ਪਾਵਰਕਾਮ ''ਚ ਪੈ ਗਿਆ ਵੱਡਾ ਪੰਗਾ, ਇਤਿਹਾਸ ''ਚ ਪਹਿਲੀ ਵਾਰ ਹੋਇਆ ਇਹ ਕੰਮ

Friday, Aug 14, 2026 - 10:47 AM (IST)

ਪਾਵਰਕਾਮ ''ਚ ਪੈ ਗਿਆ ਵੱਡਾ ਪੰਗਾ, ਇਤਿਹਾਸ ''ਚ ਪਹਿਲੀ ਵਾਰ ਹੋਇਆ ਇਹ ਕੰਮ

ਪਟਿਆਲਾ, ਸਨੌਰ (ਮਨਦੀਪ ਜੋਸਨ) : ਲੰਬੇ ਸਮੇਂ ਤੋਂ ਚੀਫ਼ ਇੰਜੀਨੀਅਰ ਸਾਊਥ ਦੀ ਕੁਰਸੀ ’ਤੇ ਕਬਜ਼ਾ ਜਮਾ ਕੇ ਬੈਠੇ ਚੀਫ਼ ਇੰਜੀਨੀਅਰ ਆਰ. ਕੇ. ਮਿੱਤਲ ਖ਼ਿਲਾਫ਼ ਪਟਿਆਲਾ ਜ਼ਿਲੇ ਦੇ 50 ਤੋਂ ਵੱਧ ਇੰਜੀਨੀਅਰਾਂ, ਜਿਨ੍ਹਾਂ ’ਚ ਐੱਸ. ਡੀ. ਓ. ਤੇ ਐਕਸੀਅਨ ਸ਼ਾਮਲ ਹਨ, ਨੇ ਬਗ਼ਾਵਤ ਵਾਲਾ ਮੋਰਚਾ ਖੋਲ੍ਹ ਦਿੱਤਾ ਹੈ। ਇਨ੍ਹਾਂ ਇੰਜੀਨੀਅਰਾਂ ਨੇ ਪਾਵਰਕਾਮ ਦੇ ਸੀ. ਐੱਮ. ਡੀ. ਨੂੰ ਇਕ ਪੱਤਰ ਭੇਜ ਕੇ ਬੇਨਤੀ ਕੀਤੀ ਹੈ ਕਿ ਚੀਫ਼ ਇੰਜੀਨੀਅਰ ਵੱਲੋਂ ਹੇਠਲੇ ਇੰਜੀਨੀਅਰਾਂ ’ਤੇ ਕੀਤੇ ਜਾ ਰਹੇ ਅੱਤਿਆਚਾਰ ਤੇ ਅਣ-ਉਚਿਤ ਵਿਵਹਾਰ ਕਾਰਨ ਇੰਜੀਨੀਅਰ ਮਾਨਸਿਕ ਪ੍ਰੇਸ਼ਾਨੀ ’ਚੋਂ ਲੰਘ ਰਹੇ ਹਨ, ਜਿਸ ਦਾ ਅਸਰ ਸਮੁੱਚੇ ਜ਼ਿਲੇ ਦੇ ਕੰਮਕਾਜ ’ਤੇ ਪੈ ਰਿਹਾ ਹੈ। ਇੰਜੀਨੀਅਰਾਂ ਅਤੇ ਹੋਰ ਅਧਿਕਾਰੀਆਂ ਦੀ ਮਾਣਮੱਤੀ ਐਸੋਸੀਏਸ਼ਨ ‘ਪ੍ਰੋਗਰੈਸਿਵ ਅਲਾਇੰਸ ਆਫ਼ ਪਾਵਰ ਆਫ਼ਿਸਰਜ਼’ ਦੇ ਸੂਬਾ ਪ੍ਰਧਾਨ ਇੰਜੀਨੀਅਰ ਜਸਦੇਵ ਸਿੰਘ ਟਿਵਾਣਾ ਦੀ ਪ੍ਰਧਾਨਗੀ ਹੇਠ ਬਕਾਇਦਾ ਤੌਰ ’ਤੇ ਮੀਟਿੰਗ ਕਰਕੇ ਚੀਫ਼ ਇੰਜੀਨੀਅਰ ਖ਼ਿਲਾਫ਼ ਮਤਾ ਪਾਸ ਕੀਤਾ ਗਿਆ ਹੈ। ਪਾਵਰਕਾਮ ਦੇ ਇਤਿਹਾਸ ’ਚ ਪਹਿਲੀ ਵਾਰ ਹੋ ਰਿਹਾ ਹੈ ਕਿ 50 ਤੋਂ ਵੱਧ ਇੰਜੀਨੀਅਰ ਇਕ ਚੀਫ਼ ਇੰਜੀਨੀਅਰ ਦੇ ਖ਼ਿਲਾਫ਼ ਪਾਵਰਕਾਮ ਦੇ ਸੀ. ਐੱਮ. ਡੀ. ਨੂੰ ਪੱਤਰ ਲਿਖ ਰਹੇ ਹੋਣ। ਐਸੋਸੀਏਸ਼ਨ ਦੀ ਮੀਟਿੰਗ ’ਚ ਹੋਰ ਬਹੁਤ ਸਾਰੇ ਇੰਜੀਨੀਅਰ ਸ਼ਾਮਲ ਰਹੇ। 

