ਮੁੱਖ ਮੰਤਰੀ ਨੇ ਜਨਵਰੀ ਮਹੀਨਾ ‘ਧੀਆਂ ਦੀ ਲੋਹੜੀ’ ਵਜੋਂ ਕੀਤਾ ਸਮਰਪਿਤ, ਭਲਾਈ ਸਕੀਮਾਂ ਦੀ ਕੀਤੀ ਸ਼ੁਰੂਆਤ

01/08/2021 11:48:07 AM

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ)- ਪੰਜਾਬ ਵਿਚ ਜਨਵਰੀ ਮਹੀਨਾ ‘ਧੀਆਂ ਦੀ ਲੋਹੜੀ’ ਦੇ ਤੌਰ ’ਤੇ ਸਮਰਪਿਤ ਰਹੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਧੀਆਂ ਦੀ ਲੋਹੜੀ ਦਾ ਆਗਾਜ਼ ਕਰਦਿਆਂ ਸੰਕੇਤਕ ਤੌਰ ’ਤੇ 5 ਛੋਟੀਆਂ ਬੱਚੀਆਂ ਨੂੰ ਉਨ੍ਹਾਂ ਦੀਆਂ ਮਾਵਾਂ ਸਣੇ ਆਸ਼ੀਰਵਾਦ ਦਿੱਤਾ ਅਤੇ ਇਸ ਤੋਂ ਇਲਾਵਾ 5100 ਰੁਪਏ ਦਾ ਸ਼ਗਨ ਅਤੇ ਹਰੇਕ ਬੱਚੀ ਲਈ ਸਾਜ਼ੋ-ਸਾਮਾਨ ਵੀ ਭੇਟ ਕੀਤਾ। ਇਨ੍ਹਾਂ ਬੱਚੀਆਂ ਦੀ ਪਛਾਣ ਪਿੰਡ ਫ਼ਤਹਿਗੜ੍ਹ, ਬਲਾਕ ਮਾਜਰੀ ਤੋਂ ਨਿਮਰਤ ਕੌਰ ਅਤੇ ਉਸ ਦੀ ਮਾਤਾ ਦਵਿੰਦਰ ਕੌਰ, ਕੁਰਾਲੀ ਤੋਂ ਜੈਸਵੀ ਬਾਂਸਲ ਤੇ ਉਸ ਦੀ ਮਾਤਾ ਨਿਸ਼ਠਾ ਬੰਸਲ, ਮਾਜਰੀ ਬਲਾਕ ਦੇ ਪਿੰਡ ਬੜੌਦੀ ਤੋਂ ਗੁਰਲੀਨ ਕੌਰ ਤੇ ਉਸ ਦੀ ਮਾਤਾ ਗੁਰਪ੍ਰੀਤ ਕੌਰ, ਪਿੰਡ ਮਾਜਰਾ ਤੋਂ ਪ੍ਰਭਜੀਤ ਕੌਰ ਤੇ ਉਸ ਦੀ ਮਾਤਾ ਸਰਬਜੀਤ ਕੌਰ ਅਤੇ ਖੁਸ਼ਲੀਨ ਕੌਰ ਤੇ ਉਸ ਦੀ ਮਾਤਾ ਸੰਦੀਪ ਕੌਰ ਵਜੋਂ ਹੋਈ ਹੈ। ਇਸ ਵਿਸ਼ੇਸ਼ ਸਕੀਮ ਤਹਿਤ ਮੁੱਖ ਮੰਤਰੀ ਵਲੋਂ ਲਿਖੇ ਅਤੇ ਦਸਤਖਤ ਕੀਤੇ ਪੱਤਰ ਇਸ ਵਰ੍ਹੇ ਆਪਣੀ ਪਹਿਲੀ ਲੋਹੜੀ ਮਨਾ ਰਹੀਆਂ 1.5 ਲੱਖ ਤੋਂ ਵੱਧ ਬੱਚੀਆਂ ਦੇ ਮਾਪਿਆਂ ਨੂੰ ਸੌਂਪੇ ਜਾਣਗੇ।

ਮੁੱਖ ਮੰਤਰੀ ਵਲੋਂ ਵਰਚੂਅਲ ਢੰਗ ਨਾਲ ਸ਼ੁਰੂ ਕੀਤੀਆਂ ਗਈਆਂ ਦੋ ਹੋਰ ਸਕੀਮਾਂ ਤੋਂ ਇਲਾਵਾ ਨੌਜਵਾਨ ਪੀੜ੍ਹੀ ਵਿਚ ਖੇਡ ਸੰਸਕ੍ਰਿਤੀ ਵਿਕਸਿਤ ਕਰਨ ਅਤੇ ਨਰੋਈ ਸਿਹਤ ਸਬੰਧੀ ਜਾਗਰੂਕਤਾ ਲਿਆਉਣ ਲਈ 2500 ਖੇਡ ਕਿੱਟਾਂ ਦੀ ਵੰਡ ਦਾ ਰਾਹ ਵੀ ਪੱਧਰਾ ਕੀਤਾ ਗਿਆ। ਉਥੇ ਹੀ ਮੁੱਖ ਮੰਤਰੀ ਨੇ ਸੂਬੇ ਵਿਚ ਹਾਈ ਸਕੂਲ ਤੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਸੈਨੇਟਰੀ ਪੈਡ ਯੋਜਨਾ ਦਾ ਵੀ ਆਗਾਜ਼ ਕੀਤਾ। ਨਾਲ ਹੀ 75.64 ਕਰੋੜ ਰੁਪਏ ਦੀ ਲਾਗਤ ਵਾਲੇ ਸਮਾਰਟ ਮੀਟਰਿੰਗ ਪ੍ਰਾਜੈਕਟ ਤੇ ਖਪਤਕਾਰਾਂ ਵਲੋਂ ਈ-ਫਾਈÇਲਿੰਗ ਰਾਹੀਂ ਸ਼ਿਕਾਇਤਾਂ ਦਾਇਰ ਕਰਨ ਲਈ ਈ-ਦਾਖਲ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ।

