ਕਾਂਗਰਸ ਵੱਲੋਂ ਇਕ ਵਾਰ ਫਿਰ ਚੋਣਾਂ ਤੋਂ ਪਹਿਲਾਂ ਬਦਲਾਅ ਕਿੰਨਾ ਕੁ ਜਾਇਜ਼?

Sunday, Oct 04, 2026 - 12:58 AM (IST)

ਕਾਂਗਰਸ ਵੱਲੋਂ ਇਕ ਵਾਰ ਫਿਰ ਚੋਣਾਂ ਤੋਂ ਪਹਿਲਾਂ ਬਦਲਾਅ ਕਿੰਨਾ ਕੁ ਜਾਇਜ਼?

 ਪਟਿਆਲਾ (ਰਾਜੇਸ਼ ਪੰਜੌਲਾ) - ਪੰਜਾਬ ਵਿਧਾਨ ਸਭਾ ਚੋਣਾਂ ਵਿਚ ਲੱਗਭਗ 100 ਦਿਨਾਂ ਦਾ ਸਮਾਂ ਬਾਕੀ ਰਹਿ ਗਿਆ ਹੈ। ਇਸ ਦੌਰਾਨ ਕਾਂਗਰਸ ਪਾਰਟੀ ਨੇ ਜਿੱਥੇ ਆਪਣਾ ਪੰਜਾਬ ਕਾਂਗਰਸ ਦਾ ਇੰਚਾਰਜ ਬਦਲ ਦਿੱਤਾ ਹੈ, ਉੱਥੇ ਹੀ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾ ਕੇ ਉਨ੍ਹਾਂ ਦੀ ਜਗ੍ਹਾ ’ਤੇ ਹਾਕੀ ਖਿਡਾਰੀ ਓਲੰਪੀਅਨ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਹੈ।

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ 111 ਦਿਨ ਪਹਿਲਾਂ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਕੇ ਸਰਕਾਰ ਰਿਪੀਟ ਕਰਨ ਦੀ ਰਣਨੀਤੀ ਬਣਾਈ ਸੀ ਪਰ ਇਹ ਦਾਅ ਕਾਂਗਰਸ ਨੂੰ ਪੁੱਠਾ ਪੈ ਗਿਆ ਸੀ। ਕਾਂਗਰਸ 117 ਵਿਚੋਂ 20 ਸੀਟਾਂ ਵੀ ਨਹੀਂ ਲੈ ਸਕੀ ਸੀ ਅਤੇ ਮਾਲਵਾ ਬੈਲਟ ’ਚੋਂ ਉਸ ਦਾ ਬੁਰੀ ਤਰ੍ਹਾਂ ਸਫਾਇਆ ਹੋ ਗਿਆ ਸੀ। ਮਾਝੇ ਅਤੇ ਦੁਆਬੇ ਨੇ ਕਾਂਗਰਸ ਦੀ ਇਜ਼ਤ ਬਚਾਅ ਲਈ ਸੀ।

ਕੈਪਟਨ ਅਮਰਿੰਦਰ ਸਿੰਘ ਵੀ ਮਾਲਵੇ ਦੇ ਲੀਡਰ ਸਨ ਅਤੇ ਮੌਜੂਦਾ ਸਮੇਂ ਜਿਸ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਹਟਾਇਆ ਗਿਆ ਹੈ, ਉਹ ਵੀ ਮਾਲਵਾ ਨਾਲ ਸਬੰਧਤ ਹਨ। 117 ਸੀਟਾਂ ’ਚੋਂ 70 ਦੇ ਲੱਗਭਗ ਸੀਟਾਂ ਸਿਰਫ ਮਾਲਵਾ ਰਿਜ਼ਨ ਵਿਚ ਹੀ ਹਨ, ਫਰਕ ਸਿਰਫ ਇੰਨਾ ਹੈ ਕਿ ਉਸ ਸਮੇਂ 2021 ਦੇ ਅੰਤ ’ਚ ਕਾਂਗਰਸ ਨੇ ਮੁੱਖ ਮੰਤਰੀ ਨੂੰ ਹਟਾਇਆ ਸੀ ਅਤੇ ਹੁਣ 2026 ਦੇ ਅੰਤ ’ਚ ਕਾਂਗਰਸ ਨੇ ਆਪਣੇ ਪ੍ਰਧਾਨ ਨੂੰ ਹਟਾਇਆ ਹੈ।

ਅਜਿਹੇ ’ਚ ਸਿਆਸੀ ਮਾਹਿਰ ਸੋਚ ਰਹੇ ਹਨ ਕਿ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜਣ ਤੋਂ 100 ਦਿਨ ਪਹਿਲਾਂ ਮੈਦਾਨ ’ਚੋਂ ਆਪਣੇ ‘ਜਰਨੈਲੀ ਘੋੜੇ’ ਨੂੰ ਹਟਾਉਣਾ ਕਾਂਗਰਸ ਲਈ ਲਾਹੇਵੰਦ ਹੋਵੇਗਾ ਜਾਂ ਨੁਕਸਾਨਦੇਹ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਹਾਲਾਤ ਬਿਲਕੁੱਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਲੇ ਹਨ।

