ਕੈਮਿਸਟਾਂ ਦੀ ਹੜਤਾਲ ਨੂੰ ਰਲਵਾਂ-ਮਿਲਵਾਂ ਹੁੰਗਾਰਾ, ਮੇਨ ਹੋਲਸੇਲ ਮਾਰਕੀਟ ਰਹੀ ਬੰਦ
Tuesday, Jul 31, 2018 - 05:20 AM (IST)

ਪਟਿਆਲਾ, (ਪਰਮੀਤ)- ਸ਼ਹਿਰ ਵਿਚ ਕੈਮਿਸਟਾਂ ਦੀ ਹਡ਼ਤਾਲ ਨੂੰ ਅੱਜ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਸ਼ਹਿਰ ਦੀ ਮੇਨ ਹੋਲਸੇਲ ਇੰਦਰਾ ਮਾਰਕੀਟ ਮੁਕੰਮਲ ਬੰਦ ਰਹੀ। ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਕਈ ਥਾਈਂ ਦੁਕਾਨਾਂ ਖੁੱਲ੍ਹੀਆਂ ਦੇਖਣ ਨੂੰ ਮਿਲੀਆਂ। ਭਾਦਸੋਂ ਰੋਡ, ਤ੍ਰਿਪਡ਼ੀ ਤੇ ਬਾਹਰਵਾਰ ਪੈਂਦੇ ਹੋਰ ਇਲਾਕਿਆਂ ਜੋ ਕਿ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਵਿਚ ਪੈਂਦੇ ਹਨ, ਵਿਚ ਕੈਮਿਸਟਾਂ ਦੀਆਂ ਦੁਕਾਨਾਂ ਤਕਰੀਬਨ ਬੰਦ ਵੇਖਣ ਨੂੰ ਮਿਲੀਆਂ। ਇਸ ਦੌਰਾਨ ਹੀ ਕੈਮਿਸਟ ਐਸੋਸੀਏਸ਼ਨ ਦੇ ਪ੍ਰਤੀਨਿਧਾਂ ਵੱਲੋਂ ਆਪਣੇ ਮਸਲਿਆਂ ਨੂੰ ਲੈ ਕੇ ਇਕ ਮੰਗ-ਪੱਤਰ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੇ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੂੰ ਸੌਂਪਿਆ ਗਿਆ। ਇਸ ਮੌਕੇ ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਢਿੱਲੋਂ ਪ੍ਰਧਾਨ, ਸਾਬਕਾ ਕੌਂਸਲਰ ਸੰਦੀਪ ਸੰਧੂ ਤੇ ਜ਼ਿਲਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ, ਮਹੇਸ਼ਇੰਦਰਜੀਤ ਸਿੰਘ ਜਨਰਲ ਸਕੱਤਰ, ਹੋਲਸੇਲ ਐਸੋਸੀਏਸ਼ਨ ਤੋਂ ਰਮੇਸ਼ ਸਿੰਗਲਾ ਪ੍ਰਧਾਨ, ਸ਼੍ਰ੍ਰੀ ਸੇਠੀ, ਕੁੰਦਨ ਗੋਗੀਆ ਤੇ ਹੋਰ ਆਗੂ ਹਾਜ਼ਰ ਸਨ।
ਰਾਜਿੰਦਰਾ ਹਸਪਤਾਲ ਦੇ ਬਾਹਰ ਮਰੀਜ਼ ਹੋਏ ਖੱਜਲ-ਖੁਆਰ
