ਪੰਜਾਬ ਦੇ ''ਵੱਡੇ ਲੀਡਰ'' ''ਤੇ ਅਰਵਿੰਦ ਕੇਜਰੀਵਾਲ ਦਾ ਤਿੱਖਾ ਹਮਲਾ, ਕਿਹਾ- ''ਹੁਣ ਅੰਦਰ ਕੀਤਾ ਤਾਂ...'' (ਵੀਡੀਓ)
Friday, Aug 01, 2025 - 03:04 PM (IST)

ਫਾਜ਼ਿਲਕਾ (ਵੈੱਬ ਡੈਸਕ): ਅੱਜ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਇਕ 'ਵੱਡੇ ਲੀਡਰ' 'ਤੇ ਤਿੱਖਾ ਹਮਲਾ ਬੋਲਿਆ। ਇਸ ਦੌਰਾਨ ਉਨ੍ਹਾਂ ਨੇ ਸਿੱਧੇ ਤੌਰ 'ਤੇ ਕਿਸੇ ਦਾ ਨਾਂ ਤਾਂ ਨਹੀਂ ਲਿਆ, ਪਰ ਇਸ਼ਾਰਿਆਂ ਇਸ਼ਾਰਿਆਂ ਵਿਚ ਵੱਡੀਆਂ ਗੱਲਾਂ ਆਖ਼ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ! 15 ਦਿਨਾਂ ਅੰਦਰ ਨਿਬੇੜ ਲਓ ਇਹ ਕੰਮ, ਮਾਨ ਸਰਕਾਰ ਨੇ ਦਿੱਤਾ 'ਆਖ਼ਰੀ' ਮੌਕਾ
ਇੱਥੇ ਅਰਨੀਵਾਲਾ ਵਿਖੇ ਵਿਦਿਆਰਥੀਆਂ ਦੇ ਸਿਲੇਬਸ ਵਿਚ 'ਨਸ਼ਾ ਮੁਕਤ ਪੰਜਾਬ' ਪੜ੍ਹਾਏ ਜਾਣ ਦੀ ਸ਼ੁਰੂਆਤ ਕਰਨ ਲਈ ਰੱਖੇ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਗਈ ਜੰਗ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਪਿਛਲੇ ਕਈ ਸਾਲਾਂ ਤੋਂ ਨਸ਼ੇ ਨਾਲ ਜੂਝ ਰਿਹਾ ਹੈ। 2007-08 ਤੋਂ ਪੰਜਾਬ ਵਿਚ ਨਸ਼ਾ ਆਉਣਾ ਸ਼ੁਰੂ ਹੋਇਆ। ਪਹਿਲੀਆਂ ਸਰਕਾਰਾਂ ਦੇ ਕਈ ਮੰਤਰੀ ਸ਼ਰੇਆਮ ਨਸ਼ਾ ਵੇਚਦੇ ਸਨ। ਮੰਤਰੀਆਂ ਦੀਆਂ ਗੱਡੀਆਂ ਰਾਹੀਂ ਨਸ਼ਾ ਸਪਲਾਈ ਕੀਤਾ ਜਾਂਦਾ ਸੀ। ਦੇਸ਼ ਦੇ ਬਾਹਰੋਂ ਇੰਟਰਨੈਸ਼ਨਲ ਡਰੱਗ ਸਮੱਗਲਰ ਆਉਂਦੇ ਸੀ, ਉਨ੍ਹਾਂ ਨੂੰ ਆਪਣੀਆਂ ਕੋਠੀਆਂ ਵਿਚ ਨਾਲ ਰੱਖਦੇ ਸਨ। ਸਰਕਾਰਾਂ ਨੇ ਨਸ਼ੇ ਦੇ ਖ਼ਿਲਾਫ਼ ਕੋਈ ਐਕਸ਼ਨ ਨਹੀਂ ਲਿਆ।
ਕੇਜਰੀਵਾਲ ਨੇ ਕਿਹਾ ਕਿ 2022 ਵਿਚ ਲੋਕਾਂ ਨੇ ਇਨ੍ਹਾਂ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ। ਪਿਛਲੇ ਕੁਝ ਮਹੀਨਿਆਂ ਵਿਚ 'ਯੁੱਧ ਨਸ਼ਿਆਂ ਵਿਰੁੱਧ' ਛੇੜਿਆ ਗਿਆ ਹੈ, ਪੂਰੇ ਦੇਸ਼ ਵਿਚ ਨਸ਼ਿਆਂ ਖ਼ਿਲਾਫ਼ ਇਸ ਪੱਧਰ ਦਾ ਐਕਸ਼ਨ ਕਦੇ ਵੇਖਣ ਨੂੰ ਨਹੀਂ ਮਿਲਿਆ। ਸਿਰਫ਼ 5 ਮਹੀਨਿਆਂ ਅੰਦਰ 23 ਹਜ਼ਾਰ ਤੋਂ ਵੱਧ FIR ਦਰਜ ਹੋ ਚੁੱਕੀਆਂ ਹਨ, 15 ਹਜ਼ਾਰ ਤੋਂ ਵੱਧ ਲੋਕ ਗ੍ਰਿਫ਼ਤਾਰ ਹੋ ਚੁੱਕੇ ਹਨ। ਨਸ਼ੇ ਦੇ ਪੈਸੇ ਨਾਲ ਬਣਾਏ ਗਏ ਮਹਿਲਾਂ-ਕੋਠੀਆਂ 'ਤੇ ਬੁਲਡੋਜ਼ਰ ਚੱਲ ਰਿਹਾ ਹੈ। ਕਿਸੇ ਸਰਕਾਰ ਦੀ ਹਿੰਮਤ ਨਹੀਂ ਸੀ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ, ਸਾਰੇ ਹੀ ਡਰਦੇ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਇਮਾਨਦਾਰ ਤੇ ਹਿੰਮਤੀ ਸਰਕਾਰ ਹੈ, ਅਸੀਂ ਇਨ੍ਹਾਂ ਤੋਂ ਨਹੀਂ ਡਰਦੇ, ਵੱਡੇ ਤੋਂ ਵੱਡੇ ਤਸਕਰ ਨੂੰ ਫੜ ਕੇ ਅੰਦਰ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੁਕਾਨਾਂ ਤੇ ਪਲਾਟਾਂ ਬਾਰੇ ਮਾਨ ਸਰਕਾਰ ਦਾ ਵੱਡਾ ਐਲਾਨ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਾਲ ਹੀ ਵਿਚ ਇਨ੍ਹਾਂ ਦੇ ਇਕ ਬਹੁਤ ਵੱਡੇ ਲੀਡਰ ਨੂੰ ਨਸ਼ੇ ਖ਼ਿਲਾਫ਼ ਫੜ ਕੇ ਅੰਦਰ ਕੀਤਾ ਗਿਆ। ਜਦੋਂ ਅਸੀਂ ਉਸ ਨੂੰ ਫੜ ਕੇ ਜੇਲ੍ਹ 'ਚ ਸੁੱਟਿਆ ਤਾਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਵਾਲੇ ਸਾਰੇ ਉਸ ਦੇ ਸਮਰਥਨ ਵਿਚ ਆ ਗਏ। ਇਹ ਸਾਰੇ ਕਹਿ ਰਹੇ ਸਨ ਕਿ ਉਸ ਨਾਲ ਗਲਤ ਹੋ ਗਿਆ, ਪਰ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਮਰ ਗਏ ਕੀ ਉਨ੍ਹਾਂ ਨਾਲ ਗਲਤ ਨਹੀਂ ਹੋਇਆ? ਕੇਜਰੀਵਾਲ ਨੇ ਕਿਹਾ ਕਿ ਅਸੀਂ ਸਭ ਤੋਂ ਵੱਡੇ ਨਸ਼ਾ ਤਸਕਰ ਨੂੰ ਫੜ ਕੇ ਜੇਲ੍ਹ ਵਿਚ ਪਾ ਦਿੱਤਾ, ਤਾਂ ਕਾਂਗਰਸ-ਭਾਜਪਾ ਵਾਲੇ ਹੰਝੂ ਸੁੱਟ ਰਹੇ ਹਨ, ਅਕਾਲੀ ਦਲ ਵਾਲੇ ਸਾਨੂੰ ਗਾਲ੍ਹਾਂ ਕੱਢ ਰਹੇ ਹਨ। ਜਦੋਂ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਸੀ ਉਦੋਂ ਇਨ੍ਹਾਂ ਪਾਰਟੀਆਂ ਨੂੰ ਕੋਈ ਹੰਝੂ ਨਹੀਂ ਆਇਆ। ਹੁਣ ਇਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੇ ਜਾ ਰਹੇ ਹਨ, ਇਨ੍ਹਾਂ ਦੇ ਬੈਂਕ ਅਕਾਊਂਟ ਜ਼ਬਤ ਕੀਤੇ ਜਾ ਰਹੇ ਹਨ, ਉਨ੍ਹਾਂ ਪੈਸਿਆਂ ਨਾਲ ਪੰਜਾਬ ਦੇ ਲੋਕਾਂ ਲਈ ਸਕੂਲ-ਹਸਪਤਾਲ ਖੋਲ੍ਹੇ ਜਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8