ਬਹਿਸਬਾਜ਼ੀ ਮਗਰੋਂ ਕੈਬਨਿਟ ਮੰਤਰੀ ਜੌੜਾਮਾਜਰਾ ਦਾ ਜੈਇੰਦਰ ਕੌਰ ਨੂੰ ਕਰਾਰਾ ਜਵਾਬ, ਕਹੀਆਂ ਇਹ ਗੱਲਾਂ

Saturday, Jul 15, 2023 - 02:39 AM (IST)

ਬਹਿਸਬਾਜ਼ੀ ਮਗਰੋਂ ਕੈਬਨਿਟ ਮੰਤਰੀ ਜੌੜਾਮਾਜਰਾ ਦਾ ਜੈਇੰਦਰ ਕੌਰ ਨੂੰ ਕਰਾਰਾ ਜਵਾਬ, ਕਹੀਆਂ ਇਹ ਗੱਲਾਂ

ਚੰਡੀਗੜ੍ਹ: ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ 'ਤੇ 70 ਵਰ੍ਹਿਆਂ ਤੋਂ ਰਾਜ ਕਰਦੀਆਂ ਰਹੀਆਂ ਪਾਰਟੀਆਂ ਦੇ ਆਗੂਆਂ ਨੂੰ ਕਰੜੇ ਹੱਥੀ ਲੈਂਦਿਆਂ ਨਸੀਹਤ ਦਿੱਤੀ ਕਿ ਉਹ ਕੁਦਰਤੀ ਆਫ਼ਤ 'ਤੇ ਸਿਆਸਤ ਨਾ ਕਰਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਘੱਗਰ ਦੀ ਮਾਰ ਹੇਠ ਆਉਂਦੇ ਪਿੰਡਾਂ ਦੀ ਕਦੇ ਸਾਰ ਨਹੀਂ ਲਈ, ਜਿਸ ਕਰਕੇ ਭਾਰੀ ਬਰਸਾਤ ਕਾਰਨ ਉੱਛਲੇ ਘੱਗਰ ਦੇ ਪਾਣੀ ਨੇ ਇਨ੍ਹਾਂ ਪਿੰਡਾਂ ਦਾ ਚੋਖਾ ਨੁਕਸਾਨ ਕੀਤਾ ਹੈ ਪਰ ਇਨ੍ਹਾਂ ਪਿੰਡਾਂ ਦੇ ਲੋਕ ਕਿਸੇ ਵੀ ਤਰ੍ਹਾਂ ਨਾ ਘਬਰਾਉਣ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਮਾਰੇ ਲੋਕਾਂ ਦੀ ਬਾਂਹ ਫੜੀ ਹੈ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਮਾਣਾ ਖੇਤਰ ਦੇ ਇਸ ਨੀਵੇਂ ਇਲਾਕੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਅਗਾਊਂ ਪ੍ਰਬੰਧਾਂ ਤਹਿਤ ਹੜ੍ਹਾਂ ਦਾ ਪਾਣੀ ਕੱਢਣ ਲਈ 40 ਲੱਖ ਰੁਪਏ ਤੋਂ ਵੱਧ ਰਾਸ਼ੀ ਖ਼ਰਚੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੈ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਪੂਰੀ ਵਜ਼ਾਰਤ ਅਤੇ ਵਿਧਾਇਕ ਲੋਕਾਂ ਦਰਮਿਆਨ ਵਿਚਰ ਰਹੇ ਹਨ ਅਤੇ ਲੋਕਾਂ ਦੀ ਸਹਾਇਤਾਂ ਕਰਨ ਲਈ ਹਰ ਹੰਭਲਾ ਮਾਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਮੁਲਜ਼ਮਾਂ ਨੂੰ ਫੜਨ ਗਈ ਪੰਜਾਬ ਪੁਲਸ ਦੀ ਟੀਮ 'ਤੇ ਹੋਈ ਫਾਇਰਿੰਗ, ਡਾਕਾ ਮਾਰਨ ਦੀ ਤਿਆਰੀ 'ਚ ਸਨ ਨੌਜਵਾਨ