ਇਹ ਵੀ ਪੜ੍ਹੋ : 32 ਸਾਲ ਪਹਿਲਾਂ ਬੰਬ ਧਮਾਕੇ ਦੀ ਸ਼ਿਕਾਰ ਜਨਾਨੀ ਦੇ ਸਰੀਰ ’ਚੋਂ ਮਿਲੀ ਅਜਿਹੀ ਚੀਜ਼, ਉੱਡੇ ਸਭ ਦੇ ਹੋਸ਼

ਬਸੇਰਾ ਪ੍ਰੋਗਰਾਮ ਦਾ ਆਗਾਜ਼

ਬਸੇਰਾ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਪਟਿਆਲਾ, ਬਠਿੰਡਾ, ਫਾਜ਼ਿਲਕਾ ਅਤੇ ਮੋਗਾ ਜ਼ਿਲਿਆਂ ਦੀਆਂ 10 ਝੁੱਗੀਆਂ-ਝੌਂਪੜੀਆਂ ਦੇ 2816 ਨਿਵਾਸੀਆਂ ਨੂੰ ਪਹਿਲੇ ਦੌਰ ਵਿਚ ਮਾਲਕਾਨਾ ਹੱਕ ਦਿੱਤੇ ਜਾਣਗੇ। ਇਸ ਮੌਕੇ ਮੁੱਖ ਮੰਤਰੀ ਨੇ ਖੇਡ ਕਲੱਬਾਂ ਦੇ 5 ਪ੍ਰਤੀਨਿਧੀਆਂ ਡਾ. ਅੰਬੇਦਕਰ ਯੂਥ ਕਲੱਬ ਖਰੜ ਤੋਂ ਡਾ. ਰਘਬੀਰ ਸਿੰਘ ਬੰਗੜ, ਯੂਥ ਕਲੱਬ ਮੁੰਡੀ ਖਰੜ ਤੋਂ ਕੁਲਵਿੰਦਰ ਸਿੰਘ, ਜ਼ਿਲ੍ਹਾ ਮੋਹਾਲੀ ਦੇ ਯੂਥ ਕਲੱਬ ਖੇੜੀ ਤੋਂ ਬਿਕਰਮਜੀਤ ਸਿੰਘ, ਸ਼ਹੀਦ ਭਗਤ ਸਿੰਘ ਵੈੱਲਫੇਅਰ ਕਲੱਬ ਮਾਨਸਾ ਤੋਂ ਸਤਿੰਦਰਪਾਲ ਸਿੰਘ ਅਤੇ ਰੇਹੜੂ ਸਪੋਰਟਸ ਕਲੱਬ ਲੁਧਿਆਣਾ ਤੋਂ ਮਨਦੀਪ ਸਿੰਘ, ਨੂੰ ਖੇਡ ਕਿੱਟਾਂ ਵੰਡੀਆਂ।

ਜਾਖੜ ਨੇ ਲੋਕ ਹਿਤੈਸ਼ੀ ਯੋਜਨਾਵਾਂ ਨੂੰ ਦੱਸਿਆ ਚੰਗੀ ਪਹਿਲ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਮੌਕੇ ਕਿਹਾ ਕਿ ਕੇਂਦਰ ਸਰਕਾਰ ਦੇ ਮਤਰੇਏ ਰਵੱਈਏ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗਰੀਬ ਪੱਖੀ ਅਤੇ ਨਾਗਰਿਕ ਪੱਖੀ ਕਈ ਸਕੀਮਾਂ ਲਾਗੂ ਕੀਤੀਆਂ ਹਨ, ਜੋ ਇਕ ਚੰਗੀ ਪਹਿਲ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਆਪਣੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਦੇ ਜਨਮਦਿਨ ਮੌਕੇ ਨਵੇਂ ਵਰ੍ਹੇ ਦੇ ਤੋਹਫੇ ਵਜੋਂ ਝੁੱਗੀ-ਝੌਂਪੜੀ ਵਾਲਿਆਂ ਨੂੰ ਮਾਲਕਾਨਾ ਹੱਕ ਦਿੱਤੇ ਜਾਣ ਲਈ ਮੁਬਾਰਕਬਾਦ ਵੀ ਦਿੱਤੀ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ, ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮੋਹਿੰਦਰਾ, ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਪੰਜਾਬ ’ਚ ਅੱਜ ਹੋਵੇਗਾ ਕੋਰੋਨਾ ਟੀਕਾਕਰਣ ਸਬੰਧੀ ਅਭਿਆਸ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੀਦਾ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 

 

 


Baljeet Kaur

Content Editor

Related News