ਸ਼ਹਿਰ ਵਿਚ ਇਸ ਖੇਤਰ ਦੇ ਸਭ ਤੋਂ ਵੱਡੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਾਹਰ ਸਥਿਤ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਰਹੀਆਂ ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਮਰੀਜ਼ਾਂ ਦੇ ਰਿਸ਼ਤੇਦਾਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਖੁੱਲ੍ਹੀਆਂ ਦੁਕਾਨਾਂ ਲਭਦੇ ਨਜ਼ਰ ਆਏ ਤਾਂ ਕਿ ਡਾਕਟਰਾਂ ਵੱਲੋਂ ਲਿਖੀਆਂ ਦਵਾਈਆਂ ਲੈ ਕੇ ਆਪਣੇ ਮਰੀਜ਼ਾਂ ਦਾ ਸਹੀ ਇਲਾਜ ਕਰਵਾ ਸਕਣ।
ਲੱਖਾਂ ਦਾ ਹੋਇਆ ਨੁਕਸਾਨ
ਸ਼ਹਿਰ ਵਿਚ ਅੱਜ ‘ਬੰਦ’ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।
ਇਕ ਅੰਦਾਜ਼ੇ ਮੁਤਾਬਕ 20 ਲੱਖ ਤੋਂ ਜ਼ਿਆਦਾ ਦੀਆਂ ਦਵਾਈਆਂ ਦੀ ਵਿਕਰੀ ਰੋਜ਼ਾਨਾ ਰਿਟੇਲ ਵਿਚ ਹੁੰਦੀ ਹੈ, ਜੋ ‘ਬੰਦ’ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਲਾਲੀ ਗਰੁੱਪ ਨੇ ਕੀਤਾ ‘ਬੰਦ’ ਅਸਫਲ ਹੋਣ ਦਾ ਦਾਅਵਾ
®ਇਸ ਦੌਰਾਨ ਜ਼ਿਲਾ ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਲਾਲੀ ਨੇ ਦਾਅਵਾ ਕੀਤਾ ਕਿ ‘ਬੰਦ’ ਪਟਿਆਲਾ ਵਿਚ ਪੂਰੀ ਤਰ੍ਹਾਂ ਬੇਅਸਰ ਰਿਹਾ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਰਿਟੇਲ ਸੇਲ ਕੈਮਿਸਟ ਦੀਆਂ ਦਵਾਈਆਂ ਦੀ ਸਾਰੀਆਂ ਦੁਕਾਨਾਂ ਸਵੇਰ ਤੋਂ ਖੁੱਲ੍ਹੀਆਂ ਰਹੀਆਂ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਸੀਂ ਮੌਕੇ ’ਤੇ ਇਸ ਨੂੰ ਅਸਫਲ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਮਰੀਜ਼ਾਂ ਤੇ ਹੋਰ ਬੀਮਾਰਾਂ ਦੇ ਰਿਸ਼ਤੇਦਾਰਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਆਪਣਾ ਕੰਮ ਸ਼ਾਂਤੀ ਨਾਲ ਕੀਤਾ। ਉਨ੍ਹਾਂ ਦੱਸਿਆ ਕਿ ਸਾਨੂੰ ਡਰੱਗ ਪ੍ਰਸ਼ਾਸਨ, ਪੁਲਸ ਪ੍ਰਸ਼ਾਸਨ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਈ ਪਰੇਸ਼ਾਨੀ ਨਹੀਂ ਆਈ। ਇਸ ਲਈ ‘ਬੰਦ’ ਦੀ ਹਮਾਇਤ ਅਸੀਂ ਨਹੀਂ ਕੀਤੀ। ਇਸ ਮੌਕੇ ਸੁਰਿੰਦਰ ਜੈਨ, ਪਰਵੀਨ ਸਿੰਗਲਾ, ਪਰਦੀਪ ਗਰਗ, ਤੇਜਪਾਲ ਸਿੰਗਲਾ, ਸਤੀਸ਼ ਖੰਨਾ, ਗੌਤਮ ਗੈਟਵੈਲ, ਸੁਰਜੀਤ ਕਾਲਡ਼ਾ, ਹਰਵਿੰਦਰ ਗਲੈਡੀ ਤੇ ਹੋਰ ਮੈਂਬਰ ਹਾਜ਼ਰ ਸਨ।
