ਬਿਧੀਚੰਦ ਕਾਲੋਨੀ ਵਿਚ ਸ਼ੱਕੀ ਹਾਲਾਤ ''ਚ ਮਿਲੀ ਵਿਅਕਤੀ ਦੀ ਲਾਸ਼, 4 ਖ਼ਿਲਾਫ਼ ਮਾਮਲਾ ਦਰਜ

Wednesday, Sep 30, 2026 - 01:07 PM (IST)

ਬਿਧੀਚੰਦ ਕਾਲੋਨੀ ਵਿਚ ਸ਼ੱਕੀ ਹਾਲਾਤ ''ਚ ਮਿਲੀ ਵਿਅਕਤੀ ਦੀ ਲਾਸ਼, 4 ਖ਼ਿਲਾਫ਼ ਮਾਮਲਾ ਦਰਜ

ਫ਼ਤਿਹਗੜ੍ਹ ਸਾਹਿਬ (ਬਿਪਨ ਭਾਰਦਵਾਜ): ਬਿਧੀਚੰਦ ਕਾਲੋਨੀ ਮੰਡੀ ਗੋਬਿੰਦਗੜ੍ਹ ਵਿਖੇ ਹਰਬੀਰ ਸਿੰਘ ਨਾਮਕ ਵਿਅਕਤੀ ਦੀ ਭੇਦਭਰੇ ਹਾਲਾਤ ਵਿਚ ਮ੍ਰਿਤਕ ਦੇਹ ਮਿਲਣ ਦੇ ਮਾਮਲੇ ਵਿਚ ਮੰਡੀ ਗੋਬਿੰਦਗੜ੍ਹ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਹਰਬੀਰ ਸਿੰਘ ਬਿਧੀਚੰਦ ਕਾਲੋਨੀ ਦਾ ਹੀ ਰਹਿਣ ਵਾਲਾ ਸੀ।

​ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੰਡੀ ਗੋਬਿੰਦਗੜ੍ਹ ਦੇ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਹਰਬੀਰ ਸਿੰਘ ਦੀ ਦੇਹ ਸ਼ੱਕੀ ਹਾਲਾਤ ਵਿਚ ਲਟਕਦੀ ਹੋਈ ਬਰਾਮਦ ਹੋਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।

​ਪੁਲਸ ਅਨੁਸਾਰ ਇਹ ਮਾਮਲਾ ਮ੍ਰਿਤਕ ਦੇ ਬੇਟੇ ਆਕਾਸ਼ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਆਕਾਸ਼ ਸਿੰਘ ਨੇ ਦੋਸ਼ ਲਗਾਇਆ ਹੈ ਕਿ ਨਾਮਜ਼ਦ ਕੀਤੇ ਗਏ ਵਿਅਕਤੀਆਂ ਦੇ ਤੰਗ-ਪ੍ਰੇਸ਼ਾਨ ਕਰਨ ਕਰਕੇ ਹੀ ਉਸ ਦੇ ਪਿਤਾ ਦੀ ਜਾਨ ਗਈ ਹੈ। ਪੁਲਸ ਨੇ ਬਿਆਨਾਂ ਨੂੰ ਆਧਾਰ ਬਣਾ ਕੇ ਚਾਰੋਂ ਮੁਲਜ਼ਮਾਂ ਖਿਲਾਫ਼ ਸਬੰਧਤ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ।

​ਥਾਣਾ ਮੁਖੀ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ, ਪਰ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਮੁਲਜ਼ਮਾਂ ਦੇ ਠਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇਗਾ ਅਤੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।


 


author

Anmol Tagra

Content Editor

Related News