8 ਸਾਲਾਂ ਤੋਂ ਖਾਲੀ ਪਿਆ ਪੀ. ਜੀ. ਆਈ. ਚੀਫ ਨਰਸਿੰਗ ਅਫਸਰ ਦਾ ਅਹੁਦਾ

Saturday, Aug 05, 2017 - 03:30 PM (IST)

ਚੰਡੀਗੜ੍ਹ (ਰਵੀਪਾਲ) : ਪੀ. ਜੀ. ਆਈ. 'ਚ 8 ਸਾਲਾਂ ਤੋਂ ਸੀ. ਐੱਨ. ਓ. (ਚੀਫ ਨਰਸਿੰਗ ਅਫਸਰ) ਦੀ ਪੋਸਟ ਖਾਲੀ ਹੋਣ ਕਾਰਨ ਨਰਸਿੰਗ ਸਟਾਫ ਨੂੰ ਦੂਜੇ ਵਿਭਾਗ ਦੇ ਪ੍ਰਧਾਨ ਵੇਖ ਰਹੇ ਹਨ। ਪੀ. ਜੀ. ਆਈ. 'ਚ ਸੀ. ਐੱਨ. ਓ. ਦੇ ਅਹੁਦੇ ਲਈ ਜੋ ਯੋਗਤਾ ਤੈਅ ਕੀਤੀ ਗਈ ਹੈ, ਉਹ ਇੰਨੀ ਜ਼ਿਆਦਾ ਮੁਸ਼ਕਲ ਹੈ ਕਿ ਜ਼ਿਆਦਾਤਰ ਕਰਮਚਾਰੀ ਤਾਂ ਯੋਗਤਾ ਪੂਰੀ ਨਹੀਂ ਕਰ ਪਾਉਂਦੇ ਜਾਂ ਯੋਗਤਾ ਪੂਰੀ ਹੋਣ ਦੇ ਨਾਲ ਹੀ ਸੇਵਾਮੁਕਤ ਹੋ ਜਾਂਦੇ ਹਨ, ਜਿਸ ਕਾਰਨ ਇਹ ਪਦ ਖਾਲੀ ਪਿਆ ਹੈ। ਪੀ. ਜੀ. ਆਈ. ਨਰਸਿੰਗ ਯੂਨੀਅਨ ਅਰਸੇ ਤੋਂ ਇਸ ਅਹੁਦੇ ਨੂੰ ਭਰਨ ਦੀ ਗੱਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਰਦਾ ਆ ਰਿਹਾ ਹੈ। ਇਸਦੇ ਬਾਵਜੂਦ ਇਸ ਅਹੁਦੇ 'ਤੇ ਕਿਸੇ ਦੀ ਨਿਯੁਕਤੀ ਨਹੀਂ ਕੀਤੀ ਜਾ ਰਹੀ ਹੈ।
ਸੂਤਰਾਂ ਦੀ ਮੰਨੀਏ ਤਾਂ ਪ੍ਰਸ਼ਾਸਨ ਨੇ 2 ਵਾਰ ਇਸ ਅਹੁਦੇ ਲਈ ਇਸ਼ਤਿਹਾਰ ਵੀ ਕੱਢਿਆ ਹੈ ਪਰ ਇਸ ਲਈ ਯੋਗਤਾ ਇੰਨੀ ਜ਼ਿਆਦਾ ਹੈ ਕਿ ਯੋਗ ਵਿਅਕਤੀ ਇਸ ਪਦ ਲਈ ਨਹੀਂ ਮਿਲ ਰਿਹਾ ਹੈ। ਸੀ. ਐੱਨ. ਓ. ਅਹੁਦੇ ਲਈ ਐੱਮ. ਸੀ. ਨਰਸਿੰਗ ਦੇ ਨਾਲ 20 ਸਾਲ ਦਾ ਤਜਰਬਾ ਤੇ ਅਸਿਸਟੈਂਟ ਨਰਸਿੰਗ ਸੁਪਰਡੈਂਟ ਦੇ ਨਾਲ ਡਿਪਟੀ ਨਰਸਿੰਗ ਸੁਪਰਡੈਂਟ ਦਾ 15 ਸਾਲ ਦਾ ਤਜਰਬਾ ਜਾਂ ਨਰਸਿੰਗ ਸੁਪਰਡੈਂਟ 'ਚ 10 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ। ਇਸਦੇ ਨਾਲ ਹੀ ਇਸ ਅਹੁਦੇ ਲਈ ਉਮਰ ਹੱਦ 45 ਸਾਲ ਤੈਅ ਕੀਤੀ ਗਈ ਹੈ।
