ਵਿਆਹ ਤੋਂ ਕੁਝ ਦਿਨ ਪਹਿਲਾਂ ਟੁੱਟਿਆ ਰਿਸ਼ਤਾ, ਕੁੜੀ ਨੇ ਚੁੱਕਿਆ ਖੌਫਨਾਕ ਕਦਮ
Sunday, Oct 20, 2019 - 10:16 AM (IST)

ਚੇਤਨਪੁਰਾ (ਨਿਰਵੈਲ, ਭੱਟੀ) : ਥਾਣਾ ਝੰਡੇਰ ਅਧੀਨ ਪੈਂਦੇ ਚੇਤਨਪੁਰਾ ਵਿਖੇ ਇਕ ਕੁੜੀ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੇ ਪਿਤਾ ਗੁਰਨਾਮ ਸਿੰਘ ਨੇ ਇਕ ਵਿਅਕਤੀ 'ਤੇ ਲੜਕੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਕਥਿਤ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਮੇਰੀ ਲੜਕੀ ਦਾ ਰਿਸ਼ਤਾ ਗੁਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਚੀਚਾ ਭਕਨਾ ਨਾਲ ਹੋਇਆ ਸੀ। ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਵਜੋਂ ਸੇਵਾ ਨਿਭਾਅ ਰਹੇ ਵਿਅਕਤੀ ਨੇ ਲੜਕੀ ਦੇ ਸਹੁਰਾ ਪਰਿਵਾਰ ਨੂੰ ਝੂਠੀਆਂ ਗੱਲਾਂ ਦੱਸੀਆਂ, ਜਿਸ ਕਾਰਨ ਉਨ੍ਹਾਂ ਮੇਰੀ ਲੜਕੀ ਦਾ ਰਿਸ਼ਤਾ ਛੱਡ ਦਿੱਤਾ। ਇਸ ਦਾ ਪਤਾ ਲੱਗਦਿਆਂ ਲੜਕੀ ਨੇ ਦੁਖੀ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਵਲੋਂ 174 ਦੀ ਕਾਰਵਾਈ ਕਰਨ ਉਪਰੰਤ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ।
ਉਧਰ ਇਸ ਮਾਮਲੇ 'ਚ ਥਾਣਾ ਝੰਡੇਰ ਦੀ ਪੁਲਸ ਵਲੋਂ ਲੋੜੀਂਦੀ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਲੋਕਾਂ ਨੇ ਪਿੰਡ ਚੇਤਨਪੁਰਾ ਵਿਖੇ ਲਾਸ਼ ਸੜਕ 'ਤੇ ਰੱਖ ਕੇ ਲੰਮਾ ਸਮਾਂ ਰੋਸ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਮੇਂ ਸਤਪਾਲ ਸਿੰਘ, ਬਲਦੇਵ ਸਿੰਘ, ਗੁਰਜੀਤ ਸਿੰਘ ਬਿੱਟੂ, ਕਾਲਾ ਸਿੰਘ, ਸੁੱਚਾ ਸਿੰਘ, ਗੁਰਪਾਲ ਸਿੰਘ, ਵੇਦ ਪ੍ਰਕਾਸ਼ ਬਬਲੂ ਤੇ ਸਾਬਕਾ ਸਰਪੰਚ ਸੁਖਵੰਤ ਚੇਤਨਪੁਰੀ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।