ਛੱਠ ਪੂਜਾ ਦੇ ਪ੍ਰਸ਼ਾਦ 'ਚ ਲੁਕਿਆ ਸਿਹਤ ਦਾ ਖ਼ਜ਼ਾਨਾ, ਜਾਣੋ ਕਿਉਂ ਸ਼ਾਮਲ ਕੀਤਾ ਜਾਂਦੈ ਕੇਲਿਆਂ ਦਾ ਪੂਰਾ ਗੁੱਛਾ ਤੇ ਗੰਨਾ

Tuesday, Nov 09, 2021 - 03:42 PM (IST)

ਛੱਠ ਪੂਜਾ ਦੇ ਪ੍ਰਸ਼ਾਦ 'ਚ ਲੁਕਿਆ ਸਿਹਤ ਦਾ ਖ਼ਜ਼ਾਨਾ, ਜਾਣੋ ਕਿਉਂ ਸ਼ਾਮਲ ਕੀਤਾ ਜਾਂਦੈ ਕੇਲਿਆਂ ਦਾ ਪੂਰਾ ਗੁੱਛਾ ਤੇ ਗੰਨਾ

ਜਲੰਧਰ (ਵੈੱਬ ਡੈਸਕ) — 8 ਨਵੰਬਰ ਤੋਂ ਛੱਠ ਪੂਜਾ ਸ਼ੁਰੂ ਹੋ ਚੁੱਕੀ ਹੈ ਅਤੇ ਅੱਜ ਛੱਠ ਪੂਜਾ ਦਾ ਦੂਜਾ ਦਿਨ ਹੈ। 'ਛੱਠ ਪੂਜਾ' ਦਾ ਇਹ ਤਿਉਹਾਰ ਚਾਰ ਦਿਨ ਚੱਲਦਾ ਹੈ। ਇਸ਼ਨਾਨ ਕਰਨ ਤੋਂ ਲੈ ਕੇ ਚੜ੍ਹਦੇ ਸੂਰਜ ਨੂੰ ਅਰਘ ਭੇਟ ਕਰਨ ਤੱਕ ਚੱਲਣ ਵਾਲੇ ਇਸ ਤਿਉਹਾਰ ਦਾ ਆਪਣਾ ਇੱਕ ਇਤਿਹਾਸਕ ਮਹੱਤਵ ਹੈ। ਇਸ ਦੌਰਾਨ ਵਰਤ ਰੱਖਣ ਵਾਲੇ ਲਗਾਤਾਰ 36 ਘੰਟੇ ਵਰਤ ਰੱਖਦੇ ਹਨ। 'ਛੱਠ ਪੂਜਾ' ਦੇ ਵਰਤ ਦੌਰਾਨ ਉਹ ਪਾਣੀ ਵੀ ਨਹੀਂ ਪੀਂਦੇ। ਇਹ ਤਿਉਹਾਰ ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸਮੇਤ ਪੂਰੇ ਬਿਹਾਰ 'ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਛੱਠ ਸ਼ਬਦ ਸ਼ਸ਼ਠੀ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ 'ਛੇ', ਇਸ ਲਈ ਇਹ ਤਿਉਹਾਰ ਚੰਦਰਮਾ ਦੇ ਚੜ੍ਹਦੇ ਪੜਾਅ ਦੇ ਛੇਵੇਂ ਦਿਨ ਮਨਾਇਆ ਜਾਂਦਾ ਹੈ।

ਕੱਤਕ ਮਹੀਨੇ ਦੀ ਚਤੁਰਥੀ ਤੋਂ ਸ਼ੁਰੂ ਹੋ ਕੇ ਇਹ ਸਪਤਮੀ ਚਾਰ ਦਿਨ ਚੱਲਦੀ ਹੈ। ਮੁੱਖ ਪੂਜਾ ਛੇਵੇਂ ਦਿਨ ਹੁੰਦੀ ਹੈ। ਇਸ ਦੌਰਾਨ ਕਈ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਫਲ ਸੂਰਜ ਦੇਵਤਾ ਨੂੰ ਚੜ੍ਹਾਏ ਜਾਂਦੇ ਹਨ।