ਪੁਲਸੀਆ ਕਾਰਵਾਈ ਨਾ ਰੋਕਣ ’ਤੇ ਅਣਮਿਥੇ ਸਮੇਂ ਲਈ ਹੜਤਾਲ ’ਤੇ ਜਾਣਗੇ ਕੈਮਿਸਟ
ਸਮਾਣਾ, (ਅਨੇਜਾ, ਦਰਦ)-ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਦਿੱਤੇ ਗਏ ‘ਬੰਦ’ ਦੇ ਸੱਦੇ ’ਤੇ ਸਮਾਣਾ ਕੈਮਿਸਟ ਐਸੋਸੀਏਸ਼ਨ ਵੱਲੋਂ ਆਪਣੀਆਂ ਦੁਕਾਨਾਂ ਸਾਰਾ ਦਿਨ ਬੰਦ ਰੱਖੀਆਂ ਗਈਆਂ। ਪੰਜਾਬ ਸਰਕਾਰ ਦੇ ਨਾਂ ਤਹਿਸੀਲਦਾਰ ਨੂੰ ਮੰਗ-ਪੱਤਰ ਦਿੱਤਾ ਗਿਆ। ਉਨ੍ਹਾਂ ਤਹਿਸੀਲਦਾਰ ਨਾਲ ਮੀਟਿੰਗ ਕਰ ਕੇ ਆਪਣੀ ਸਮੱਸਿਆਵਾਂ ਵਿਸਥਾਰ ’ਚ ਦੱਸੀਆਂ। ਮੰਗ-ਪੱਤਰ ਦੇਣ ਉਪਰੰਤ ਕੈਮਿਸਟ ਐਸੋਸੀਏਸ਼ਨ ਆਗੂਆਂ ਨੇ ਤਹਿਸੀਲਦਾਰ ਨਾਲ ਮੀਟਿੰਗ ਕਰ ਕੇ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਸਬੰਧੀ ਮੁਹਿੰਮ ਵਿੱਢੀ ਗਈ ਹੈ। ਇਸ ਤਹਿਤ ਕੈਮਿਸਟਾਂ ਨੂੰ ਹੀ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦਵਾਈ ਵਿਕਰੇਤਾਵਾਂ ਦੀਆਂ ਦੁਕਾਨਾਂ ’ਤੇ ਚੈਕਿੰਗ ਕਰਨ ਲਈ ਵਿਸ਼ੇਸ਼ ਤੌਰ ’ਤੇ ਪੰਜਾਬ ਪੁਲਸ ਨੂੰ ਭੇਜਿਆ ਜਾ ਰਿਹਾ ਹੈ। ਜਦੋਂ ਪੁਲਸ ਕਿਸੇ ਦਵਾਈ ਵਿਕਰੇਤਾ ਦੀ ਦੁਕਾਨ ’ਤੇ ਚੈਕਿੰਗ ਲਈ ਦਾਖਲ ਹੁੰਦੀ ਹੈ ਤਾਂ ਆਸ-ਪਾਸ ਦੇ ਲੋਕ ਉਸ ਦੁਕਾਨਦਾਰ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ ਕਿ ਇਹ ਜ਼ਰੂਰ ਨਸ਼ੇ ਦੀ ਦਵਾਈ ਵੇਚਦਾ ਹੋਵੇਗਾ। ਇਸ ਕਾਰਨ ਦੁਕਾਨਦਾਰਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਪੁਲਸ ਵੱਲੋਂ ਕੀਤੀਅਾਂ ਜਾ ਰਹੀਆਂ ਕਾਰਵਾਈਆਂ ਨਾ ਰੋਕੀਆਂ ਗਈਆਂ ਤਾਂ ਪੰਜਾਬ ਦੇ ਸਮੂਹ ਕੈਮਿਸਟ ਅਣਮਿਥੇ ਸਮੇਂ ਲਈ ਹੜਤਾਲ ’ਤੇ ਚਲੇ ਜਾਣਗੇ।
ਇਸ ਮੌਕੇ ਜ਼ਿਲਾ ਪਟਿਆਲਾ ਕੈਮਿਸਟ ਐਸਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ, ਧਰਮਿੰਦਰ ਗੋਇਲ, ਨਰਿੰਦਰ ਸਿੰਘ ਵਾਲੀਆ, ਸੰਦੀਪ ਕੁਮਾਰ, ਸ਼ਸ਼ੀ ਡੁਡੇਜਾ, ਪ੍ਰੈੈੱਸ ਸਕੱਤਰ ਭੀਮਸੈਨ ਲੂਥਰਾ, ਡਾ. ਮਨੋਹਰ ਲਾਲ ਗੁਪਤਾ, ਡਾ. ਸੁਰੇਸ਼ ਜੈਨ ਅਤੇ ਹੋਰ ਮੌਜੂਦ ਸਨ।
