ਡਾਲਰ ਬਦਲਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ, ਲਿਫ਼ਾਫਾ ਖੋਲ੍ਹਿਆ ਤਾਂ ਨਿਕਲਿਆ ਸਾਬਣ

Tuesday, Nov 08, 2022 - 02:05 AM (IST)

ਲੁਧਿਆਣਾ (ਤਰੁਣ) : ਨੌਸਰਬਾਜ਼ ਨੇ ਜਲੰਧਰ ਦੇ ਦੁਕਾਨਦਾਰ ਨੂੰ ਡਾਲਰ ਬਦਲਾਉਣ ਦਾ ਝਾਂਸਾ ਦੇ ਕੇ  3 ਲੱਖ ਦਾ ਚੂਨਾ ਲਗਾ ਦਿੱਤਾ। ਵਾਰਦਾਤ ਸੇਖੇਵਾਲ ਰੋਡ ਕੋਲ ਕੀਤੀ ਹੈ।ਪੀੜਤ ਨੇ ਥਾਣਾ ਦਰੇਸੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।

ਪੀੜਤ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ ਜਲੰਧਰ ’ਚ ਸਪੋਰਟਸ ਦੇ ਸਾਮਾਨ ਦੀ ਦੁਕਾਨ ਹੈ। ਬੀਤੇ ਦਿਨੀਂ ਉਹ ਦੀਪਕ ਸਿਨੇਮਾ ਰੋਡ ਸਥਿਤ ਕਿਸੇ ਦੁਕਾਨਦਾਰ ਤੋਂ ਪੈਸੇ ਲੈਣ ਆਇਆ ਸੀ, ਜਿੱਥੇ ਉਸ ਦੀ ਮੁਲਾਕਾਤ ਉਕਤ ਨੌਸਰਬਾਜ਼ ਨਾਲ ਹੋਈ। ਉਸ ਨੇ ਦੱਸਿਆ ਕਿ ਉਸ ਕੋਲ 5 ਹਜ਼ਾਰ ਡਾਲਰ ਤੋਂ ਜ਼ਿਆਦਾ ਦੀ ਨਕਦੀ ਹੈ, ਉਹ ਕਿਸੇ ਨੂੰ ਜਾਣਦਾ ਨਹੀਂ ਹੈ। ਉਹ ਉਸ ਨੂੰ ਸਾਰੇ ਡਾਲਰ 3 ਲੱਖ ਰੁਪਏ ਦੇ ਬਦਲੇ ਦੇ ਦੇਵੇਗਾ। 

ਇਹ ਖ਼ਬਰ ਵੀ ਪੜ੍ਹੋ - ਮਾਪਿਆਂ ਦੇ ਬਾਜ਼ਾਰ ਜਾਣ ਤੋਂ ਬਾਅਦ ਬੱਚੇ ਨੇ ਮਾਂ ਦੇ ਕਪੜੇ ਪਾ ਕੇ ਚੁੱਕਿਆ ਖੌਫ਼ਨਾਕ ਕਦਮ

ਸੋਮਵਾਰ ਨੂੰ ਰਾਜ ਕੁਮਾਰ ਜਲੰਧਰ ਤੋਂ ਲੁਧਿਆਣਾ ਪੁੱਜਾ, ਜਿੱਥੇ ਨੌਸਰਬਾਜ਼ ਨੇ ਉਸ ਨੂੰ ਸੇਖੇਵਾਲ ਰੋਡ ਸਥਿਤ ਇਕ ਧਾਰਮਿਕ ਸਥਾਨ ’ਤੇ ਬੁਲਾਇਆ, ਜਿੱਥੇ ਉਸ ਨੂੰ ਡਾਲਰ ਵਾਲਾ ਲਿਫਾਫਾ ਦਿੱਤਾ ਅਤੇ 3 ਲੱਖ ਦੀ ਨਕਦੀ ਲੈ ਕੇ ਕਾਰ ਤੋਂ ਉੱਤਰ ਗਿਆ।

ਜਦੋਂ ਉਨ੍ਹਾਂ ਨੇ ਡਾਲਰ ਵਾਲਾ ਲਿਫਾਫਾ ਖੋਲ੍ਹਿਆ ਤਾਂ ਉਸ 'ਚੋਂ 3 ਰੁਮਾਲਾਂ ਵਾਲਾ ਪੈਕੇਟ ਨਿਕਲਿਆ। ਇਕ-ਇਕ ਕਰ ਕੇ ਉਨ੍ਹਾਂ ਨੇ ਰੁਮਾਲ ਖੋਲ੍ਹੇ ਤਾਂ ਕੱਪੜੇ ਧੋਣ ਵਾਲਾ ਸਾਬਣ ਨਿਕਲਿਆ। ਉਹ ਦੌੜ ਕੇ ਨੌਸਰਬਾਜ਼ ਦੇ ਪਿੱਛੇ ਭੱਜੇ ਪਰ ਉਦੋਂ ਤੱਕ ਨੌਸਰਬਾਜ਼ ਫਰਾਰ ਹੋ ਚੁੱਕਾ ਸੀ। ਥਾਣਾ ਦਰੇਸੀ ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News