ਦੂਜਾ ਵਿਭਾਗ ਕਰਦਾ ਹੈ ਮਨਮਾਨੀ
ਸੂਤਰਾਂ ਦੀ ਮੰਨੀਏ ਤਾਂ ਚੀਫ ਨਰਸਿੰਗ ਅਫਸਰ ਨਾ ਹੋਣ ਕਾਰਨ ਨਰਸਿੰਗ ਸਟਾਫ ਨੂੰ ਦੂਜੇ ਵਿਭਾਗ ਦੇ ਅਧਿਕਾਰੀ ਦੀ ਦੇਖ-ਰੇਖ ਚ ਰੱਖਿਆ ਜਾਂਦਾ ਹੈ। ਅਜਿਹੇ 'ਚ ਉਹ ਆਪਣੀ ਮਨਮਾਨੀ ਕਰਦਾ ਹੈ। ਰੋਜ਼ਾਨਾ ਕਰਮਚਾਰੀਆਂ ਦੀ ਡਿਊਟੀ ਚੇਂਜ ਹੁੰਦੀ ਹੈ ਪਰ ਇਸ 'ਚ ਵੀ ਅਧਿਕਾਰੀ ਆਪਣੇ ਚਹੇਤਿਆਂ ਦੀ ਡਿਊਟੀ ਚੇਂਜ ਨਹੀਂ ਕਰਦੇ ਹਨ। ਵਿਭਾਗ 'ਚ ਅਜਿਹੇ ਕਈ ਕਰਮਚਾਰੀ ਹਨ ਜੋ ਪਿਛਲੇ 15-20 ਸਾਲਾਂ ਤੋਂ ਇਕ ਹੀ ਥਾਂ ਕੰਮ ਕਰ ਰਹੇ ਹਨ। ਮਨਮਾਨੀ ਇੰਨੀ ਜ਼ਿਆਦਾ ਹੈ ਕਿ ਲੋਕਾਂ ਦੇ ਟ੍ਰਾਂਸਫਰ ਤਕ ਕੀਤੇ ਜਾਂਦੇ ਹਨ।
107 ਅਹੁਦਿਆਂ 'ਤੇ ਸਿਰਫ 15
ਸੂਤਰਾਂ ਦੀ ਮੰਨੀਏ ਤਾਂ ਪੀ. ਜੀ. ਆਈ. ਨਰਸਿੰਗ ਸਟਾਫ 'ਚ ਕੁਲ 107 ਪ੍ਰਸ਼ਾਸਨਿਕ ਅਹੁਦੇ ਹਨ, ਜਿਸ 'ਚ ਸਿਰਫ 15 ਅਹੁਦਿਆਂ 'ਤੇ ਹੀ ਅਧਿਕਾਰਕ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਬਾਕੀ ਸਾਰੇ ਅਹੁਦਿਆਂ 'ਤੇ ਆਫਿਸ਼ਿਏਟਿੰਗ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਪੀ. ਜੀ. ਆਈ. ਨਰਸਿੰਗ ਸਟਾਫ 'ਚ ਏ. ਐੱਨ. ਐੱਸ. (ਅਸਿਸਟੈਂਟ ਨਰਸਿੰਗ ਸੁਪਰਡੈਂਟ) ਦੇ ਕੁਲ 88 ਅਹੁਦੇ ਹਨ ਪਰ ਹਸਪਤਾਲ 'ਚ ਇਕ ਵੀ ਸਟਾਫ ਏ. ਐੱਨ. ਐੱਸ. ਦੇ ਅਹੁਦੇ 'ਤੇ ਨਿਯੁਕਤ ਨਹੀਂ ਹੈ, ਉਥੇ ਹੀ ਜਿਥੋਂ ਤਕ ਡੀ. ਐੱਨ. ਐੱਸ. ਦੇ ਅਹੁਦਿਆਂ ਦਾ ਸਵਾਲ ਹੈ ਤਾਂ ਹਸਪਤਾਲ 'ਚ ਇਸਦੇ ਲਈ 22 ਰੱਖੇ ਗਏ, ਜਿਸ 'ਤੇ ਸਿਰਫ 13 'ਤੇ ਹੀ ਪੱਕਾ ਸਟਾਫ ਨਿਯੁਕਤ ਹੈ। ਪੀ. ਜੀ. ਆਈ. 