‘ਪੁਲਸ ਦੀ ਦਖਲਅੰਦਾਜ਼ੀ ਬੇਬੁਨਿਆਦ, ਕੋਈ ਕੈਮਿਸਟ ਨਹੀਂ ਵੇਚਦਾ ਨਸ਼ਾ’
ਨਾਭਾ, (ਜਗਨਾਰ, ਭੂਪਾ, ਪੁਰੀ)-ਨਾਭਾ ਕੈਮਿਸਟ ਐਸੋਸੀਏਸ਼ਨ ਨਾਭਾ ਅਤੇ ਨਾਭਾ ਵਪਾਰ ਮੰਡਲ ਦੇ ਸਹਿਯੋਗ ਨਾਲ ਸੂਬਾ ਪੱਧਰੀ ਕਮੇਟੀ ਦੇ ਸੱਦੇ ਤਹਿਤ ਅੱਜ ਸਥਾਨਕ ਕੈਮਿਸਟਾਂ ਵੱਲੋਂ ਹਡ਼ਤਾਲ ਕੀਤੀ ਗਈ। ਐਸੋਸੀਏਸ਼ਨ ਵੱਲੋਂ ਸਾਰੀਆਂ ਦੁਕਾਨਾਂ ਪੂਰਨ ਤੌਰ ’ਤੇ ਬੰਦ ਰੱਖ ਕੇ ਪਟਿਆਲਾ ਗੇਟ ਵਿਖੇ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਕੈਮਿਸਟਾਂ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਗਿਆ। ਪ੍ਰਧਾਨ ਸਲੀਮ ਮੁਹੰਮਦ ਨੇ ਕਿਹਾ ਕਿ ਸਰਕਾਰ ਵੱਲੋਂ ਕੈਮਿਸਟਾਂ ਦੀਆਂ ਦੁਕਾਨਾਂ ’ਤੇ ਨਸ਼ੇ ਸਬੰਧੀ ਪੁਲਸ ਵੱਲੋਂ ਬੇਬੁਨਿਆਦ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਅੱਜ ਦੇ ਸਮੇਂ ਵਿਚ ਕੋਈ ਵੀ ਕੈਮਿਸਟ ਨਸ਼ਾ ਨਹੀਂ ਵੇਚਦਾ। ਬਿਨਾਂ ਵਜ੍ਹਾ ਸਾਰੇ ਕਾਨੂੰਨ ਕੈਮਿਸਟ ਦੁਕਾਨਦਾਰ ’ਤੇ ਠੋਸੇ ਜਾ ਰਹੇ ਹਨ। ਆਨ-ਲਾਈਨ ਦਵਾਈਆਂ ਪ੍ਰਤੀ ਵੀ ਕੈਮਿਸਟਾਂ ’ਚ ਜ਼ਬਰਦਸਤ ਰੋਸ ਹੈ।
ਇਸ ਦੌਰਾਨ ਨਾਭਾ ਕੈਮਿਸਟ ਐਸੋੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਾਲਾ ਰਾਮ ਕਾਂਸਲ ਐੈੱਸ. ਡੀ. ਐੈੱਮ. ਅਤੇ ਡੀ. ਐੈੱਸ. ਪੀ. ਦਵਿੰਦਰ ਅਤਰੀ ਨੂੰ ਸੂਬਾ ਸਰਕਾਰ ਦੇ ਨਾਲ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸਲੀਮ ਮੁਹੰਮਦ, ਸੋਮਨਾਥ ਢੱਲ ਪ੍ਰਧਾਨ ਵਪਾਰ ਮੰਡਲ, ਸੁਭਾਸ਼ ਸਹਿਗਲ, ਅਵਤਾਰ ਸਿੰਘ ਸ਼ੇਰਗਿੱਲ, ਨਰੇਸ਼ ਕੁਮਾਰ, ਜਨਰਲ ਸੈਕਟਰੀ ਰਾਜੀਵ ਮਿੱਤਲ, ਪ੍ਰੈੈੱਸ ਸੈਕਟਰੀ ਗੁਰਮੀਤ ਸਿੰਘ ਬੱਗਾ, ਬਲਵਿੰਦਰ ਸਿੰਘ, ਨਰਿੰਦਰ ਢੀਂਗਰਾ, ਦਿਨੇਸ਼ ਬਾਂਸਲ, ਅਮਿਤ ਅਰੋਡ਼ਾ ਤੇ ਜਿੰਮੀ ਵਰਮਾ ਆਦਿ ਮੌਜੂਦ ਸਨ।