ਭਾਜਪਾ ਨਾਲ ਕਾਇਮ ਰਹੇਗਾ ਗਠਜੋੜ: ਬਾਦਲ

10/02/2018 5:17:56 PM

ਪਟਿਆਲਾ—ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਵਲੋਂ ਬੀਤੇ ਦਿਨੀਂ ਪ੍ਰੈੱਸ ਕਾਨਫਰੰਸ ਵਿਚ ਚੰਡੀਗੜ੍ਹ ਪ੍ਰਸ਼ਾਸਨ 'ਤੇ ਦਿੱਤੇ ਗਏ ਫੈਸਲੇ ਤੋਂ ਬਾਅਦ ਅਕਾਲੀ-ਭਾਜਪਾ ਸਬੰਧਾਂ 'ਤੇ ਵਿਚਾਰ ਕਰਨ ਦੀ ਮੰਗ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੱਦ ਕਰ ਦਿੱਤਾ ਹੈ। ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਦਾ ਰਿਸ਼ਤਾ ਅਟੁੱਟ ਹੈ ਅਤੇ ਇਹ ਗਠਜੋੜ ਹਮੇਸ਼ਾ ਕਾਇਮ ਰਹੇਗਾ। ਹਾਲਾਂਕਿ ਬਾਦਲ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ 'ਤੇ ਕੇਂਦਰ ਦਾ ਫੈਸਲਾ ਗਲਤ ਹੈ ਅਤੇ ਉਹ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਮੋਦੀ ਸਰਕਾਰ ਨੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ 'ਚ ਪੰਜਾਬ ਦਾ 60 ਫੀਸਦੀ ਕੋਟਾ ਆਪਣੇ ਅਧੀਨ ਕੀਤਾ ਹੈ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਹੈ ਕਿ ਕਾਂਗਰਸ ਸਰਕਾਰ  ਪੰਜਾਬ ਦੇ ਲੋਕਾਂ ਉੱਤੇ ਮੁਗਲਾਂ ਤੇ ਅੰਗਰੇਜ਼ਾਂ ਨਾਲੋਂ ਵੀ ਵੱਧ ਜ਼ੁਲਮ ਕਰ ਰਹੀ ਹੈ। ਜਿਵੇਂ ਅੰਗਰੇਜ਼ਾਂ ਨਾਲ ਲੜ ਕੇ ਦੇਸ਼ ਨੂੰ ਆਜ਼ਾਦੀ ਦਿਵਾਈ, ਉਸੇ ਤਰ੍ਹਾਂ ਹੁਣ ਕਾਂਗਰਸ ਨਾਲ ਲੜਾਈ ਲੜ ਕੇ ਪੰਜਾਬ ਨੂੰ ਆਜ਼ਾਦ ਕਰਾਉਣ ਦਾ ਸਮਾਂ ਆ ਗਿਆ ਹੈ। ਬਾਦਲ ਅੱਜ ਇਥੇ ਮਹਿਮਦਪੁਰ ਵਿਖੇ 7 ਅਕਤੂਬਰ ਨੂੰ ਹੋ ਰਹੀ ਕਾਂਗਰਸ ਦੇ ਜਬਰ ਤੇ ਜ਼ੁਲਮ ਵਿਰੁੱਧ ਹੋ ਰਹੀ ਵਿਸ਼ਾਲ ਰੈਲੀ ਦੀ ਲਾਮਬੰਦੀ ਲਈ ਪਟਿਆਲਾ ਦਿਹਾਤੀ ਤੇ ਪਟਿਆਲਾ ਸ਼ਹਿਰੀ ਹਲਕੇ ਦੀਆਂ ਮੀਟਿੰਗਾਂ ਮੌਕੇ ਜੁੜੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।ਇਸ ਮੌਕੇ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ 'ਤੇ ਜਿਸ ਤਰ੍ਹਾਂ ਕਾਂਗਰਸ ਨੇ ਤੋਪਾਂ ਚੜ੍ਹਾ ਕੇ ਸਿੱਖਾਂ ਦੇ ਹਿਰਦੇ ਛਲਣੀ ਕੀਤੇ, ਇਹ ਸਾਰੀ ਦੁਨੀਆ ਨੂੰ ਪਤਾ ਹੈ। ਪਵਿੱਤਰ ਸਰੋਵਰ ਖੂਨ ਨਾਲ ਭਰ ਦਿੱਤਾ। ਅਜਿਹੀ ਕਾਂਗਰਸ ਨੂੰ ਪੰਜਾਬ ਦੇ ਬਹਾਦਰ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ। ਬਾਦਲ  ਨੇ ਕਿਹਾ ਕਿ ਅਸਲ ਵਿਚ ਕਾਂਗਰਸ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ  ਰਹੀ ਹੈ। ਪੰਜਾਬ ਦੇ ਲੋਕ ਝੂਠੇ ਲੋਕਾਂ ਨੂੰ ਸਿਰਫ ਇਕ ਵਾਰ ਮੌਕਾ ਦਿੰਦੇ ਹਨ। ਮੁੜ ਕੇ ਘਰੇ ਬਿਠਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕਾਂ ਦੇ ਹਿਤਾਂ 'ਤੇ ਡਟ ਕੇ ਪਹਿਰਾ ਦੇਵੇਗਾ। ਲੋਕਾਂ ਦੇ ਵਾਅਦੇ ਪੂਰੇ ਕਰਵਾਉਣ ਲਈ ਡਟ ਕੇ ਲੜਾਈ ਲੜੇਗਾ। 
ਇਸ ਦੌਰਾਨ ਸਤਬੀਰ ਸਿੰਘ ਖੱਟੜਾ ਨੇ ਜੁੜੀ ਸੰਗਤ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਇਸ ਰੈਲੀ ਵਿਚ ਹਜ਼ਾਰਾਂ ਲੋਕ ਪੁੱਜਣਗੇ। ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ, ਹਰਪਾਲ ਜੁਨੇਜਾ ਹਲਕਾ ਇੰਚਾਰਜ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਇੰਦਰਮੋਹਨ ਸਿੰਘ ਬਜਾਜ, ਬੀਬੀ ਵਨਿੰਦਰ ਕੌਰ ਲੂੰਬਾ ਸ਼ਤਰਾਣਾ (ਸਾਬਕਾ ਵਿਧਾਇਕ) ਤੇ ਹੋਰ ਨੇਤਾ ਹਾਜ਼ਰ ਸਨ।


Related News