'ਚ ਸਾਲ 2012 'ਚ ਹੋਈ ਸਟ੍ਰਾਈਕ ਸਮੇਂ ਵੀ ਨਰਸਿੰਗ ਸਟਾਫ ਨੇ ਇਸ ਚੀਫ ਨਰਸਿੰਗ ਅਫਸਰ ਦੇ ਪਦ ਨੂੰ ਭਰਨ ਦੀ ਮੰਗ ਕੀਤੀ ਸੀ। ਉਸ ਸਮੇਂ ਪੀ. ਜੀ. ਆਈ. ਪ੍ਰਸ਼ਾਸਨ ਨੇ ਇਸ ਪਦ ਨੂੰ ਭਰਨ ਲਈ ਕਿਹਾ ਸੀ ਕਿ ਛੇਤੀ ਹੀ ਇਸ ਅਹੁਦੇ 'ਤੇ ਨਿਯੁਕਤੀ ਕੀਤੀ ਜਾਏਗੀ ਪਰ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤਕ ਇਹ ਅਹੁਦਾ ਖਾਲੀ ਪਿਆ ਹੈ।
ਅਹੁਦੇ ਲਈ 20 ਸਾਲ ਦਾ ਤਜ਼ੁਰਬਾ ਜ਼ਰੂਰੀ
ਸਟਾਫ ਦੀ ਮੰਨੀਏ ਤਾਂ 22 ਸਾਲ ਦੀ ਉਮਰ ਤਕ ਵਿਅਕਤੀ ਦੀ ਨਰਸਿੰਗ ਪੂਰੀ ਹੁੰਦੀ ਹੈ, ਜਿਸਦੇ ਬਾਅਦ ਦੋ ਸਾਲ ਦੀ ਐੱਮ. ਸੀ. ਹੁੰਦੀ ਹੈ, ਜਦੋਂ ਤਕ ਵਿਅਕਤੀ ਦੀ ਉਮਰ 24 ਸਾਲ ਹੋ ਜਾਂਦੀ ਹੈ। ਇਸਦੇ ਨਾਲ ਹੀ ਇਸ ਪਦ ਲਈ 20 ਸਾਲ ਦਾ ਤਜਰਬਾ ਵੀ ਜ਼ਰੂਰੀ ਹੈ। ਅਜਿਹੇ 'ਚ 24 ਸਾਲ ਦਾ ਵਿਅਕਤੀ ਜਦੋਂ ਤਕ 20 ਸਾਲ ਦਾ ਤਜਰਬਾ ਲਵੇਗਾ, ਉਦੋਂ ਤਕ ਉਸਦੀ ਉਮਰ ਇਸ ਅਹੁਦੇ ਲਈ ਖਤਮ ਹੋ ਜਾਂਦੀ ਹੈ। ਪੀ. ਜੀ. ਆਈ. ਨਰਸਿੰਗ ਦੀ ਮੰਨੀਏ ਤਾਂ ਪੜ੍ਹਾਈ ਪੂਰੀ ਕਰਨ ਦੇ ਬਾਅਦ ਸਿੱਧੇ ਇਸ ਅਹੁਦੇ 'ਤੇ ਭਰਤੀ ਨਹੀਂ ਹੁੰਦੀ ਹੈ। ਅਜਿਹੇ 'ਚ ਇੰਨੀ ਸਾਰੀ ਯੋਗਤਾ ਹੋਣ ਤਕ ਕਰਮਚਾਰੀ ਇਸ 
ਅਹੁਦੇ ਲਈ ਯੋਗ ਨਹੀਂ ਹੋ ਸਕਦਾ ਹੈ। ਇਸ ਅਹੁਦੇ ਦੀ ਯੋਗਤਾ ਨੂੰ ਲੈ ਕੇ ਯੂਨੀਅਨ ਪਿਛਲੇ ਕਈ ਸਾਲਾਂ ਤੋਂ ਪੀ. ਜੀ. 
ਆਈ. ਤੋਂ ਮੰਗ ਕਰ ਰਹੀ ਹੈ ਕਿ ਜਾਂ ਤਾਂ ਇਸ ਪਦ ਲਈ ਤਜਰਬਾ ਘੱਟ ਕੀਤਾ ਜਾਏ ਜਾਂ ਬਿਨੈਕਾਰ ਦੀ ਉਮਰ ਹੱਦ ਵਧਾਈ ਜਾਏ, ਤਾਂ ਜੋ ਇਸ ਅਹੁਦੇ ਨੂੰ ਆਸਾਨੀ ਨਾਲ ਭਰਿਆ ਜਾ ਸਕੇ।
 


Related News