ਇਹ ਵੀ ਪੜ੍ਹੋ : ਸੁਖਬੀਰ ਬਾਦਲ 'ਤੇ ਹਮਲੇ ਨੂੰ ਲੈ ਕੇ ਕੀ ਬੋਲੇ ਬਿਕਰਮ ਮਜੀਠੀਆ, ਕੇਂਦਰ ਕੋਲ ਕੀਤੀ ਵੱਡੀ ਮੰਗ

ਇਸ ਮੌਕੇ ਬਕਾਇਦਾ ਤੌਰ ’ਤੇ ਸੀ. ਐੱਮ. ਡੀ. ਨੂੰ ਚੀਫ਼ ਇੰਜੀਨੀਅਰ ਖ਼ਿਲਾਫ਼ ਭੇਜੇ ਗਏ ਮੈਮੋਰੰਡਮ ’ਚ ਬਹੁਤ ਸਾਰੇ ਬਰੀਕੀ ਨਾਲ ਮੁੱਦੇ ਚੁੱਕੇ ਗਏ ਹਨ ਤੇ ਸੀ. ਐੱਮ. ਡੀ. ਨੂੰ ਬੇਨਤੀ ਕੀਤੀ ਗਈ ਹੈ ਕਿ ਜੇਕਰ ਚੀਫ਼ ਇੰਜੀਨੀਅਰ ਸਾਊਥ ਦਾ ਤਬਾਦਲਾ ਨਾ ਕੀਤਾ ਗਿਆ ਤਾਂ ਇਸ ਚੀਫ਼ ਇੰਜੀਨੀਅਰ ਦਾ ਸਮੁੱਚੇ ਇੰਜੀਨੀਅਰ ਬਾਈਕਾਟ ਕਰਨਗੇ। ਇੱਥੇ ਹੀ ਬੱਸ ਨਹੀਂ, ਜੇਕਰ 17 ਅਗਸਤ ਤੱਕ ਕੋਈ ਕਾਰਵਾਈ ਨਾ ਹੋਈ ਤਾਂ 17 ਅਗਸਤ ਤੋਂ ਬਾਅਦ ਪਟਿਆਲਾ ਸਰਕਲ ਵਾਲੇ ਗਰੁੱਪ ਤੋਂ ਬਿਨਾਂ ਸਾਰੇ ਵਟਸਐਪ ਗਰੁੱਪਾਂ ਨੂੰ ਵੀ ਛੱਡ ਦਿੱਤਾ ਜਾਵੇਗਾ। ਇੰਜੀਨੀਅਰਾਂ ਨੇ ਸਪੱਸ਼ਟ ਕੀਤਾ ਹੈ ਕਿ ਇਸੇ ਤਰ੍ਹਾਂ 5 ਵਜੇ ਤੋਂ ਬਾਅਦ ਕਿਸੇ ਤਰ੍ਹਾਂ ਦੀ ਜਾਣਕਾਰੀ ਅਧਿਕਾਰੀ ਸ਼ੇਅਰ ਨਹੀਂ ਕਰਨਗੇ।

ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਨੂੰ ਲੈ ਕੇ ਜਥੇਦਾਰ ਗੜਗੱਜ ਦਾ ਵੱਡਾ ਬਿਆਨ

ਜੇਕਰ ਤਬਾਦਲਾ ਨਾ ਹੋਇਆ ਤਾਂ 19 ਅਗਸਤ ਨੂੰ ਇੰਜੀਨੀਅਰ ਕਰਨਗੇ ਚੀਫ਼ ਇੰਜੀਨੀਅਰ ਦੇ ਦਫ਼ਤਰ ਦਾ ਘਿਰਾਓ

