ਆਮ ਆਦਮੀ ਦਾ ਭੇਸ ਬਣਾ ਕੇ ਵੀ. ਸੀ. ਨੇ ਕੀਤੀ ਦੇਰ ਸ਼ਾਮ ਅਚਨਚੇਤ ਕੈਂਪਸ ਦੀ ਚੈਕਿੰਗ
Thursday, Aug 24, 2017 - 08:04 AM (IST)
ਪਟਿਆਲਾ (ਜੋਸਨ) - ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਵਿਦਿਆਰਥਣਾਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਬੀਤੀ ਸ਼ਾਮ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ-ਪੜਤਾਲ ਕਰਨ ਲਈ ਇਕ ਆਮ ਆਦਮੀ ਦੇ ਭੇਸ ਵਿਚ ਸੁਰੱਖਿਆ ਅਫਸਰ ਕੈਂਪ. ਗੁਰਤੇਜ ਸਿੰਘ ਨੂੰ ਨਾਲ ਲੈ ਕੇ ਕੈਂਪਸ ਦੀ ਚੈਕਿੰਗ ਕੀਤੀ। ਉਨ੍ਹਾਂ ਨੇ ਸੁਰੱਖਿਆ ਅਧਿਕਾਰੀ ਨੂੰ ਜਿਨ੍ਹਾਂ ਰਾਹਾਂ 'ਤੇ ਵਿਦਿਆਰਥਣਾਂ ਦਾ ਆਉਣਾ-ਜਾਣਾ ਜ਼ਿਆਦਾ ਹੁੰਦਾ ਹੈ, ਉਥੇ ਵੱਧ ਤੋਂ ਵੱਧ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ ਦੀ ਹਦਾਇਤ ਕੀਤੀ।
ਉਨ੍ਹਾਂ 15 ਅਜਿਹੇ ਰਸਤਿਆਂ ਦੀ ਪਛਾਣ ਕੀਤੀ ਜਿਥੇ ਵੱਧ ਤੋਂ ਵੱਧ ਸੁਰੱਖਿਆ ਪ੍ਰਬੰਧਾਂ ਦੀ ਲੋੜ ਹੈ। ਸੁਰੱਖਿਆ ਅਧਿਕਾਰੀ ਨੇ ਵਾਈਸ-ਚਾਂਸਲਰ ਦੇ ਧਿਆਨ ਵਿਚ ਲਿਆਂਦਾ ਕਿ ਇਨ੍ਹਾਂ ਰਸਤਿਆਂ ਦੀਆਂ 50 ਥਾਵਾਂ ਈ-ਸਰਵੇਲੈਂਸ ਅਧੀਨ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹਨ। ਡਾ. ਘੁੰਮਣ ਨੇ ਇਸ ਮੌਕੇ ਕੈਂਪਸ ਵਿਖੇ 'ਵੁਮੈਨ ਹੈਲਪਲਾਈਨ ਮੋਬਾਈਲ ਪਟਰੋਲ' ਦਾ ਮੁਆਇਨਾ ਕੀਤਾ। ਉਨ੍ਹਾਂ ਕੈਪ. ਗੁਰਤੇਜ ਸਿੰਘ ਨੂੰ ਸ਼ਾਮ ਨੂੰ ਅਤੇ ਵਿਅਸਤ ਸਮੇਂ ਤੇ ਸੁਰੱਖਿਆ ਪ੍ਰਬੰਧ ਹੋਰ ਸਖਤ ਕੀਤੇ ਜਾਣ ਦੇ ਆਦੇਸ਼ ਦਿੱਤੇ। ਵਾਈਸ-ਚਾਂਸਲਰ ਨੇ ਐੱਸ. ਡੀ. ਓ. (ਹਾਰਟੀਕਲਚਰ) ਨੂੰ ਵਿਸ਼ੇਸ਼ ਕਰ ਕੇ ਮੇਨ ਗੇਟ ਅਤੇ ਸੜਕਾਂ 'ਤੇ ਹੋਰ ਬੂਟੇ, ਦਵਾਈਆਂ ਵਾਲੇ ਪੌਦੇ, ਫੁੱਲਾਂ ਵਾਲੇ ਦਰੱਖਤ ਲਾਉਣ ਦੇ ਨਿਰਦੇਸ਼ ਦਿੱਤੇ ਤਾਂ ਕਿ ਯੂਨੀਵਰਸਿਟੀ ਵਿਖੇ ਆਉਣ ਵਾਲਿਆਂ ਨੂੰ ਕੈਂਪਸ ਦਾ ਆਲਾ-ਦੁਆਲਾ ਖੂਬਸੂਰਤ ਨਜ਼ਰ ਆਵੇ। ਇਸ ਮੌਕੇ ਉਨ੍ਹਾਂ ਬਿਜਲੀ ਵਿੰਗ ਇੰਚਾਰਜ ਨੂੰ ਲਟਕਦੀਆਂ ਕੇਬਲ ਤਾਰਾਂ ਨੂੰ ਦੁਬਾਰਾ ਪਾਉਣ ਅਤੇ ਕੈਂਪਸ ਦੀਆਂ ਸਾਰੀਆਂ ਸੜਕਾਂ 'ਤੇ ਰੌਸ਼ਨੀ ਦੇ ਪ੍ਰਬੰਧਾਂ ਵਿੱਚ ਸੁਧਾਰ ਲਿਆਉਣ ਦੇ ਆਦੇਸ਼ ਦਿੱਤੇ।
