ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਨੂੰ ਬਿਜਲੀ ਬੋਰਡ ਤੇ ਅਧਿਕਾਰੀਆਂ ਨੇ ਜਾਣਿਆ ਟਿੱਚ
Sunday, Jun 17, 2018 - 05:02 AM (IST)
ਖੰਨਾ(ਸੁਖਵਿੰਦਰ ਕੌਰ)-ਪਿੰਡ ਈਸੜੂ ਖੁਰਦ ਦੇ ਇਕ ਪਰਿਵਾਰ ਨੂੰ ਪਿਛਲੇ 2 ਸਾਲਾਂ ਤੋਂ ਘਰੇਲੂ ਬਿਜਲੀ ਕੁਨੈਕਸ਼ਨ ਨਾ ਮਿਲਣ ਦਾ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਦਰਬਾਰ ਵਿੱਚ ਪੁੱਜ ਗਿਆ ਹੈ, ਜਿਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰਾ ਮਾਮਲਾ ਵਿਚਾਰਨ ਤੋਂ ਬਾਅਦ ਪੰਜਾਬ ਦੇ ਊਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਤੁਰੰਤ ਅਗਲੇਰੀ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 2 ਮਈ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਅਧੀਨ ਸਕੱਤਰ ਜਨਰਲ ਵੱਲੋਂ ਪਾਵਰਕਾਮ ਅਧਿਕਾਰੀਆਂ ਨੂੰ ਕੀਤੀਆਂ ਗਈਆਂ ਹਦਾਇਤਾਂ 'ਤੇ ਅਜੇ ਤੱਕ ਪਾਵਰਕਾਮ ਅਧਿਕਾਰੀ ਵੱਲੋਂ ਕੋਈ ਕਾਰਵਾਈ ਵੀ ਅਮਲ ਵਿੱਚ ਨਹੀਂ ਲਿਆਂਦੀ ਗਈ। ਇਸ ਤੋਂ ਇੰਝ ਜਾਪਦਾ ਹੈ ਕਿ ਇੱਕ ਘਰੇਲੂ ਖੱਪਤਕਾਰ ਨੂੰ ਬਿਜਲੀ ਕੁਨੈਕਸ਼ਨ ਲੈਣ ਲਈ ਭਾਵੇਂ ਉਸ ਨੇ ਮੁੱਖ ਮੰਤਰੀ ਦੇ ਦਰਬਾਰ ਵਿੱਚ ਗੁਹਾਰ ਲਗਾ ਲਈ ਹੈ, ਉਹ ਸੂਬੇ ਦੇ ਮੁੱਖ ਮੰਤਰੀ ਦੇ ਅਜਿਹੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਹੋਏ ਘਰੇਲੂ ਬਿਜਲੀ ਕੁਨੈਕਸ਼ਨ ਨਹੀਂ ਦੇਣਗੇ। ਜ਼ਿਕਰਯੋਗ ਹੈ ਕਿ ਹਰ ਇਕ ਨਾਗਰਿਕ ਨੂੰ ਬੁਨਿਆਦੀ ਸਹੂਲਤਾਂ ਦੇਣਾ ਸੂਬਾ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਦਾ ਮੌਲਿਕ ਅਧਿਕਾਰ ਹੈ, ਪਰ ਪਿੰਡ ਈਸੜੂ ਖੁਰਦ ਦੇ ਬੇਅੰਤ ਸਿੰਘ ਪੁੱਤਰ ਹਰਵਿੰਦਰ ਸਿੰਘ ਦਾ ਪਰਿਵਾਰ ਪਿਛਲੇ 2 ਸਾਲਾਂ ਤੋਂ ਬਿਨਾਂ ਬਿਜਲੀ ਕੁਨੈਕਸ਼ਨ ਤੋਂ ਪਾਵਰਕਾਮ ਅਧਿਕਾਰੀਆਂ ਦੀ ਬੇਰੁਖੀ ਦਾ ਸ਼ਿਕਾਰ ਹੋਇਆ ਬਿਜਲੀ ਤੋਂ ਬਿਨਾਂ ਦਿਨ ਕੱਟੀ ਕਰਨ ਲਈ ਮਜਬੂਰ ਹੈ। ਇਸ ਸਬੰਧੀ ਬੇਅੰਤ ਸਿੰਘ ਨੇ 18 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਉਹ ਗਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਘਰੇਲੂ ਬਿਜਲੀ ਕੁਨੈਕਸ਼ਨ ਸਬੰਧੀ ਮਹਿਕਮੇ ਵਲੋਂ ਤਖਮੀਨੇ ਪੈਮਾਇਸ਼ ਮੁਤਾਬਿਕ ਲਾਈਨ ਦਾ ਖਰਚਾ 39,100 ਰੁਪਏ ਬਣਾਇਆ ਗਿਆ ਹੈ, ਮੇਰੇ ਪਿਤਾ ਦਿਲ ਦੇ ਮਰੀਜ਼ ਹਨ, ਇਸ ਲਈ ਅਸੀਂ ਇਹ ਰਕਮ ਜਮਾਂ ਨਹੀਂ ਕਰਵਾ ਸਕਦੇ, ਕਿਉਂਕਿ ਮੇਰੇ ਕੋਲ ਆਮਦਨ ਦਾ ਵੀ ਕੋਈ ਸਾਧਨ ਨਹੀਂ ਹੈ। ਇਸ ਸਬੰਧੀ ਪਹਿਲਾਂ 15 /8/17 ਨੂੰ ਬੇਨਤੀ ਕਰ ਚੁੱਕਾ ਹੈ ਪਰ ਮੁੱਖ ਮੰਤਰੀ ਵਲੋਂ ਮਹਿਕਮੇ ਨੂੰ ਕਾਰਵਾਈ ਕਰਨ ਲਈ ਪੱਤਰ ਭੇਜਿਆ ਗਿਆ ਸੀ, ਜਿਸ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਲਈ 39100 ਰੁਪਏ ਮੁਆਫ ਕਰਕੇ ਮੈਨੂੰ ਬਿਜਲੀ ਦਾ ਕੁਨੈਕਸ਼ਨ ਦਿੱਤਾ ਜਾਵੇ, ਜੋ ਕਿ ਉਹ ਅਤੇ ਉਸ ਦਾ ਪਰਿਵਾਰ ਨਹੀਂ ਕਰ ਸਕਦਾ, ਇਸ ਲਈ ਉਕਤ ਲਾਈਨ ਲਈ ਤਾਰ ਪਾਉਣ ਵਾਲਾ ਖਰਚਾ ਮਹਿਕਮੇ ਨੂੰ ਮੁਆਫ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ। ਉਸ ਨੇ ਦੱਸਿਆ ਕਿ ਆਪਣੇ ਮਕਾਨ 'ਚ ਬਿਜਲੀ ਕੁਨੈਕਸ਼ਨ ਲੈਣ ਵਾਸਤੇ ਸਬੰਧਿਤ ਦਫਤਰ ਸਬ-ਡਵੀਜ਼ਨ ਜਰਗ ਵਿਖੇ 18-8-2016 ਨੂੰ ਅਪਲਾਈ ਕੀਤਾ ਸੀ ਪਰ ਮਹਿਕਮੇ ਵਲੋਂ ਅਜੇ ਤੱਕ ਬਿਜਲੀ ਕੁਨੈਕਸ਼ਨ ਨਹੀਂ ਦਿੱਤਾ ਗਿਆ। ਉਹ ਅਤੇ ਉਸ ਦਾ ਪਰਿਵਾਰ ਬਿਨਾਂ ਬਿਜਲੀ ਤੋਂ ਹੀ ਰਹਿ ਰਿਹਾ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਣਾਏ ਐਸਟੀਮੇਟ ਮੁਤਾਬਿਕ ਕੁਨੈਕਸ਼ਨ ਅਤੇ ਤਾਰਾਂ ਦਾ ਖਰਚਾ 18, 225/ ਰੁਪਏ ਜਮਾਂ ਕਰਵਾ ਦਿੱਤੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਸੰਬੰਧਿਤ ਜੇ. ਈ. ਇਕਬਾਲ ਸਿੰਘ ਨੇ ਉਸ ਕੋਲੋਂ ਕੁਨੈਕਸ਼ਨ ਲਗਾਉਣ ਦੇ ਬਦਲੇ ਵਿੱਚ 4000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਉਸ ਵਲੋਂ ਇਨਕਾਰ ਕਰਨ 'ਤੇ ਜੇ. ਈ. ਨੇ ਇਹ ਬਿਜਲੀ ਕੁਨਕੈਸ਼ਨ ਜਾਰੀ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਉਕਤ ਅਧਿਕਾਰੀ ਵੱਲੋਂ ਉਸਦੇ ਪਰਿਵਾਰ ਨੂੰ ਦੂਸਰੀ ਧਿਰ ਸਿਮਰਨਜੀਤ ਸਿੰਘ, ਜਿਸ ਦੇ ਨਾਲ ਉਸਦਾ ਕੇਸ ਚੱਲ ਰਿਹਾ ਹੈ, ਨਾਲ ਮਿਲ ਕੇ ਜਾਣ-ਬੁੱਝ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕਰੀਬ 2 ਸਾਲ ਬੀਤ ਜਾਣ 'ਤੇ ਵੀ ਉਸਦੇ ਮਕਾਨ ਵਿੱਚ ਘਰੇਲੂ ਬਿਜਲੀ ਕੁਨੈਕਸ਼ਨ ਨਹੀਂ ਲੱਗਿਆ। ਜਦਕਿ ਬਿਜਲੀ ਦੇ ਖੰਭੇ ਦੀ ਦੂਰੀ ਉਸਦੇ ਮਕਾਨ ਤੋਂ ਸਿਰਫ਼ 115 ਮੀਟਰ ਤੱਕ ਹੈ ਪਰ ਜੇ. ਈ. ਨੇ ਦੂਜੀ ਧਿਰ ਨਾਲ ਰਲ ਕੇ 160 ਮੀਟਰ ਐਸਟੀਮੇਟ ਵਿਚ ਦਿਖਾ ਕੇ ਵਾਧੂ ਖਰਚਾ ਪਾ ਦਿੱਤਾ ਸੀ।
ਕੀ ਕਹਿਣਾ ਹੈ ਚੀਫ ਇੰਜੀਨੀਅਰ ਲੁਧਿਆਣਾ ਦਾ?
ਇਸ ਸਬੰਧੀ ਜਦੋਂ ਪਾਵਰਕਾਮ ਦੇ ਚੀਫ਼ ਇੰਜੀਨੀਅਰ ਲੁਧਿਆਣਾ ਇੰਜ. ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਉਕਤ ਕੁਨੈਕਸ਼ਨ ਲਈ ਆ ਰਹੇ ਖਰਚੇ ਦੀ ਮੁਆਫੀ ਬਾਰੇ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ, ਬਲਕਿ ਅਜਿਹਾ ਕੋਈ ਵੀ ਮਾਮਲਾ ਮੁੱਖ ਮੰਤਰੀ ਦਫ਼ਤਰ ਤੋਂ ਸਿੱਧਾ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੇ ਧਿਆਨ ਹਿੱਤ ਹੀ ਹੁੰਦਾ ਹੈ ਅਤੇ ਅਜਿਹੀ ਹਾਲਤ ਵਿੱਚ ਵਿਭਾਗ ਵੱਲੋਂ ਮਾਮਲਾ ਰੈਗੂਲੇਟਰੀ ਕਮਿਸ਼ਨ 'ਚ ਲਿਜਾਇਆ ਜਾਂਦਾ ਹੈ, ਕਮਿਸ਼ਨ ਦੀਆਂ ਹਦਾਇਤਾਂ 'ਤੇ ਹੀ ਪਾਵਰਕਾਮ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸਥਾਨਕ ਪੱਧਰ 'ਤੇ ਕੋਈ ਅਧਿਕਾਰੀ ਕੁੱਝ ਨਹੀਂ ਕਰ ਸਕਦਾ।
