੁੱਜੇ ਬੱਚੇ ਦੇ ਦਾਦਾ, ਦਾਦੀ ਅਤੇ ਭੈਣ ਨੇ ਦੱਸਿਆ ਕਿ ਉਹ ਰਾਜਸਥਾਨ ਦੇ ਰਹਿਣ ਵਾਲੇ ਹਨ। ਜਦ ਉਹ ਕੋਟਕਪੂਰਾ ਵਿਖੇ ਕੰਮ ਕਰਨ ਲਈ ਪਰਿਵਾਰ ਸਮੇਤ ਆ ਰਹੇ ਸਨ ਤਾਂ ਸਫ਼ਰ ਦੌਰਾਨ ਇਹ ਬੱਚਾ ਵਿੱਛੜ ਗਿਆ। ਇਸ ਉਪਰੰਤ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਕਰਵਾਉਣ ਤੋਂ ਬਾਅਦ ਮਾਪਿਆਂ ਨੇ ਚੇਅਰਮੈਨ ਬਾਲ ਭਲਾਈ ਕਮੇਟੀ ਅਤੇ ਚਾਈਲਡ ਲਾਈਨ ਮੈਂਬਰਾਂ ਦਾ ਧੰਨਵਾਦ ਕੀਤਾ।