ਕਾਰ-ਮੋਟਰਸਾਈਕਲ ਟੱਕਰ ’ਚ ਪਤੀ-ਪਤਨੀ ਤੇ ਬੱਚੇ ਦੀ ਮੌਤ
Thursday, Aug 23, 2018 - 06:34 AM (IST)

ਖਰਡ਼, (ਅਮਰਦੀਪ, ਰਣਬੀਰ, ਸ਼ਸ਼ੀ)- ਖਰਡ਼ ਵਿਖੇ ਵਾਪਰੇ ਸਡ਼ਕ ਹਾਦਸੇ ਵਿਚ ਪਤੀ-ਪਤਨੀ ਤੇ ਉਨ੍ਹਾਂ ਦੇ ਲਡ਼ਕੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਸਵਾਡ਼ਾ ਨੇਡ਼ੇ ਮੋਟਰਸਾਈਕਲ ਸਵਾਰ ਇੰਦਰ ਕੁਮਾਰ ਆਪਣੀ ਪਤਨੀ ਮੀਨਾ ਰਾਣੀ ਤੇ ਤਿੰਨ ਸਾਲਾ ਬੱਚੇ ਸੋਨੂੰ ਨਾਲ ਚੰਡੀਗਡ਼੍ਹ ਤੋਂ ਪਿੰਡ ਮਹਿਮੂਦਾ ਨੇਡ਼ੇ ਚੂੰਨੀ ਜ਼ਿਲਾ ਫਤਿਹਗਡ਼੍ਹ ਸਾਹਿਬ ਵਿਖੇ ਜਾ ਰਿਹਾ ਸੀ ਕਿ ਤੇਜ਼ ਰਫਤਾਰ ਨਾਲ ਆਉਂਦੀ ਕਾਰ, ਜਿਸ ਦਾ ਡਰਾਈਵਰ ਨਸ਼ੇ ’ਚ ਧੁੱਤ ਸੀ, ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਉਹ ਮੋਟਰਸਾਈਕਲ ਨੂੰ ਘਸੀਟਦਾ ਹੋਇਆ ਕਈ ਮੀਟਰ ਦੂਰ ਤਕ ਲੈ ਗਿਆ ਤੇ ਮੌਕੇ ’ਤੇ ਹੀ ਮੋਟਰਸਾਈਕਲ ਸਵਾਰ ਇੰਦਰ ਤੇ ਉਸਦੇ ਲਡ਼ਕੇ ਸੋਨੂੰ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਦੀ ਸਿਵਲ ਹਸਪਤਾਲ ਫੇਜ਼-6 ਜ਼ੇਰੇ ਇਲਾਜ ਅਧੀਨ ਮੌਤ ਹੋ ਗਈ।
ਅੱਜ ਜਦੋਂ ਦੋਸ਼ੀ ਕਾਰ ਸਵਾਰ ਜਸਨਪ੍ਰੀਤ ਸਿੰਘ ਪੁੱਤਰ ਸਵ. ਗੁਰਮੀਤ ਸਿੰਘ ਵਾਸੀ ਪਿੰਡ ਬਦੋਸ਼ੀ, ਜ਼ਿਲਾ ਫਤਿਹਗਡ਼੍ਹ ਸਾਹਿਬ ਨੂੰ ਪੁਲਸ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪੁੱਜੀ ਤਾਂ ਉਥੇ ਮ੍ਰਿਤਕ ਦੇ ਰਿਸ਼ਤੇਦਾਰ ਤੇ ਹੋਰ ਪ੍ਰਵਾਸੀ ਇਕੱਠੇ ਹੋ ਗਏ ਤੇ ਉਨ੍ਹਾਂ ਦੋਸ਼ੀ ਕਾਰ ਸਵਾਰ ਨੂੰ ਕੁੱਟਣ ਦੀ ਯੋਜਨਾ ਬਣਾਈ ਤਾਂ ਪੁਲਸ ਨੂੰ ਭਿਣਕ ਪੈਣ ’ਤੇ ਪੁਲਸ ਨੇ ਹਸਪਤਾਲ ਕੈਂਪਸ ਵਿਚ ਪੁਲਸ ਤਾਇਨਾਤ ਕਰ ਦਿੱਤੀ ਅਤੇ ਦੋਸ਼ੀ ਜਸਨਪ੍ਰੀਤ ਨੂੰ ਬਚਾਅ ਕੇ ਹਸਪਤਾਲ ਤੋਂ ਮਾਣਯੋਗ ਅਦਾਲਤ ਵਿਚ ਲੈ ਗਈ। ਮ੍ਰਿਤਕ ਇੰਦਰ ਤ੍ਰਿਸ਼ੂਲ ਪੂਜਾ ਕਰਨ ਉਪਰੰਤ ਆਪਣੀ ਪਤਨੀ ਤੇ ਲਡ਼ਕੇ ਸਮੇਤ ਘਰ ਜਾ ਰਿਹਾ ਸੀ। ਪੁਲਸ ਨੇ ਦੋਸ਼ੀ ਕਾਰ ਸਵਾਰ ਜਸਨਪ੍ਰੀਤ ਸਿੰਘ, ਜੋ ਕਿ ਥਾਪਰ ਕਾਲਜ ਪਟਿਆਲਾ ਦਾ ਵਿਦਿਆਰਥੀ ਹੈ, ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।