ਅਧਿਕਾਰੀਆਂ ਨੇ ਮਤਾ ਪਾਸ ਕਰਕੇ ਚੇਅਰਮੈਨ ਨੂੰ ਅਪੀਲ ਕੀਤੀ ਹੈ ਕਿ ਇਸ ਨੂੰ ਬਦਲਿਆ ਜਾਵੇ ਨਹੀਂ ਤਾਂ 19 ਅਗਸਤ ਨੂੰ ਆਰ. ਕੇ. ਮਿੱਤਲ ਦੇ ਦਫ਼ਤਰ ਦਾ ਘਿਰਾਓ ਹੋਵੇਗਾ। ਸਮੁੱਚੇ ਇੰਜੀਨੀਅਰ ਛੁੱਟੀ ਲੈ ਕੇ ਚੀਫ਼ ਇੰਜੀਨੀਅਰ ਦਾ ਪਿੱਟ-ਸਿਆਪਾ ਕਰਨਗੇ। ਇਸ ਤੋਂ ਬਾਅਦ ਸੰਘਰਸ਼ ਹੋਰ ਤਿੱਖਾ ਹੋਵੇਗਾ। ਇੰਜੀਨੀਅਰਾਂ ਨੇ ਆਖਿਆ ਕਿ ਕੰਮ ਦੇ ਨਾਲ-ਨਾਲ ਅਧਿਕਾਰੀਆਂ ਦੀ ਇੱਜ਼ਤ ਤੇ ਸਵੈਮਾਣ ਸਭ ਤੋਂ ਪਹਿਲਾਂ ਜ਼ਰੂਰੀ ਹੈ ਪਰ ਚੀਫ਼ ਇੰਜੀਨੀਅਰ ਆਪਣੇ ਹੇਠਲੇ ਇੰਜੀਨੀਅਰਾਂ ਨੂੰ ਜਲੀਲ ਕਰ ਰਹੇ ਹਨ।

ਇਹ ਵੀ ਪੜ੍ਹੋ : ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ

ਚੀਫ਼ ਇੰਜੀਨੀਅਰ ਭੁੱਲ ਗਏ ਕਿ ਕਦੇ ਉਹ ਵੀ ਐੱਸ. ਡੀ. ਓ. ਸਨ

ਐਸੋਸੀਏਸ਼ਨ ‘ਪ੍ਰੋਗਰੈਸਿਵ ਅਲਾਇੰਸ ਆਫ਼ ਪਾਵਰ ਆਫ਼ਿਸਰਜ਼’ ਨੇ ਸੀ. ਐੱਮ. ਡੀ. ਨੂੰ ਲਿਖੇ ਪੱਤਰ ’ਚ ਇਹ ਯਾਦ ਦਿਵਾਇਆ ਹੈ ਕਿ ਚੀਫ਼ ਇੰਜੀਨੀਅਰ ਇਹ ਭੁੱਲ ਗਏ ਹਨ ਕਿ ਉਹ ਵੀ ਕਦੇ ਐੱਸ. ਡੀ. ਓ. ਸਨ। ਫਿਰ ਉਹ ਐਕਸੀਅਨ ਬਣੇ ਤੇ ਇਸ ਚੀਫ਼ ਇੰਜੀਨੀਅਰ ਦੇ ਅਹੁਦੇ ਤੱਕ ਪੁੱਜੇ ਹਨ। ਇੰਜੀਨੀਅਰਾਂ ਨੇ ਆਖਿਆ ਕਿ ਚੀਫ਼ ਇੰਜੀਨੀਅਰ ਨੂੰ ਇਹ ਪਤਾ ਹੀ ਨਹੀਂ ਕਿ ਐੱਸ. ਡੀ. ਓ. ਜੋ ਕਿ ਕਲਾਸ-1 ਅਫ਼ਸਰ ਹੁੰਦਾ ਹੈ, ਉਸ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ। ਇਹ ਚੀਫ਼ ਇੰਜੀਨੀਅਰ ਬਹੁਤ ਬਦਤਮੀਜ਼ੀ ਨਾਲ ਪੇਸ਼ ਆਉਂਦਾ ਹੈ, ਜਿਸ ਕਾਰਨ ਸਾਰੇ ਅਧਿਕਾਰੀ ਬੁਰੀ ਤਰ੍ਹਾਂ ਦੁਖੀ ਤੇ ਕਲਪੇ ਪਏ ਹਨ।