ਭਾਜਪਾ ਆਗੂ ਬੀਬੀ ਜੈਇੰਦਰ ਕੌਰ ਨੂੰ ਘੇਰਦਿਆਂ ਜੌੜਾਮਾਜਰਾ ਨੇ ਪੁੱਛਿਆ ਕਿ ਅੱਜ ਬੀਬੀ ਜੈਇੰਦਰ ਕੌਰ ਕਿੱਥੇ ਹਨ, ਉਨ੍ਹਾਂ ਨੂੰ ਅੱਜ ਵੀ ਲੋਕਾਂ ਦੀ ਸਾਰ ਲੈਣੀ ਚਾਹੀਦੀ ਸੀ। ਹਾਲੇ ਤਾਂ ਪਿੰਡਾਂ ਵਿਚੋਂ ਪਾਣੀਆਂ ਉਤਰਿਆ ਨਹੀਂ ਅਤੇ ਲੋਕਾਂ ਨੂੰ ਵੀ ਮਦਦ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਬੀਬੀ ਜੈਇੰਦਰ ਕੌਰ ਸਿਰਫ਼ ਰਾਜਨੀਤੀ ਕਰਨ ਆਈ ਸੀ ਜਦਕਿ ਅੱਜ ਔਖੀ ਘੜੀ ਵਿਚ ਲੋਕਾਂ ਦਾ ਹੱਥ ਫੜਨ ਦਾ ਸਮਾਂ ਹੈ ਨਾ ਕਿ ਸਿਆਸਤ ਚਮਕਾਉਣ ਦਾ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਕੁਦਰਤੀ ਆਫ਼ਤ 'ਤੇ ਮਗਰਮੱਛ ਦੇ ਹੰਝੂ ਨਹੀਂ ਵਹਾਉਣੇ ਚਾਹੀਦੇ, ਸਗੋਂ ਕੁਝ ਕਰਕੇ ਦਿਖਾਉਣਾ ਚਾਹੀਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਮਾਣਾ ਵਿਚ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਕੈਬਨਿਟ ਮੰਤਰੀ ਜੌੜਾਮਾਜਰਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਜੈਇੰਦਰ ਕੌਰ ਦੀ ਕਿਸ਼ਤੀ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ ਸੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਵਾਂਗ ਹੈਲੀਕਾਪਟਰਾਂ 'ਚ ਨਹੀਂ ਬਲਕਿ ਖ਼ੁਦ ਪਾਣੀ ਵਿਚ ਵੜ ਕੇ ਨੰਗੇ ਪੈਰੀਂ ਲੋਕਾਂ ਦੀ ਸਾਰ ਲਈ ਹੈ। ਜੌੜਾਮਾਜਰਾ ਨੇ ਅੱਜ ਖ਼ੁਦ ਹੜ੍ਹ ਪ੍ਰਭਾਵਤ ਪਿੰਡਾਂ ਧਰਮੇੜ੍ਹੀ, ਘਿਉਰਾ, ਧਨੌਰੀ, ਸੱਸਾ, ਸੱਸੀ, ਸੱਸਾ ਥੇਹ, ਹਰੀਪੁਰ ਆਦਿ ਦੇ ਵਸਨੀਕਾਂ ਤੱਕ ਪੀਣ ਵਾਲਾ ਪਾਣੀ, ਰਾਸ਼ਨ, ਘਰੇਲੂ ਵਰਤੋਂ ਦੀਆਂ ਹੋਰ ਵਸਤਾਂ, ਦਵਾਈਆਂ, ਪਸ਼ੂਆਂ ਲਈ ਚਾਰਾ ਆਦਿ ਪਹੁੰਚਾਉਣ ਲਈ ਅਗਵਾਈ ਕੀਤੀ। ਕੈਬਨਿਟ ਮੰਤਰੀ ਜੌੜਾਮਾਜਰਾ ਅਤੇ ਉਨ੍ਹਾਂ ਦੀ ਪੂਰੀ ਟੀਮ ਸੋਮਵਾਰ ਤੋਂ ਹੀ ਹੜ੍ਹ ਪ੍ਰਭਾਵਤ ਪਿੰਡਾਂ ਵਿਚ ਲਗਾਤਾਰ ਸੰਪਰਕ ਸਾਧਦੇ ਹੋਏ ਲੋਕਾਂ ਦੀ ਸਾਰ ਲੈ ਰਹੇ ਹਨ ਤਾਂ ਕਿ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ - Big Breaking: ਤਰਨਤਾਰਨ 'ਚ ਪੁਲਸ ਵੱਲੋਂ ਲੁਟੇਰਿਆਂ ਦਾ ਐਨਕਾਊਂਟਰ, ਇਕ ਲੁਟੇਰੇ ਦੀ ਹੋਈ ਮੌਤ

