ਮੁੱਖ ਮੰਤਰੀ ਨੇ ਔਰਤਾਂ ਦੀ ਸੁਰੱਖਿਆ ਲਈ ਸ਼ੁਰੂ ਕੀਤੀ ਨਵੀਂ ਮੁਹਿੰਮ ਦਾ ਲਿਆ ਜਾਇਜ਼ਾ

12/15/2019 9:52:10 AM

ਜਲੰਧਰ (ਧਵਨ):  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ 'ਚ ਔਰਤਾਂ ਦੀ ਸੁਰੱਖਿਆ ਲਈ ,ਸ਼ੁਰੂ ਕੀਤੀ ਗਈ ਨਵੀਂ ਮੁਹਿੰਮ ਦਾ ਜਾਇਜ਼ਾ ਲਿਆ ਹੈ ਅਤੇ ਰਾਜ ਦੇ ਸਭਨਾਂ ਆਲ੍ਹਾ ਪੁਲਸ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਰਾਤ ਦੇ ਸਮੇਂ ਔਰਤਾਂ ਦੀ ਸੁਰੱਖਿਆ ਲਈ ਹੋਰ ਸਖ਼ਤ ਕਦਮ ਚੁੱਕਣ। ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਔਰਤਾਂ ਨਾਲ ਸਮੂਹਕ ਜਬਰ-ਜ਼ਨਾਹ ਦੀਆਂ ਹੋਈਆਂ ਵਾਰਦਾਤਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਇਸ ਸਬੰਧ 'ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ।

ਮੁੱਖ ਮੰਤਰੀ ਹੁਣ ਉਨ੍ਹਾਂ ਨੂੰ ਮਿਲਣ ਆ ਰਹੇ ਪੁਲਸ ਅਧਿਕਾਰੀਆਂ ਤੋਂ ਇਹ ਜਾਣਕਾਰੀ ਲੈਣ 'ਚ ਲੱਗੇ ਹੋਏ ਹਨ ਕਿ ਕਿੰਨੀਆਂ ਔਰਤਾਂ ਨੇ ਹੁਣ ਤੱਕ ਨਵੀਂ ਸੁਰੱਖਿਆ ਮੁਹਿੰਮ ਤਹਿਤ ਪੁਲਸ ਤੋਂ ਇਮਦਾਦ ਲਈ ਹੈ। ਮੁੱਖ ਮੰਤਰੀ ਨੇ ਰਾਤ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਦੇ ਦੌਰਾਨ ਪੰਜਾਬ ਪੁਲਸ ਨੂੰ ਇਹ ਹਿਦਾਇਤਾਂ ਦਿੱਤੀਆਂ ਹਨ ਕਿ ਉਹ ਔਰਤਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰੀਂ ਛੱਡ ਕੇ ਆਉਣ। ਲੁਧਿਆਣਾ ਪੁਲਸ ਕਮਿਸ਼ਨਰ ਨੇ ਦੱਸਿਆ ਹੈ ਕਿ ਸ਼ਹਿਰ 'ਚ ਹੁਣ ਤੱਕ 13 ਔਰਤਾਂ ਨੇ ਇਸ ਮੁਹਿੰਮ ਦਾ ਲਾਭ ਲਿਆ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ 'ਚ ਪੁਲਸ ਨੂੰ ਅੱਜ ਤੱਕ 3000 ਤੋਂ ਵੱਧ ਫੋਨ ਆਏ ਹਨ ਜਿਨ੍ਹਾਂ 'ਚ ਔਰਤਾਂ ਨੇ ਇਸ ਮੁਹਿੰਮ ਲਈ ਪੰਜਾਬ ਪੁਲਸ ਦਾ ਧੰਨਵਾਦ ਕੀਤਾ ਹੈ।


Shyna

Content Editor

Related News