ਪਹਿਲੀ ਵਾਰ PGI ਨੇ ਕੀਤਾ ਕ੍ਰਾਇਓਏਬਲੇਸ਼ਨ, ਦਿਲ ਦੇ ਮਰੀਜ਼ ਨੂੰ ਮਿਲਿਆ ਜੀਵਨਦਾਨ

Sunday, Jul 27, 2025 - 02:23 PM (IST)

ਪਹਿਲੀ ਵਾਰ PGI ਨੇ ਕੀਤਾ ਕ੍ਰਾਇਓਏਬਲੇਸ਼ਨ, ਦਿਲ ਦੇ ਮਰੀਜ਼ ਨੂੰ ਮਿਲਿਆ ਜੀਵਨਦਾਨ

ਚੰਡੀਗੜ੍ਹ (ਪਾਲ) : ਪੰਜਾਬ, ਹਿਮਾਚਲ, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਰਗੇ ਸੂਬਿਆਂ ਲਈ ਰਾਹਤ ਦੀ ਖ਼ਬਰ ਹੈ। ਉੱਤਰੀ ਭਾਰਤ ’ਚ ਪਹਿਲੀ ਵਾਰ, ਪੀ. ਜੀ. ਆਈ. ’ਚ ਦਿਲ ਦੀ ਧੜਕਣ ਦੀ ਗੜਬੜੀ ਤੋਂ ਪੀੜਤ ਮਰੀਜ਼ ਦਾ ਕ੍ਰਾਇਓਏਬਲੇਸ਼ਨ ਨਵੀਨਤਮ ਤਕਨੀਕ ਨਾਲ ਸਫ਼ਲ ਇਲਾਜ ਕੀਤਾ ਗਿਆ ਹੈ। ਇਹ ਸਫ਼ਲਤਾ ਡਾ. ਯਸ਼ਪਾਲ ਸ਼ਰਮਾ ਦੀ ਅਗਵਾਈ ’ਚ ਕਾਰਡੀਓਲੋਜੀ ਵਿਭਾਗ ਦੀ ਟੀਮ ਨੇ ਡਾ. ਸੌਰਭ ਮਹਿਰੋਤਰਾ ਦੀ ਅਗਵਾਈ ਹੇਠ ਹਾਸਲ ਕੀਤੀ ਹੈ। ਪਹਿਲਾਂ ਇਹ ਸਹੂਲਤ ਸਿਰਫ਼ ਦਿੱਲੀ, ਮੁੰਬਈ ਵਰਗੇ ਵੱਡੇ ਸ਼ਹਿਰਾਂ ਤੱਕ ਸੀਮਤ ਸੀ।

ਇਹ ਸਫ਼ਲਤਾ ਹਜ਼ਾਰਾਂ ਦਿਲ ਦੇ ਮਰੀਜ਼ਾਂ ਲਈ ਉਮੀਦ ਦੀ ਕਿਰਨ ਹੈ, ਜਿਨ੍ਹਾਂ ਨੂੰ ਆਪਣੀਆਂ ਧੜਕਣਾਂ ਦਾ ਇਲਾਜ ਨੇੜੇ ਹੀ ਮਿਲ ਸਕੇਗਾ। ਇਸ ਕੇਸ ’ਚ ਇਕ ਅਜਿਹਾ ਮਰੀਜ਼ ਸ਼ਾਮਲ ਸੀ, ਜਿਸ ਨੂੰ ਪਹਿਲਾਂ ਤੋਂ ਹੀ ਪੇਸਮੇਕਰ ਲੱਗਿਆ ਹੋਇਆ ਸੀ। ਉਸ ਨੂੰ ਐਟਰੀਅਲ ਫਾਈਬਰਿਲੇਸ਼ਨ ਨਾਮ ਦੀ ਬੀਮਾਰੀ ਹੋ ਗਈ ਸੀ, ਜਿਸ ’ਚ ਦਿਲ ਦੀਆਂ ਉਪਰਲੀਆਂ ਦੋਵੇਂ ਕੋਸ਼ਿਕਾਵਾਂ (ਐਟ੍ਰੀਆ) ਬੇਨਿਯਮੀ ਤੇ ਤੇਜ਼ੀ ਨਾਲ ਧੜਕਦੀਆਂ ਹਨ। ਇਸ ਦਾ ਪੂਰੇ ਦਿਲ ’ਤੇ ਅਸਰ ਪਿਆ ਅਤੇ ਮਰੀਜ਼ ਨੂੰ ਐਕਿਊਟ ਡੀਕੰਪੈਂਸੇਟਿਡ ਹਾਰਟ ਫੇਲੀਅਰ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ।

ਕਾਰਡੀਓਲੋਜਿਸਟ ਡਾ. ਸੌਰਭ ਮਹਿਰੋਤਰਾ ਦਾ ਕਹਿਣਾ ਹੈ ਕਿ ਰਵਾਇਤੀ ਰੇਟ ਕੰਟਰੋਲ ਤਕਨੀਕ ਨਾਲ ਮਰੀਜ਼ ਨੂੰ ਰਾਹਤ ਨਹੀਂ ਮਿਲ ਰਹੀ ਸੀ। ਅਜਿਹੇ ’ਚ ਕ੍ਰਾਇਓਏਬਲੇਸ਼ਨ ਨੂੰ ਅਪਨਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਪ੍ਰਕਿਰਿਆ ’ਚ ਠੰਡੇ ਤਾਪਮਾਨ ਦੀ ਵਰਤੋਂ ਕਰ ਕੇ ਉਨ੍ਹਾਂ ਨਸਾਂ ਨੂੰ ਸਥਾਈ ਰੂਪ ਨਾਲ ਬੰਦ ਕਰ ਦਿੱਤਾ ਜਾਂਦਾ ਹੈ, ਜੋ ਦਿਲ ਦੀਆਂ ਧੜਕਣਾਂ ਨੂੰ ਬੇਨਿਯਮਿਤ ਕਰ ਰਹੀਆਂ ਸੀ। ਇਹ ਬਹੁਤ ਮੁਸ਼ਕਲ ਸੀ। ਰਵਾਇਤੀ ਇਲਾਜ ਕੰਮ ਨਹੀਂ ਕਰ ਰਿਹਾ ਸੀ। ਜਦੋਂ ਏ.ਐੱਫ. ਦੀ ਜੜ੍ਹ ਨੂੰ ਪਛਾਣ ਕੇ ਉਸ ’ਤੇ ਸਿੱਧਾ ਵਾਰ ਕੀਤਾ, ਮਰੀਜ਼ ਦੀ ਹਾਲਤ ’ਚ ਕਾਫ਼ੀ ਸੁਧਾਰ ਦੇਖਣ ਨੂੰ ਮਿਲਿਆ।


author

Babita

Content Editor

Related News