ਲੋਕ ਸੰਪਰਕ ਮੰਤਰੀ ਜੌੜਾਮਾਜਰਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਮੁਤਾਬਕ ਸੂਬਾ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨ ਲਈ ਨਿਰੰਤਰ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਸਮਾਣਾ ਹਲਕੇ ਦੇ ਲੋਕ ਸਬ ਡਵੀਜ਼ਨ ਸਮਾਣਾ ਦੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01764-221190 'ਤੇ ਵੀ ਸੰਪਰਕ ਕਰ ਸਕਦੇ ਹਨ। ਇਸ ਮੌਕੇ ਹਰਮਿੰਦਰ ਸਿੰਘ ਮਿੰਟੂ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ, ਅਮਰਦੀਪ ਸਿੰਘ ਸੋਨੂ ਥਿੰਦ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

ਮੋਗਾ ਦੇ ਪਿੰਡਾਂ ਸਣੇ ਵੱਖ-ਵੱਖ ਥਾਵਾਂ ਤੋਂ ਰਾਸ਼ਨ ਲੈ ਕੇ ਪੁੱਜੇ ਲੋਕਾਂ ਦੀ ਕੀਤੀ ਸ਼ਲਾਘਾ

ਅੱਜ ਮੋਗਾ ਸਣੇ ਵੱਖ-ਵੱਖ ਥਾਵਾਂ ਤੋਂ ਲੋਕਾਂ ਦੀ ਮਦਦ ਲਈ ਰਾਸ਼ਨ ਅਤੇ ਜ਼ਰੂਰੀ ਵਸਤਾਂ ਦੀਆਂ ਟਰਾਲੀਆਂ ਭਰ ਕੇ ਪੁੱਜੇ ਲੋਕਾਂ ਨੂੰ ਚੇਤਨ ਸਿੰਘ ਜੌੜਾਮਾਜਰਾ ਮਿਲੇ। ਉਨ੍ਹਾਂ ਦਾਨੀ ਸੱਜਣਾਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਔਖੀ ਘੜੀ ਵਿੱਚ ਲੋਕਾਂ ਦੀ ਵੱਧ-ਚੜ੍ਹ ਕੇ ਮਦਦ ਕਰਨ।

ਇਹ ਖ਼ਬਰ ਵੀ ਪੜ੍ਹੋ - ਹੜ੍ਹ ਦੀ ਮਾਰ ਵਿਚਾਲੇ ਮਹਿੰਗਾਈ ਦਾ ਝਟਕਾ, ਸਰਕਾਰ ਨੇ ਵਧਾਈ ਡੀਜ਼ਲ ਦੀ ਕੀਮਤ

ਹੜ੍ਹਾਂ ਦੀ ਲਪੇਟ 'ਚ ਆਏ ਸੱਸਾ ਗੁੱਜਰਾਂ ਦੇ ਵਸਨੀਕ ਕੇ ਸਸਕਾਰ ਵਿਚ ਹੋਏ ਸ਼ਾਮਲ

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਹੜ੍ਹ ਦੀ ਲਪੇਟ ਵਿੱਚ ਆਏ ਪਿੰਡ ਸੱਸਾਂ ਗੁੱਜਰਾਂ ਦੇ ਭਗਵਾਨ ਦਾਸ ਦੇ ਅੰਤਮ ਸਸਕਾਰ ਵਿੱਚ ਵੀ ਸ਼ਾਮਲ ਹੋਏ। ਭਗਵਾਨ ਦਾਸ (30) ਹੜ੍ਹਾਂ ਦੇ ਪਾਣੀ ਵਿੱਚ ਰੁੜ੍ਹ ਗਿਆ ਸੀ ਜਿਸ ਦੀ ਮ੍ਰਿਤਕ ਦੇਹ ਅੱਜ ਬਰਾਮਦ ਹੋਈ ਹੈ। ਕੈਬਨਿਟ ਮੰਤਰੀ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਇਸ ਦੁਖੀ ਦੀ ਘੜੀ ਵਿੱਚ ਪਰਿਵਾਰ ਨਾਲ ਖੜ੍ਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ  ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News