ਮੁੱਖ ਮੰਤਰੀ ਚੰਨੀ ਨੂੰ ਵਿਧਾਨ ਸਭਾ ਚੋਣਾਂ ''ਚ ਭਰਾ ਲਈ ਵੀ ਚਾਹੀਦੀ ਹੈ ਟਿਕਟ
Monday, Nov 29, 2021 - 01:15 PM (IST)
ਲੁਧਿਆਣਾ (ਹਿਤੇਸ਼)- ਪੰਜਾਬ 'ਚ ਵਿਰਾਸਤ ਦੀ ਸਿਆਸਤ ਕਰਨ ਵਾਲੇ ਆਗੂਆਂ ਦੀ ਸੂਚੀ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ, ਜੋ ਵਿਧਾਨ ਸਭਾ ਚੋਣਾਂ 'ਚ ਖ਼ੁਦ ਇਕ ਵਾਰ ਫਿਰ ਚਮਕੌਰ ਸਾਹਿਬ ਸੀਟ ਤੋਂ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹਨ ਅਤੇ ਫਿਰ ਕਿਸੇ ਹੋਰ ਸੀਟ ਤੋਂ ਭਰਾ ਲਈ ਵੀ ਸੀਟ ਚਾਹੁੰਦੇ ਹਨ। ਇਹ ਖ਼ੁਲਾਸਾ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਚੋਣ ਲਈ ਕਰਵਾਏ ਜਾ ਰਹੇ ਸਰਵੇ 'ਚ ਹੋਇਆ ਹੈ, ਜਿਸ 'ਚ ਬੱਸੀ ਪਠਾਣਾ ਸੀਟ 'ਤੇ ਫੀਡਬੈਕ ਲੈਣ ਲਈ ਮੁੱਖ ਮੰਤਰੀ ਚੰਨੀ ਦੇ ਭਰਾ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ, ਹਾਲਾਂਕਿ ਇਸ ਸੀਟ 'ਤੇ ਮੌਜੂਦਾ ਵਿਧਾਇਕ ਗੁਰਪ੍ਰੀਤ ਜੀ. ਪੀ. ਵੀ ਕਾਂਗਰਸ ਨਾਲ ਹੀ ਸਬੰਧਿਤ ਹਨ ਪਰ ਚੰਨੀ ਵੱਲੋਂ ਨਾਲ ਲੱਗਦੀ ਸੀਟ 'ਤੇ ਵੀ ਆਪਣਾ ਪ੍ਰਭਾਵ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸਿਹਤ ਮਹਿਕਮੇ ਦੀ ਵਧੀ ਚਿੰਤਾ, ਸੂਬੇ ’ਚ ਸਿਰਫ਼ 5 ਜ਼ਿਲ੍ਹਿਆਂ ’ਚ 80 ਫ਼ੀਸਦੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ
ਸਿਆਸੀ ਜਾਣਕਾਰਾਂ ਮੁਤਾਬਕ ਇਸ ਪ੍ਰਸਤਾਵ 'ਤੇ ਫ਼ੈਸਲਾ ਕਾਂਗਰਸ ਵੱਲੋਂ ਇਕ ਪਰਿਵਾਰ 'ਚ 2 ਟਿਕਟਾਂ ਦੇਣ ਲਈ ਬਣਾਏ ਜਾਣ ਵਾਲੇ ਫਾਰਮੂਲੇ 'ਤੇ ਨਿਰਭਰ ਕਰੇਗਾ। 'ਆਪ' ਤੋਂ ਆਏ ਰਾਏਕੋਟ ਦੇ ਵਿਧਾਇਕ ਜੱਗਾ ਨੂੰ ਜਗਰਾਓਂ 'ਚ ਸ਼ਿਫਟ ਕਰ ਸਕਦੀ ਹੈ ਕਾਂਗਰਸ ਜਿਵੇਂ ਕਿ 'ਜਗਬਾਣੀ' ਵੱਲੋਂ ਪਹਿਲਾਂ ਹੀ ਸਾਫ਼ ਕਰ ਦਿੱਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸ਼ਾਮਲ ਕਰਨ ਨਾਲ ਕਾਂਗਰਸ 'ਚ ਬਗਾਵਤ ਦੀ ਚਿੰਗਾਰੀ ਸੁਲਗ ਰਹੀ ਹੈ ਕਿਉਂਕਿ ਜਿਨ੍ਹਾਂ ਸੀਟਾਂ 'ਤੇ 'ਆਪ' ਦੇ ਵਿਧਾਇਕ ਜਿੱਤੇ ਹਨ, ਉਨ੍ਹਾਂ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਪਿਛਲੀਆਂ ਚੋਣਾਂ ਲੜਨ ਜਾਂ ਹਲਕਾ ਇੰਚਾਰਜ ਦੇ ਰੂਪ 'ਚ ਕੰਮ ਕਰਨ ਵਾਲੇ ਆਗੂਆਂ ਦੀ ਟਿਕਟ 'ਤੇ ਖ਼ਤਰਾ ਮੰਡਰਾਉਣ ਲੱਗਾ ਹੈ, ਜਿਸ 'ਚ ਰਾਏਕੋਟ ਦਾ ਮਾਮਲਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਨਕੋਦਰ: ਭੈਣ ਦੇ ਪਿੰਡ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੂਹ ਤੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼
ਇਥੇ 'ਆਪ' ਦੇ ਵਿਧਾਇਕ ਜਗਤਾਰ ਜੱਗਾ ਜਿੱਤੇ ਹੋਏ ਹਨ ਅਤੇ ਸੰਸਦ ਮੈਂਬਰ ਅਮਰ ਸਿੰਘ ਦਾ ਇਤਰਾਜ਼ ਹੋਣਾ ਸੁਭਾਵਿਕ ਹੈ, ਜਿਸ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਜੱਗਾ ਨੂੰ ਨਾਲ ਲੱਗਦੇ ਜਗਰਾਓਂ ਹਲਕਾ 'ਚ ਸ਼ਿਫਟ ਕਰਨ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ, ਹਾਲਾਂਕਿ ਜਗਰਾਓਂ 'ਚ ਪਿਛਲੀਆਂ ਚੋਣਾਂ ਲੜਨ ਵਾਲੇ ਮਲਕੀਤ ਦਾਖਾ ਤੋਂ ਇਲਾਵਾ ਗੇਜਾ ਰਾਮ, ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦੀ ਧੀ ਵੱਲੋਂ ਵੀ ਕਾਂਗਰਸ ਟਿਕਟ ਲਈ ਦਾਅਵੇਦਾਰੀ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੀਆਂ 117 ਸੀਟਾਂ ’ਤੇ ਚੋਣ ਲੜੇਗੀ ਭਾਜਪਾ, ਵੱਡੇ ਫਰਕ ਨਾਲ ਜਿੱਤ ਕਰੇਗੀ ਹਾਸਲ: ਅਸ਼ਵਨੀ ਸ਼ਰਮਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