ਕਾਂਗਰਸ ਦੇ ਪਤਨ ਦਾ ਆਖਰੀ ਕਿੱਲ ਸਾਬਿਤ ਹੋਵੇਗਾ ਮੁੱਖ ਮੰਤਰੀ ਦਾ ਅਸਤੀਫ਼ਾ : ਅਸ਼ਵਨੀ ਸ਼ਰਮਾ

Sunday, Sep 19, 2021 - 12:54 AM (IST)

ਚੰਡੀਗੜ੍ਹ(ਸ਼ਰਮਾ)– ਪੰਜਾਬ ਕਾਂਗਰਸ ਵਿਚ ਛਿੜੀ ਕੁਰਸੀ ਦੀ ਲੜਾਈ ਅਤੇ ਕਲੇਸ਼ ਨੂੰ ਲੈ ਕੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਘਟਨਾ ਪੰਜਾਬ ਵਿਚ ਕਾਂਗਰਸ ਦੇ ਸਫ਼ਾਏ ਵਿਚ ਆਖਰੀ ਕਿੱਲ ਸਾਬਿਤ ਹੋਵੇਗੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਦੇ ਅਸਤੀਫ਼ੇ ਨਾਲ ਉਨ੍ਹਾਂ ਦੇ ਮੰਤਰੀ ਮੰਡਲ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵੀ ਅਸਤੀਫ਼ਿਆਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ, ਕਾਂਗਰਸ ਵਿਚ ਭੁਚਾਲ ਆਇਆ ਹੋਇਆ ਹੈ। ਸਿੱਧੂ ਦੀ ਕੈਪਟਨ ਨਾਲ ਬਣਦੀ ਨਹੀਂ ਹੈ ਅਤੇ ਸਿੱਧੂ ਹਰ ਰੋਜ਼ ਕੋਈ ਨਾ ਕੋਈ ਸਾਜ਼ਿਸ਼ ਖੇਡਦੇ ਰਹਿੰਦੇ ਸਨ ਅਤੇ ਆਖਰਕਾਰ ਉਹ ਆਪਣੇ ਮਕਸਦ ਵਿਚ ਕਾਮਯਾਬ ਹੋ ਗਏ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਕੈਪਟਨ ਤੋਂ ਬਾਅਦ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਦਿੱਤਾ ਅਸਤੀਫ਼ਾ (ਵੀਡੀਓ)
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਭ੍ਰਿਸ਼ਟ ਅਤੇ ਬੇਅਸਰ ਹੈ, ਕਾਂਗਰਸ ਹਾਈ ਕਮਾਂਡ ਅਤੇ ਨਵਜੋਤ ਸਿੱਧੂ ਸਿਰਫ਼ ਕੈਪਟਨ ’ਤੇ ਦੋਸ਼ ਲਗਾ ਕੇ ਭੱਜ ਨਹੀਂ ਸਕਦੇ। ਸਿੱਧੂ ਨੂੰ ਪ੍ਰਧਾਨ ਬਣਾਉਣ ਲਈ, ਕਾਂਗਰਸ ਹਾਈਕਮਾਂਡ ਨੇ ਪਹਿਲਾਂ ਸੁਨੀਲ ਜਾਖੜ ਨੂੰ ਬਲੀ ਦਾ ਬੱਕਰਾ ਬਣਾਇਆ ਅਤੇ ਹੁਣ ਆਪਣੀਆਂ ਸਾਰੀਆਂ ਅਸਫ਼ਲਤਾਵਾਂ ਨੂੰ ਲੁਕਾਉਣ ਅਤੇ ਕਾਂਗਰਸ ਦੇ ਭ੍ਰਿਸ਼ਟਾਚਾਰ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਬਲੀ ਦੇ ਦਿੱਤੀ ਹੈ। ਸ਼ਰਮਾ ਨੇ ਕਿਹਾ ਕਿ ਚੋਣ ਮੈਨੀਫੈਸਟੋ ਦਾ ਫੈਸਲਾ ਕਾਂਗਰਸ ਹਾਈ ਕਮਾਂਡ ਨੇ ਕੀਤਾ ਸੀ ਨਾ ਕਿ ਸਿਰਫ਼ ਕੈਪਟਨ ਅਮਰਿੰਦਰ ਸਿੰਘ ਨੇ। ਕਾਂਗਰਸ ਦੇ ਸਾਰੇ ਮੰਤਰੀ ਦੋਸ਼ੀ ਹਨ ਕਿਉਂਕਿ ਸਾਰੇ ਮੰਤਰੀ ਆਪਣੇ-ਆਪਣੇ ਵਿਭਾਗ ਸੰਭਾਲਣ ਵਿਚ ਅਸਫ਼ਲ ਰਹੇ ਹਨ। ਕਾਂਗਰਸ ਦੇ ਮੰਤਰੀਆਂ ਨੇ ਸਾਢੇ ਚਾਰ ਸਾਲਾਂ ਵਿਚ ਲੋਕਾਂ ਦਾ ਖੂਨ ਚੂਸਿਆ ਹੈ।

ਇਹ ਵੀ ਪੜ੍ਹੋ- 78 ਵਿਧਾਇਕਾਂ ਨੇ ਕਾਂਗਰਸ ਹਾਈਕਮਾਨ ’ਤੇ ਛੱਡਿਆ ਅਗਲੇ ਮੁੱਖ ਮੰਤਰੀ ਬਾਰੇ ਫ਼ੈਸਲਾ

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜੋ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ, ਇਕ ਗੈਰ-ਕਾਰਗੁਜ਼ਾਰੀ ਵਾਲੇ ਆਦਮੀ ਹਨ ਉਹ ਸਿਰਫ਼ ਗੱਲ ਕਰਨਾ ਜਾਣਦੇ ਹਨ। ਉਹ ਖੁਦ ਨੂੰ ਜਨਤਾ ਦਾ ਸੇਵਕ ਦੱਸਦੇ ਹਨ ਪਰ ਉਸ ਨੇ ਕਿੱਥੇ ਸੇਵਾ ਕੀਤੀ, ਉਹ ਕਿਸੇ ਨੂੰ ਦਿਖਾਈ ਨਹੀਂ ਦੇ ਰਹੀ? ਸਿੱਧੂ ਦੇ ਆਚਰਣ ਵਿਚ ਸੇਵਾ ਦੀ ਭਾਵਨਾ ਕਦੇ ਨਹੀਂ ਵੇਖੀ ਗਈ। ਸਿੱਧੂ ਸਿਰਫ਼ ਕੁਰਸੀ ਦੇ ਭੁੱਖੇ ਹਨ ਅਤੇ ਇਸ ਲਈ ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਵੀ ਗੁੰਮਰਾਹ ਕਰਨ ਵਿਚ ਕੋਈ ਕਸਰ ਨਹੀਂ ਛੱਡੀ।


Bharat Thapa

Content Editor

Related News