ਇਹ ਵੀ ਪੜ੍ਹੋ : ਬਿਜਲੀ ਬਿੱਲਾਂ ਦੇ ਬਕਾਏ ਨੂੰ ਲੈ ਕੇ ਹੋਣ ਜਾ ਰਹੀ ਵੱਡੀ ਕਾਰਵਾਈ, ਜਾਰੀ ਹੋਏ ਸਖ਼ਤ ਹੁਕਮ

ਪਾਵਰਕਾਮ ਦੇ ਦਫ਼ਤਰਾਂ ’ਚ ਸਟਾਫ਼ ਦੀ ਬੇਹੱਦ ਘਾਟ

ਪਾਵਰਕਾਮ ਦੇ ਦਫ਼ਤਰਾਂ ’ਚ ਇਸ ਸਮੇਂ ਸਟਾਫ਼ ਦੀ ਬੇਹੱਦ ਘਾਟ ਹੈ। ਕਈ ਸਬ-ਡਵੀਜ਼ਨਾਂ ’ਚ ਤਾਂ ਸਿਰਫ਼ 30 ਫ਼ੀਸਦੀ ਸਟਾਫ਼ ਹੈ। ਉੱਧਰੋਂ ਪੈਡੀ ਸੀਜ਼ਨ ਤੇ ਗਰਮੀ ਦਾ ਸੀਜ਼ਨ ਹੋਣ ਕਾਰਨ ਹੇਠਲੇ ਮੁਲਾਜ਼ਮਾਂ ਤੋਂ 16-16 ਘੰਟੇ ਕੰਮ ਲਿਆ ਜਾ ਰਿਹਾ ਹੈ। ਅਜਿਹੇ ’ਚ ਮੁਲਾਜ਼ਮ ਪੈਡੀ ਸੀਜ਼ਨ ਨੂੰ ਦੇਖਣ ਜਾਂ ਫਿਰ ਚੀਫ਼ ਇੰਜੀਨੀਅਰ ਵੱਲੋਂ ਲਗਾਏ ਹੁਕਮਾਂ ਨੂੰ ਲਾਗੂ ਕਰਵਾਉਣ, ਇਹ ਵੱਡੇ ਵਿਵਾਦ ਦਾ ਵਿਸ਼ਾ ਹੈ। ਚੀਫ਼ ਇੰਜੀਨੀਅਰ ਦੇ ਦਫ਼ਤਰ ’ਚ ਹੀ ਇਕ ਦਰਜਨ ਤੋਂ ਵੱਧ ਟੈਕਨੀਕਲ ਅਧਿਕਾਰੀ ਕੁਰਸੀਆਂ ’ਤੇ ਤਾਇਨਾਤ ਹਨ, ਜਿਨ੍ਹਾਂ ਨੂੰ ਚੀਫ਼ ਇੰਜੀਨੀਅਰ ਫ਼ੀਲਡ ’ਚ ਭੇਜਣ ਲਈ ਤਿਆਰ ਨਹੀਂ ਅਤੇ ਇਹ ਸਾਰੇ ਏ. ਸੀ. ਦਫ਼ਤਰਾਂ ਦੀ ਹਵਾ ਖਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ LPG ਉਪਭੋਗਤਾਵਾਂ ਲਈ ਖ਼ਤਰੇ ਦੀ ਘੰਟੀ, 15 ਅਗਸਤ ਤੋਂ ਬਾਅਦ 1800 'ਚ ਮਿਲੇਗਾ ਸਿਲੰਡਰ

