ਮੰਤਰੀ ਜੌੜਾਮਾਜਰਾ ਵਲੋਂ ਅਚਨਚੇਤ ਰਜਿੰਦਰਾ ਹਸਪਤਾਲ ਤੇ ਮਾਤਾ ਕੌਸ਼ਲਿਆ ਹਸਪਤਾਲ ਦੀ ਚੈਕਿੰਗ

07/18/2022 3:53:54 PM

ਪਟਿਆਲਾ (ਪਰਮੀਤ) : ਪੰਜਾਬ ਦੇ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸਵੇਰੇ 8 ਵਜੇ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਚੈਕਿੰਗ ਲਈ ਪਹੁੰਚ ਗਏ। ਉਨ੍ਹਾਂ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿਚ ਜਾ ਕੇ ਮਰੀਜ਼ਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਵਿਚ ਡਾਕਟਰਾਂ ਤੇ ਹੋਰ ਮੁਲਾਜ਼ਮਾਂ ਦੇ ਹਾਜ਼ਰੀ ਰਜਿਸਟਰ ਵੀ ਚੈੱਕ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਹਸਪਤਾਲ ਵਿਚ ਉਪਲੱਬਧ ਦਵਾਈਆਂ ਬਾਰੇ ਜਾਣਕਾਰੀ ਸਟਾਫ ਤੋਂ ਲਈ। ਉਨ੍ਹਾਂ ਸਟਾਫ ਨਾਲ ਸੰਖੇਪ ਮੀਟਿੰਗ ਵੀ ਕੀਤੀ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿਚ ਸਾਫ ਸਫਾਈ ਦਾ ਖਿਆਲ ਰੱਖਿਆ ਜਾਵੇ ਅਤੇ ਮਰੀਜ਼ਾਂ ਨੂੰ ਚੰਗੀਆਂ ਮਿਆਰੀ ਸਹੂਲਤਾਂ ਦਿੱਤੀਆਂ ਜਾਣ। ਇਸ ਮਗਰੋਂ ਮੰਤਰੀ ਮਾਤਾ ਕੌਸ਼ਲਿਆ ਹਸਪਤਾਲ ਪਹੁੰਚ ਗਏ, ਜਿਥੇ ਹਸਪਤਾਲ ਵਿਚ ਮਹਿਲਾ ਮੈਡੀਕਲ ਸੁਪਰਡੈਂਟ ਦਫ਼ਤਰ ਵਿਚ ਮੌਜੂਦ ਨਾ ਹੋਣ ’ਤੇ ਭੜਕ ਉਠੇ। 

ਉਨ੍ਹਾਂ ਨੇ ਸਾਰੇ ਸਟਾਫ ਦੇ ਹਾਜ਼ਰੀ ਰਜਿਸਟਰ ਚੈੱਕ ਕੀਤੇ ਤੇ ਸਾਰੇ ਸਟਾਫ ਨੂੰ ਤਾੜਨਾ ਕੀਤੀ ਕਿ ਸਾਰੇ ਸਮੇਂ ਸਿਰ ਆਉਣਾ ਅਤੇ ਮਰੀਜ਼ਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਸਹੂਲਤਾਂ ਉਪਲੱਬਧ ਕਰਵਾਉਣਾ ਯਕੀਨੀ ਬਣਾਉਣ। ਮੰਤਰੀ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿਚ ਜਾ ਕੇ ਸੇਵਾਵਾਂ ਦਾ ਜਾਇਜ਼ਾ ਵੀ ਲਿਆ। ਇਸ ਮਗਰੋਂ ਮੰਤਰੀ ਮਾਤਾ ਕੌਸ਼ਲਿਆ ਹਸਪਤਾਲ ਕੰਪਲੈਕਸ ਵਿਚ ਹੀ ਮੌਜੂਦ ਸਿਵਲ ਸਰਜਨ ਦੇ ਦਫ਼ਤਰ ਪਹੁੰਚ ਗਏ, ਜਿਥੇ ਉਨ੍ਹਾਂ ਨੇ ਸਿਵਲ ਸਰਜਨ ਡਾ. ਐੱਸ. ਰਾਜੂ ਧੀਰ ਨਾਲ ਮੀਟਿੰਗ ਵੀ ਕੀਤੀ। ਇਸ ਮਗਰੋਂ ਲਗਭਗ ਸਵਾ 9 ਵਜੇ ਮੰਤਰੀ ਬਿਨਾਂ ਮੀਡੀਆ ਨਾਲ ਗੱਲਬਾਤ ਕੀਤੇ ਚੰਡੀਗੜ੍ਹ ਲਈ ਰਵਾਨਾ ਹੋ ਗਏ।

ਮੰਤਰੀ ਦੇ ਜਾਣ ਤੋਂ ਬਾਅਦ ਮੌਕੇ ’ਤੇ ਪੁੱਜੇ ‘ਆਪ’ ਆਗੂਆਂ ਨੇ ਦੱਸਿਆ ਕਿ ਮੰਤਰੀ ਨੇ ਰਜਿੰਦਰਾ ਹਸਪਤਾਲ ਵਿਚ ਬਲੱਡ ਬੈਂਕ ਦਾ ਦੌਰਾ ਕੀਤਾ ਤੇ ਖੂਨਦਾਨੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਕਿਉਂਕਿ ਮੰਤਰੀ ਨੇ ਰਾਸ਼ਟਰਪਤੀ ਦੀ ਚੋਣ ਵਿਚ ਵੋਟ ਪਾਉਣ ਲਈ 10 ਵਜੇ ਵਿਧਾਨ ਸਭਾ ਪਹੁੰਚਣਾ ਸੀ, ਇਸ ਲਈ ਉਹ ਜਲਦੀ ਵਿਚ ਹੀ ਰਵਾਨਾ ਹੋ ਗਏ ਹਨ। ਇਨ੍ਹਾਂ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਕਿ ਮੰਤਰੀ ਵਲੋਂ ਹਸਪਤਾਲਾਂ ਦੀ ਹਫਤਾਵਾਰੀ ਚੈਕਿੰਗ ਕੀਤੀ ਜਾਇਆ ਕਰੇਗੀ ਤਾਂ ਜੋ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਸਸਤੀਆਂ ਤੇ ਮਿਆਰੀ ਇਲਾਜ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਮੰਤਰੀ ਸਾਹਬ ਮੀਟਿੰਗ ’ਚ ਹਨ
ਇਸ ਮਾਮਲੇ ਵਿਚ ਜਦੋਂ ਮੰਤਰੀ ਜੌੜਾਮਾਜਰਾ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਸਟਾਫ ਨੇ ਕਿਹਾ ਕਿ ਮੰਤਰੀ ਸਾਹਬ ਦੀਆਂ ਮੀਟਿੰਗਾਂ ਚੱਲ ਰਹੀਆਂ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਮੈਡੀਕਲ ਸੁਪਰਡੈਂਟ ਗੈਰ-ਹਾਜ਼ਰ ਪਾਈ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫੇਰ ਗੱਲ ਕਰਾਂਗੇ।


Gurminder Singh

Content Editor

Related News