ਪ੍ਰਸ਼ਾਦ 'ਚ ਗੰਨਾ ਹੈ ਜ਼ਰੂਰੀ :- 
'ਛੱਠ ਪੂਜਾ' 'ਚ ਪ੍ਰਸ਼ਾਦ 'ਚ ਗੰਨੇ ਵੀ ਚੜ੍ਹਾਏ ਜਾਂਦੇ ਹਨ। ਅਰਘ ਦਿੰਦੇ ਸਮੇਂ ਪੂਜਾ ਸਮੱਗਰੀ 'ਚ ਗੰਨੇ ਦਾ ਹੋਣਾ ਜ਼ਰੂਰੀ ਹੈ। ਮੰਨਿਆ ਜਾਂਦਾ ਹੈ ਕਿ ਛਠੀ ਮਾਤਾ ਜੀ ਨੂੰ ਗੰਨਾ ਬਹੁਤ ਪਸੰਦ ਹੈ। ਇਸ ਤੋਂ ਬਿਨਾਂ ਪੂਜਾ ਅਧੂਰੀ ਮੰਨੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਸੂਰਜ ਦੀ ਕਿਰਪਾ ਨਾਲ ਹੀ ਫਸਲ ਪੈਦਾ ਹੁੰਦੀ ਹੈ ਅਤੇ ਇਸ ਲਈ ਛੱਠ 'ਚ ਨਵੀਂ ਫਸਲ ਸਭ ਤੋਂ ਪਹਿਲਾਂ ਸੂਰਜ ਨੂੰ ਚੜ੍ਹਾਈ ਜਾਂਦੀ ਹੈ। ਗੰਨਾ ਉਸ ਨਵੀਂ ਫ਼ਸਲ 'ਚੋਂ ਇੱਕ ਹੈ।

ਇਹ ਖ਼ਬਰ ਵੀ ਪੜ੍ਹੋ - 19 ਨਵੰਬਰ ਨੂੰ ਲੱਗੇਗਾ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ, ਗਰਭਵਤੀ ਔਰਤਾਂ ਭੁੱਲ ਕੇ ਵੀ ਨਾ ਕਰਨ ਇਹ ਕੰਮ

ਕੇਲਿਆਂ ਦਾ ਪੂਰਾ ਗੁੱਛਾ :-
ਛਠੀ ਮਾਤਾ ਜੀ ਦੀ ਪੂਜਾ 'ਚ ਕੇਲਿਆਂ ਦਾ ਪੂਰਾ ਗੁੱਛਾ ਪ੍ਰਸਾਦ ਵਜੋਂ ਚੜ੍ਹਾਇਆ ਜਾਂਦਾ ਹੈ। ਛੱਠ ਪੂਜਾ 'ਚ ਕੇਲੇ ਦਾ ਵੀ ਵਿਸ਼ੇਸ਼ ਮਹੱਤਵ ਹੈ। ਇਸ ਨੂੰ ਪ੍ਰਸਾਦ ਦੇ ਰੂਪ 'ਚ ਵੰਡਿਆ ਅਤੇ ਖਾਧਾ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਛੱਠ ਦਾ ਤਿਉਹਾਰ ਬੱਚਿਆਂ ਲਈ ਮਨਾਇਆ ਜਾਂਦਾ ਹੈ ਅਤੇ ਸਰਦੀ ਦੇ ਮੌਸਮ 'ਚ ਬੱਚਿਆਂ ਨੂੰ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਬਚਾਉਣ ਲਈ ਪ੍ਰਸ਼ਾਦ 'ਚ ਕੇਲੇ ਨੂੰ ਸ਼ਾਮਲ ਕੀਤਾ ਜਾਂਦਾ ਹੈ।

ਠੇਕੁਏ ਤੋਂ ਬਿਨਾਂ ਪੂਜਾ ਅਧੂਰੀ ਹੈ :-
ਭਾਵੇਂ ਛੱਠ ਪੂਜਾ 'ਚ ਕਈ ਪ੍ਰਕਾਰ ਦਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ ਪਰ ਇਸ 'ਚ ਸਭ ਤੋਂ ਮਹੱਤਵਪੂਰਨ ਹੈ ਠੇਕੁਆ ਦਾ ਪ੍ਰਸ਼ਾਦ, ਜੋ ਗੁੜ ਅਤੇ ਆਟੇ ਤੋਂ ਬਣਾਇਆ ਜਾਂਦਾ ਹੈ। ਇਸ ਤੋਂ ਬਿਨਾਂ ਛੱਠ ਪੂਜਾ ਅਧੂਰੀ ਮੰਨੀ ਜਾਂਦੀ ਹੈ। ਇਸ ਨੂੰ ਛੱਠ ਦੇ ਸੂਪ (ਇੱਕ ਪ੍ਰਕਾਰ ਦਾ ਛੱਜ) 'ਚ ਸ਼ਾਮਲ ਕਰਨ ਦਾ ਕਾਰਨ ਇਹ ਹੈ ਕਿ ਸਰਦੀ ਦੀ ਸ਼ੁਰੂਆਤ ਛੱਠ ਨਾਲ ਹੀ ਹੁੰਦੀ ਹੈ ਅਤੇ ਅਜਿਹੇ 'ਚ ਠੰਡ ਤੋਂ ਬਚਣ ਅਤੇ ਸਿਹਤ ਨੂੰ ਬਣਾਈ ਰੱਖਣ ਲਈ ਗੁੜ ਬਹੁਤ ਫਾਇਦੇਮੰਦ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਇਸ ਦਿਨ ਲੱਗੇਗਾ ਸਦੀ ਦਾ ਸਭ ਤੋਂ ਲੰਮਾ ਤੇ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ, ਗੂੜ੍ਹੇ ਲਾਲ ਰੰਗ 'ਚ ਆਵੇਗਾ ਨਜ਼ਰ ਚੰਨ

ਨਾਰੀਅਲ :-
ਛੱਠ ਸੂਪ (ਇੱਕ ਪ੍ਰਕਾਰ ਦਾ ਛੱਜ) 'ਚ ਨਾਰੀਅਲ ਜ਼ਰੂਰੀ ਹੈ ਤੇ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਨਾਰੀਅਲ ਸਾਨੂੰ ਮੌਸਮ 'ਚ ਤਬਦੀਲੀ ਕਾਰਨ ਜ਼ੁਕਾਮ ਅਤੇ ਫਲੂ ਦੀ ਸਮੱਸਿਆ ਤੋਂ ਬਚਾਉਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਨਾਰੀਅਲ 'ਚ ਕਈ ਮਹੱਤਵਪੂਰਨ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਬਿਹਤਰ ਰੱਖਣ 'ਚ ਮਦਦ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਇਸ ਨੂੰ ਪ੍ਰਸ਼ਾਦ 'ਚ ਸ਼ਾਮਲ ਕੀਤਾ ਜਾਂਦਾ ਹੈ।

ਚੌਲਾਂ ਦੇ ਲੱਡੂ :- 
ਛੱਠ ਦੀ ਪੂਜਾ ਵਿੱਚ ਚੌਲਾਂ ਦੇ ਲੱਡੂ ਵੀ ਚੜ੍ਹਾਏ ਜਾਂਦੇ ਹਨ। ਇਹ ਲੱਡੂ ਖਾਸ ਚੌਲਾਂ ਤੋਂ ਬਣਾਏ ਜਾਂਦੇ ਹਨ। ਇਸ 'ਚ ਵਰਤੇ ਜਾਣ ਵਾਲੇ ਚੌਲ ਝੋਨੇ ਦੀਆਂ ਕਈ ਪਰਤਾਂ ਤੋਂ ਤਿਆਰ ਕੀਤੇ ਜਾਂਦੇ ਹਨ। ਦੱਸ ਦੇਈਏ ਕਿ ਇਸ ਸਮੇਂ ਦੌਰਾਨ ਚੌਲਾਂ ਦੀ ਨਵੀਂ ਫਸਲ ਵੀ ਆਉਂਦੀ ਹੈ ਅਤੇ ਇਸ ਲਈ ਮੰਨਿਆ ਜਾਂਦਾ ਹੈ ਕਿ ਛੱਠ ਦੇ ਦਿਨ ਸੂਰਜ ਨੂੰ ਨਵੀਂ ਫਸਲ ਦਾ ਚੜ੍ਹਾਵਾ ਚੜ੍ਹਾਉਣਾ ਚਾਹੀਦਾ ਹੈ। ਇਸੇ ਲਈ ਭੋਗ ਵਜੋਂ ਚੌਲਾਂ ਦੇ ਲੱਡੂ ਚੜ੍ਹਾਉਣ ਦੀ ਪਰੰਪਰਾ ਹੈ।

ਇਹ ਖ਼ਬਰ ਵੀ ਪੜ੍ਹੋ - ਇਸ ਖ਼ਾਸ ਤਰੀਕੇ ਨਾਲ ਕਰੋ 'ਛੱਠ ਪੂਜਾ', ਖ਼ੁਸ਼ ਹੋਣਗੇ ਸੂਰਜ ਦੇਵਤਾ ਅਤੇ ਬਣੀ ਰਹੇਗੀ ਪਰਿਵਾਰ 'ਤੇ ਕਿਰਪਾ

ਪ੍ਰਸ਼ਾਦ 'ਚ ਗ੍ਰੇਪਫਰੂਟ ਨੂੰ ਸ਼ਾਮਲ ਕਰੋ :-
ਦਾਭਾ ਨਿੰਬੂ (ਗ੍ਰੇਪਫਰੂਟ) ਜੋ ਕਿ ਇੱਕ ਖਾਸ ਕਿਸਮ ਦਾ ਨਿੰਬੂ ਹੈ ਤੇ ਇਸ ਨੂੰ ਛੱਠ ਦੇ ਚੜ੍ਹਾਵੇ 'ਚ ਚੜ੍ਹਾਇਆ ਜਾਂਦਾ ਹੈ। ਇਹ ਦਿਖ 'ਚ ਵੱਡਾ ਅਤੇ ਬਾਹਰੋਂ ਪੀਲਾ ਅਤੇ ਅੰਦਰੋਂ ਲਾਲ ਹੁੰਦਾ ਹੈ। ਦੱਸ ਦੇਈਏ ਕਿ ਦਾਭਾ ਨਿੰਬੂ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਇਹ ਸਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦਾ ਹੈ। ਦਾਭਾ ਨਿੰਬੂ ਸਾਨੂੰ ਬਦਲਦੇ ਮੌਸਮ 'ਚ ਬਿਮਾਰੀਆਂ ਨਾਲ ਲੜਨ ਲਈ ਤਿਆਰ ਕਰਦਾ ਹੈ।

 

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News