ਪਾਵਰਕਾਮ ਦੇ ਸੀ. ਐੱਮ. ਡੀ. ਹਰ ਕਿਸੇ ਨਾਲ ਕਰਦੇ ਹਨ ਬੇਹੱਦ ਸਤਿਕਾਰ ਨਾਲ ਗੱਲ

ਐਸੋਸੀਏਸ਼ਨ ‘ਪ੍ਰੋਗਰੈਸਿਵ ਅਲਾਇੰਸ ਆਫ਼ ਪਾਵਰ ਆਫ਼ਿਸਰਜ਼’ ਦੇ ਨੇਤਾਵਾਂ ਨੇ ਆਖਿਆ ਕਿ ਪਾਵਰਕਾਮ ਦੇ ਸੀ. ਐੱਮ. ਡੀ. ਕਮ-ਚੇਅਰਮੈਨ ਬਸੰਤ ਗਰਗ ਜਿਹੜੇ ਕਿ ਸੀਨੀਅਰ ਆਈ. ਏ. ਐੱਸ. ਅਧਿਕਾਰੀ ਹਨ, ਹਰ ਕਿਸੇ ਨਾਲ ਹੇਠਲੇ ਪੱਧਰ ਦੇ ਅਧਿਕਾਰੀਆਂ ਨਾਲ ਵੀ ਬੇਹੱਦ ਸਤਿਕਾਰ ਨਾਲ ਗੱਲ ਕਰਦੇ ਹਨ। ਉਨ੍ਹਾਂ ਆਖਿਆ ਕਿ ਜਦੋਂ ਕਿਸੇ ਸੰਸਥਾ ਦਾ ਚੇਅਰਮੈਨ ਹੀ ਹਰ ਕਿਸੇ ਨੂੰ ਸਤਿਕਾਰ ਦਿੰਦਾ ਹੋਵੇ ਪਰ ਉਸੇ ਸ਼ਹਿਰ ’ਚ ਬੈਠਾ ਇਕ ਚੀਫ਼ ਇੰਜੀਨੀਅਰ ਹਰ ਇੰਜੀਨੀਅਰ ਨਾਲ ਬਦਤਮੀਜ਼ੀ ਨਾਲ ਪੇਸ਼ ਆਉਂਦਾ ਹੋਵੇ, ਇਹ ਬਹੁਤ ਵੱਡਾ ਮੁੱਦਾ ਬਣ ਜਾਂਦਾ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧੀ ਬਕਾਇਦਾ ਤੌਰ ’ਤੇ ਚੇਅਰਮੈਨ ਸਾਹਿਬ ਨੂੰ ਪੂਰੇ ਵਿਸਥਾਰ ਸਹਿਤ ਪੱਤਰ ਲਿਖਿਆ ਗਿਆ ਹੈ। ਅਸੀਂ ਆਸ ਕਰਦੇ ਹਾਂ ਕਿ ਚੇਅਰਮੈਨ ਸਾਹਿਬ ਚੀਫ਼ ਇੰਜੀਨੀਅਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੇ।

ਇਹ ਵੀ ਪੜ੍ਹੋ : ਪੰਜਾਬ 'ਚ 15, 16 ਦੀ ਛੁੱਟੀ, 17 ਅਗਸਤ ਨੂੰ ਵੀ ਉਠੀ ਛੁੱਟੀ ਦੀ ਮੰਗ

ਕੰਮ ਨਾ ਕਰਨ ਵਾਲੇ ਮੇਰੇ ਖ਼ਿਲਾਫ਼ ਸ਼ਿਕਾਇਤਾਂ ਕਰ ਰਹੇ : ਆਰ. ਕੇ. ਮਿੱਤਲ

ਇਸ ਸਬੰਧੀ ਜਦੋਂ ਚੀਫ਼ ਇੰਜੀਨੀਅਰ ਆਰ. ਕੇ. ਮਿੱਤਲ ਨਾਲ ਸੰਪਰਕ ਬਣਾਇਆ ਤਾਂ ਉਨ੍ਹਾਂ ਆਖਿਆ ਕਿ ਕੰਮ ਨਾ ਕਰਨ ਵਾਲੇ ਅਧਿਕਾਰੀ ਹੀ ਮੇਰੇ ਖ਼ਿਲਾਫ਼ ਸ਼ਿਕਾਇਤਾਂ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਮੈਂ ਕੰਮ ਕਰਨ ਲਈ ਕਹਿੰਦਾ ਹਾਂ। ਡਿਫ਼ਾਲਟਿੰਗ ਅਮਾਊਂਟਾਂ ਕਵਰ ਕਰਨ ਲਈ ਕਹਿ ਰਿਹਾ ਹਾਂ, ਇਸ ਲਈ ਇਹ ਮੇਰੇ ਖ਼ਿਲਾਫ਼ ਬੋਲ ਰਹੇ ਹਨ ਪਰ ਮੈਂ ਆਪਣਾ ਕੰਮ ਜਾਰੀ ਰੱਖਾਂਗਾ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਪਾਵਰਕਾਮ ਦੇ ਦਫ਼ਤਰਾਂ ’ਚ ਕੀ ਇਕੱਲਾ ਡਿਫ਼ਾਲਟਿੰਗ ਅਮਾਊਂਟ ਦਾ ਹੀ ਕੰਮ ਹੈ, ਹੋਰ ਕੋਈ ਕੰਮ ਨਹੀਂ? ਇਸ ਸਬੰਧੀ ਉਹ ਠੋਸ ਜਵਾਬ ਨਾ ਦੇ ਸਕੇ।

ਇਹ ਵੀ ਪੜ੍ਹੋ : ਪੈਨਸ਼ਨ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News