ਉਸ ਸਮੇਂ ਕਾਂਗਰਸ ਦਾ ਇਹ ਤਜ਼ਰਬਾ ਪਾਰਟੀ ਨੂੰ ਮਹਿੰਗਾ ਪਿਆ ਸੀ। ਹੁਣ ਇਹ ਤਜ਼ਰਬਾ ਕਿਹੋ ਜਿਹਾ ਰਹੇਗਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਦਿਲਚਸਪ ਗੱਲ ਇਹ ਹੈ ਕਿ ਜਿਸ ਟੀਮ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਲਈ ਝੰਡਾ ਚੁੱਕਿਆ ਸੀ, ਉਸੇ ਟੀਮ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾਉਣ ਦਾ ਝੰਡਾ ਚੁੱਕਿਆ ਪਰ ਜਦੋਂ ਕੈਪਟਨ ਬਦਲੇ ਗਏ ਸਨ ਤਾਂ ਜਿਨ੍ਹਾਂ ਨੇ ਝੰਡਾ ਚੁੱਕਿਆ ਸੀ, ਉਨ੍ਹਾਂ ਨੂੰ ਉਹ ਕੁਰਸੀ ਨਹੀਂ ਮਿਲੀ, ਜਿਸ ’ਤੇ ਉਨ੍ਹਾਂ ਦੀ ਅੱਖ ਸੀ। ਹੁਣ ਵੀ ਜਿਸ ਟੀਮ ਨੇ ਰਾਜਾ ਵੜਿੰਗ ਨੂੰ ਹਟਾਉਣ ਲਈ ਝੰਡਾ ਚੁੱਕਿਆ ਸੀ, ਉਨ੍ਹਾਂ ਨੂੰ ਉਹ ਕੁਰਸੀ ਨਹੀਂ ਮਿਲੀ, ਜੋ ਉਹ ਚਾਹੁੰਦੇ ਸਨ। ਹਟਣ ਵਾਲੇ ਦੋਵੇਂ ਲੀਡਰਾਂ ਦਾ ਨਾਂ ਵੀ ਅਮਰਿੰਦਰ ਸਿੰਘ ਹੀ ਹੈ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਲਾਂਬੇ ਨਾ ਕਰਦੀ ਤਾਂ ਪਾਰਟੀ ਦਾ ਇੰਨਾ ਮਾੜਾ ਹਾਲ ਨਹੀਂ ਹੋਣਾ ਸੀ ਅਤੇ ਨਾ ਹੀ ਆਮ ਆਦਮੀ ਪਾਰਟੀ ਦੀਆਂ 92 ਸੀਟਾਂ ਆਉਣੀਆਂ ਸਨ।

ਇਸ ਰਾਜਨੀਤਕ ਉਥਲ-ਪੁਥਲ ਦਾ ਆਮ ਆਦਮੀ ਪਾਰਟੀ ਨੂੰ ਵੱਡਾ ਲਾਭ ਮਿਲਿਆ ਕਿਉਂਕਿ ਅਕਾਲੀ ਦਲ ਇਸ ਉਥਲ-ਪੁਥਲ ਦਾ ਲਾਭ ਲੈਣ ਦੀ ਸਥਿਤੀ ’ਚ ਨਹੀਂ ਸੀ ਅਤੇ ਭਾਜਪਾ ਕਿਸਾਨ ਅੰਦੋਲਨ ਤੋਂ ਬਾਅਦ ਪਹਿਲੀ ਵਾਰ ਇਕੱਲੇ ਚੋਣ ਮੈਦਾਨ ਵਿਚ ਆਈ ਸੀ। ਇਸ ਵਾਰ ਭਾਜਪਾ ਪੂਰੀ ਤਿਆਰੀ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੇ ਪੰਜਾਬ ਵਿਚ ਲਗਾਤਾਰ ਰੈਲੀਆਂ ਕੀਤੀਆਂ ਹਨ। ਆਰ. ਐੱਸ. ਐੱਸ. ਦਾ ਕੇਡਰ ਪੂਰੀ ਤਰ੍ਹਾਂ ਸਰਗਰਮ ਹੈ। ਅਜਿਹੇ ’ਚ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਾਂਗਰਸ ਦੀ ਇਸ ਉਥਲ-ਪੁਥਲ ਦਾ ਲਾਭ ਕਾਂਗਰਸ ਨੂੰ ਹੀ ਮਿਲੇਗਾ ਤਾਂ ਫਿਰ ਪੰਜਾਬ ਦੇ ਲੋਕ 2022 ਵਾਂਗ ਕੋਈ ਨਵਾਂ ਬਦਲ ਲੱਭਣਗੇ?
 


author

Inder Prajapati

Content Editor

Related News