ਫੁੱਫੜ ਵੱਲੋਂ ਅਗਵਾ ਕੀਤਾ ਚਾਰ ਸਾਲਾ ਬੱਚਾ ਬਰਾਮਦ, ਬਦਲਾ ਲੈਣ ਲਈ ਕੀਤੀ ਕਰਤੂਤ

Tuesday, Mar 05, 2024 - 06:21 PM (IST)

ਫੁੱਫੜ ਵੱਲੋਂ ਅਗਵਾ ਕੀਤਾ ਚਾਰ ਸਾਲਾ ਬੱਚਾ ਬਰਾਮਦ, ਬਦਲਾ ਲੈਣ ਲਈ ਕੀਤੀ ਕਰਤੂਤ

ਸਮਾਣਾ (ਦਰਦ, ਅਸ਼ੋਕ) : ਮੋਤੀਆ ਬਾਜ਼ਾਰ ਸਮਾਣਾ ਦੇ ਇਕ ਸਕੂਲ ਤੋਂ ਅਗਵਾ ਕੀਤੇ ਗਏ 4 ਸਾਲਾ ਮਾਸੂਮ ਬੱਚੇ ਨੂੰ ਸਿਟੀ ਪੁਲਸ ਨੇ ਬਰਾਮਦ ਕਰ ਕੇ ਮੁਲਜ਼ਮ ਫੁੱਫੜ ਨੂੰ ਹਿਰਾਸਤ ’ਚ ਲੈ ਲਿਆ ਹੈ। ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁੱਛਗਿੱਛ ਲਈ 2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ ਜਦੋਂ ਕਿ ਬੱਚੇ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਸਿਟੀ ਪੁਲਸ ਦੇ ਏ. ਐੱਸ. ਆਈ. ਪੂਰਨ ਸਿੰਘ ਨੇ ਦੱਸਿਆ ਕਿ ਸੁਖਬੀਰ ਸਿੰਘ ਨਿਵਾਸੀ ਮੋਤੀਆ ਬਾਜ਼ਾਰ ਸਮਾਣਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦਾ ਜੀਜਾ ਹਰਦੀਪ ਸਿੰਘ ਨਿਵਾਸੀ ਪਿੰਡ ਸੰਗਤਪੁਰਾ (ਨਾਭਾ) ਵੱਲੋਂ ਉਸ ਦੇ 4 ਸਾਲਾ ਬੱਚੇ ਫਤਿਹਵੀਰ ਨੂੰ ਸਕੂਲ ਤੋਂ ਅਗਵਾ ਕਰ ਲਿਆ ਸੀ। ਪੁਲਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਬੀਤੇ ਦਿਨ ਮੁਲਜ਼ਮ ਹਰਦੀਪ ਸਿੰਘ ਨੂੰ ਕਾਬੂ ਕਰਕੇ ਫਤਿਹਵੀਰ ਨੂੰ ਛੁਡਾ ਲਿਆ।

ਅਧਿਕਾਰੀ ਅਨੁਸਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਆਪਣੇ ਪਤੀ ਹਰਦੀਪ ਸਿੰਘ ਨਾਲ ਝਗੜੇ ਕਾਰਨ ਆਪਣੇ ਪੇਕੇ ਪਰਿਵਾਰ ਕੋਲ ਆ ਗਈ ਸੀ। ਗੁੱਸੇ ’ਚ ਹਰਦੀਪ ਸਿੰਘ ਨੇ ਬਦਲਾ ਲੈਣ ਅਤੇ ਪਰਿਵਾਰ ’ਤੇ ਦਬਾਅ ਬਣਾਉਣ ਲਈ ਫਤਿਹਵੀਰ ਨੂੰ ਅਗਵਾ ਕਰ ਕੇ ਅਣਪਛਾਤੀ ਥਾਂ ’ਤੇ ਛੁਪਾ ਲਿਆ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ 2 ਦਿਨ ਦੇ ਪੁਲਸ ਰਿਮਾਂਡ ’ਤੇ ਲੈ ਕੇ ਪੁਲਸ ਨੇ ਆਪਣੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News