ਪਤੰਗ ਉਡਾ ਰਹੇ ਬੱਚੇ ਨਾਲ ਵਾਪਰਿਆ ਭਿਆਨਕ ਹਾਦਸਾ, ਮੌਤ
Friday, Jan 17, 2020 - 09:23 PM (IST)
![ਪਤੰਗ ਉਡਾ ਰਹੇ ਬੱਚੇ ਨਾਲ ਵਾਪਰਿਆ ਭਿਆਨਕ ਹਾਦਸਾ, ਮੌਤ](https://static.jagbani.com/multimedia/2020_1image_21_23_23312446917rprhbhandari02.jpg)
ਨੂਰਪੁਰਬੇਦੀ, (ਭੰਡਾਰੀ)— ਨਜ਼ਦੀਕੀ ਪਿੰਡ ਗੋਪਾਲਪੁਰ ਵਿਖੇ ਪਤੰਗ ਉੱਡਾਉਂਦੇ ਸਮੇਂ ਚੌਬਾਰੇ ਤੋਂ ਡਿੱਗ ਕੇ ਇਕ 15 ਸਾਲਾ ਬੱਚੇ ਦੀ ਮੌਤ ਹੋ ਗਈ।
ਇਸ ਦੁੱਖਦਾਈ ਘਟਨਾ ਦਾ ਪਤਾ ਚੱਲਦਿਆਂ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਅਨੁਸਾਰ ਸ਼ਾਮ ਕਰੀਬ ਸਾਢੇ 5 ਕੁ ਵਜੇ ਵਿਸ਼ਾਲ ਰਾਣਾ ਘਰ ਤੋਂ ਕੁਝ ਦੂਰੀ 'ਤੇ ਸਥਿਤ ਪਿੰਡ ਦੇ ਹੀ ਇਕ ਵਿਅਕਤੀ ਦੇ ਚੌਬਾਰੇ 'ਤੇ ਹੋਰਨਾਂ ਬੱਚਿਆਂ ਨਾਲ ਪਤੰਗ ਉੱਡਾ ਰਿਹਾ ਸੀ। ਇਸ ਦੌਰਾਨ ਉਕਤ ਲੜਕਾ ਕਿਸੇ ਤਰ੍ਹਾਂ ਅਚਾਨਕ ਚੌਬਾਰੇ ਤੋਂ ਹੇਠਾਂ ਡਿੱਗ ਗਿਆ, ਜਿਸ ਸਬੰਧੀ ਪਿੰਡ 'ਚ ਰਹਿੰਦੇ ਕੁਝ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੇ ਇਸਦੀ ਸੂਚਨਾ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਪਹੁੰਚ ਕੇ ਦਿੱਤੀ। ਨੂਰਪੁਰਬੇਦੀ ਵਿਖੇ ਚਾਹ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਮ੍ਰਿਤਕ ਬੱਚੇ ਦੇ ਪਿਤਾ ਜਸਵਿੰਦਰ ਸਿੰਘ ਰਾਣਾ ਪੁੱਤਰ ਨਰੈਣ ਸਿੰਘ ਰਾਣਾ ਨਿਵਾਸੀ ਗੋਪਾਲਪੁਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਉਕਤ ਸੂਚਨਾ ਮਿਲਣ 'ਤੇ ਘਟਨਾ ਸਥਾਨ 'ਤੇ ਜਾ ਕੇ ਦੇਖਿਆ ਤਾਂ ਬੱਚਾ ਜ਼ਮੀਨ 'ਤੇ ਬੇਸੁੱਧ ਹੋ ਕੇ ਡਿੱਗਿਆ ਹੋਇਆ ਸੀ। ਉਨ੍ਹਾਂ ਬੱਚੇ ਨੂੰ ਤੁਰੰਤ ਡਾ. ਗੁਰਦੇਵ ਹਸਪਤਾਲ ਨੂਰਪੁਰਬੇਦੀ ਵਿਖੇ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਵਿਸ਼ਾਲ ਰਾਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰਬੇਦੀ (ਲੜਕੇ) ਦਾ 7ਵੀਂ ਜਮਾਤ ਦਾ ਵਿਦਿਆਰਥੀ ਸੀ। ਸਰਪੰਚ ਰੋਹਿਤ ਕੁਮਾਰ, ਰਾਮ ਕੁਮਾਰ, ਨੰਬਰਦਾਰ ਪਰਮਿੰਦਰ ਸਿੰਘ, ਸਾਬਕਾ ਸਰਪੰਚ ਮਲਕੀਤ ਸਿੰਘ, ਮਦਨ ਲਾਲ, ਸੁਰਿੰਦਰਪਾਲ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ ਸੰਘਾ, ਪੰਚ ਰਾਮ ਕਿਸ਼ਨ ਫੌਜੀ ਅਤੇ ਸਰਪੰਚ ਸ਼ਿੰਗਾਰਾ ਸਿੰਘ ਲਸਾੜੀ ਆਦਿ ਨੇ ਘਟਨਾ 'ਤੇ ਦੁੱਖ ਪ੍ਰਗਟਾਇਆ।